ਚੰਡੀਗੜ੍ਹ, 02 ਜੁਲਾਈ : ਮਾਨਸੂਨ ਮੁੜ ਪੰਜਾਬ ਨੂੰ ਧੋਖਾ ਦੇ ਗਿਆ ਹੈ। ਸੂਬੇ ਵਿੱਚ ਵੇਲੇ ਸਿਰ ਮਾਨਸੂਨ ਦੇ ਆਉਣ ਤੋਂ ਬਾਅਦ ਵੀ ਆਮ ਨਾਲੋਂ ਘੱਟ ਬਾਰਸ਼ ਦਰਜ ਕੀਤੀ ਗਈ ਹੈ। ਕੱਲ੍ਹ ਇੱਕ-ਦੋ ਜ਼ਿਲ੍ਹਿਆਂ ਨੂੰ ਛੱਡ ਕੇ ਕਿਤੇ ਵੀ ਮੀਂਹ ਨਹੀਂ ਪਿਆ ਜਿਸ ਕਾਰਨ ਤਾਪਮਾਨ 'ਚ ਵਾਧਾ ਦੇਖਿਆ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਤੱਕ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਤੇ ਮਾਨਸੂਨ ਬੁੱਧਵਾਰ ਤੋਂ ਇੱਕ ਵਾਰ ਫਿਰ ਸਰਗਰਮ ਹੋ ਸਕਦੀ ਹੈ। ਹਾਸਲ ਜਾਣਕਾਰੀ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ 7.2 ਐਮਐਮ, ਫਤਿਹਗੜ੍ਹ ਸਾਹਿਬ ਵਿੱਚ 8 ਐਮਐਮ, ਮੁਹਾਲੀ ਵਿੱਚ 2 ਐਮਐਮ, ਬਰਨਾਲਾ ਵਿੱਚ 1 ਐਮਐਮ ਤੇ ਹੁਸ਼ਿਆਰਪੁਰ ਵਿੱਚ 0.5 ਐਮਐਮ ਮੀਂਹ ਰਿਕਾਰਡ ਕੀਤਾ ਗਿਆ। ਪਿਛਲੇ ਦਿਨ ਸੂਬੇ ਦੇ ਬਾਕੀ ਹਿੱਸੇ ਖੁਸ਼ਕ ਰਹੇ। ਉਂਝ ਮਾਨਸੂਨ ਦੇ ਪਹੁੰਚਣ ਨਾਲ ਪੰਜਾਬ 'ਚ ਰਾਤਾਂ ਠੰਢੀਆਂ ਹਨ, ਜਿਸ ਕਾਰਨ ਦਿਨ ਤੇ ਰਾਤ ਦੇ ਤਾਪਮਾਨ 'ਚ ਸਿਰਫ 8 ਤੋਂ 10 ਡਿਗਰੀ ਦਾ ਫਰਕ ਰਹਿ ਗਿਆ ਹੈ। ਇਹੀ ਕਾਰਨ ਹੈ ਕਿ ਹੁਣ ਨਮੀ (ਹੁੰਮਸ) ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਦੂਜੇ ਪਾਸੇ ਅੱਜ ਪੰਜਾਬ ਦੇ ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਅਮਲੋਹ, ਮੋਹਾਲੀ, ਬੱਸੀ ਪਠਾਣਾ, ਖਰੜ ਤੇ ਚਮਕੌਰ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 5 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। 3-4 ਜੁਲਾਈ ਨੂੰ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 37-38 ਡਿਗਰੀ ਤੱਕ ਪਹੁੰਚ ਜਾਵੇਗਾ, ਪਰ 5 ਜੁਲਾਈ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਾਨਸੂਨ ਸਰਗਰਮ ਹੁੰਦਾ ਨਜ਼ਰ ਆਵੇਗਾ ਤੇ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਅਨੁਸਾਰ ਜੁਲਾਈ ਮਹੀਨੇ ਵਿਚ ਤਾਪਮਾਨ 40 ਡਿਗਰੀ ਤੋਂ ਪਾਰ ਦੇਖਿਆ ਜਾਂਦਾ ਹੈ ਪਰ ਪਿਛਲੇ ਮਹੀਨਿਆਂ ਵਿੱਚ ਵੈਸਟਰਨ ਡਿਸਟਰਬੈਂਸ ਤੇ ਬਿਪਰਜਾਏ ਤੂਫਾਨ ਕਾਰਨ ਜੂਨ ਤੇ ਹੁਣ ਜੁਲਾਈ ਵਿੱਚ ਪੰਜਾਬ ਵਿੱਚ ਤਾਪਮਾਨ 6 ਤੋਂ 8 ਡਿਗਰੀ ਦਰਜ ਕੀਤਾ ਜਾ ਰਿਹਾ ਹੈ ਜੋ ਪਿਛਲੇ ਸਾਲਾਂ ਨਾਲੋਂ ਘੱਟ ਹੈ। ਮੌਸਮ ਮਾਹਿਰਾਂ ਅਨੁਸਾਰ ਤਾਪਮਾਨ 'ਚ ਇਸ ਗਿਰਾਵਟ ਦਾ ਅਸਰ ਫਸਲਾਂ 'ਤੇ ਵੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਅਜਿਹਾ ਮੌਸਮ ਸਬਜ਼ੀਆਂ ਲਈ ਵੀ ਠੀਕ ਨਹੀਂ। ਕੀੜੇ-ਮਕੌੜੇ ਤੇ ਬੈਕਟੀਰੀਆ ਪੌਦਿਆਂ ਨੂੰ ਪ੍ਰਭਾਵਿਤ ਕਰਨਗੇ, ਜਿਸ ਕਾਰਨ ਪੌਦਿਆਂ ਦੇ ਸੁੱਕਣ ਦਾ ਡਰ ਹੈ।