ਐਸ.ਏ.ਐਸ ਨਗਰ 8 ਜੂਨ : ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਕੱਢਣ ਲਈ ਫ਼ਸਲ ਦਾ ਸਹੀ ਮੁੱਲ ਦੇਣਾ ਅਤਿ ਜ਼ਰੂਰੀ ਹੈ। ਫ਼ਸਲੀ ਚੱਕਰ ਵਿਚੋਂ ਨਿਕਲ ਕੇ ਕਿਸਾਨ ਆਪਣੀ ਆਰਥਿਕ ਸਥਿਤੀ ਨੂੰ ਹੋਰ ਵੀ ਬਿਹਤਰ ਕਰ ਸਕਦੇ ਹਨ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇੰਡੀਅਨ ਸਕੂਲ ਆਫ ਬਿਜ਼ਨਸ ਵਿਖੇ ਫ਼ਸਲੀ ਵਿਭਿੰਨਤਾ ਵਿਸ਼ੇ ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਕਿਸਾਨਾਂ ਦਾ ਖੁਸ਼ਹਾਲ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਕਿਸਾਨ ਖੁਸ਼ਹਾਲ ਹੋਣਗੇ ਤਾਂ ਪੰਜਾਬ ਅਤੇ ਸਾਡਾ ਦੇਸ਼ ਖੁਦ ਖੁਸ਼ਹਾਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਫਸਲੀ ਵਿਭਿੰਨਤਾ ਅਪਣਾਉਣਾ ਜ਼ਰੂਰੀ ਹੈ। ਫ਼ਸਲੀ ਵਿਭਿੰਨਤਾ ਅਪਣਾਉਣ ਦੇ ਲਈ ਸਾਨੂੰ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਹੋਵੇਗਾ ਕਿ ਜੇਕਰ ਉਹ ਫ਼ਸਲੀ ਵਿਭਿੰਨਤਾ ਅਪਣਾ ਕਿ ਦੂਸਰੀਆਂ ਫਸਲਾਂ ਬੀਜਦੇ ਹਨ ਤਾਂ ਉਸ ਨੂੰ ਆਪਣੇ ਝਾੜ ਦਾ ਵਾਧੂ ਮੁੱਲ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਐਮ.ਐਸ.ਪੀ ਬਹੁਤ ਜ਼ਰੂਰੀ ਹੈ ਅਤੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਦੇ ਲਈ ਸਾਨੂੰ ਵੱਧ ਤੋਂ ਵੱਧ ਐਮ.ਐਸ.ਪੀ ਦੇਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 60 ਪ੍ਰਤੀਸ਼ਤ ਤੋਂ ਵੱਧ ਜਨਸੰਖਿਆ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸਾਨੀ ਦੇ ਨਾਲ ਜੁੜੀ ਹੋਈ ਹੈ। ਕਿਸਾਨਾਂ ਨੂੰ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਸਬਜ਼ੀਆਂ, ਫਲ ਅਤੇ ਮਿਲਟ ਸਮੇਤ ਹਰ ਉਹ ਚੀਜ਼ ਦੀ ਖੇਤੀ ਕਰਨੀ ਚਾਹੀਦੀ ਹੈ ਜਿਸ ਦੀ ਜ਼ਿਆਦਾ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਨਾਲ ਸਬੰਧਤ ਛੋਟੇ ਛੋਟੇ ਯੁਨਿਟ ਵੀ ਲਗਾਉਣੇ ਚਾਹੀਦੇ ਹਨ ਜਿਸ ਨਾਲ ਰਾਜ ਦੀ ਖੇਤੀ ਹੋਰ ਵੀ ਅੱਗੇ ਵਧੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਵੀ ਹੁਣ ਜਾਗਰੂਕ ਹੋਣ ਦੀ ਜ਼ਰੂਰਤ ਹੈ । ਫਸਲੀ ਵਿਭਿੰਨਤਾ ਵਿੱਚੋਂ ਨਿਕਲਣ ਦੇ ਲਈ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਵਿਗਿਆਨਕ ਤਰੀਕੇ ਦੇ ਨਾਲ ਆਪਣੀ ਫਸਲਾਂ ਦੇ ਝਾੜ ਵਿੱਚ ਵਾਧਾ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਐਸ. ਡੀ. ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਿਲ ਸਨ ।