ਚੰਡੀਗੜ੍ਹ, 1 ਅਕਤੂਬਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਤੋਂ ਵਿਰੋਧੀ ਪਾਰਟੀਆਂ ਵੱਲੋਂ ਬਣਾਏ ’ਇੰਡੀਆ’ ਗਠਜੋੜ ਦੀ ਵਕਾਲਤ ਕੀਤੀ ਹੈ। ਉਹਨਾਂ ਟਵੀਟ ਕਰ ਕੇ ਲਿਖਿਆ ਹੈ ਕਿ ਇੰਡੀਆ ਇਕ ਪਹਾੜ ਦੀ ਤਰ੍ਹਾਂ ਖਲੋਤਾ ਹੈ। ਇਧਰ ਉਧਰ ਆਉਂਦੇ ਤੂਫਾਨਾਂ ਨਾਲ ਇਸਦੀ ਸ਼ਾਨ ਨੂੰ ਫਰਕ ਨਹੀਂ ਪਵੇਗਾ। ਸਾਡੇ ਲੋਕਤੰਤਰ ਦੀ ਰਾਖੀ ਵਾਸਤੇ ਬਣੀ ਇਸ ਢਾਲ ਨੂੰ ਖਿੰਡਾਉਣ ਦੇ ਯਤਨ ਸਫਲ ਨਹੀਂ ਹੋਣਗੇ। ਪੰਜਾਬ ਨੂੰ ਸਮਝਣਾ ਪਵੇਗਾ ਕਿ ਇਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੁਣਨ ਲਈ ਚੋਣ ਹੈ ਨਾ ਕਿ ਪੰਜਾਬ ਦਾ ਮੁੱਖ ਮੰਤਰੀ। ਸਿੱਧੂ ਨੇ ਸਪੱਸ਼ਟ ਕਿਹਾ ਕਿ ਖਹਿਰਾ ਦੀ ਗ੍ਰਿਫਤਾਰੀ 'ਚ ਇੰਡੀਆ ਗਠਜੋੜ ਨੂੰ ਨਹੀਂ ਲਿਆਉਣਾ ਚਾਹੀਦਾ। ਪਾਰਟੀ ਆਗੂਆਂ ਨੂੰ ਸਮਝਣਾ ਹੋਵੇਗਾ ਕਿ ਇਹ ਗਠਜੋੜ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣਾਂ ਲਈ ਬਣਿਆ ਹੈ ਨਾ ਕਿ ਮੁੱਖ ਮੰਤਰੀ ਦੇ ਅਹੁਦੇ ਲਈ। ਇਸ ਲਈ ਬਿਹਤਰ ਹੋਵੇਗਾ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗਠਜੋੜ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਅਤੇ ਨਾ ਹੀ ਸੂਬੇ ਦੇ ਮੁੱਦਿਆਂ ਵਿੱਚ ਇੰਡੀਆ ਗਠਜੋੜ ਦਾ ਜ਼ਿਕਰ ਕੀਤਾ ਜਾਵੇ। ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ 'ਚ 'ਆਪ'-ਕਾਂਗਰਸ ਵਿਚਾਲੇ ਵਿਵਾਦ ਫਿਰ ਸ਼ੁਰੂ ਹੋ ਗਿਆ ਹੈ। ਖਹਿਰਾ ਨੂੰ ਪੰਜਾਬ ਪੁਲਿਸ ਨੇ ਵੀਰਵਾਰ ਨੂੰ 2015 ਦੇ ਡਰੱਗ ਤਸਕਰੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ।