ਚੰਡੀਗੜ੍ਹ, 21 ਅਕਤੂਬਰ : ਪੰਜਾਬ ਵਿਚ ਠੰਡ ਵਧ ਜਾਵੇਗੀ। ਮੌਸਮ ਵਿਭਾਗ ਨੇ ਐਤਵਾਰ ਨੂੰ ਪੰਜਾਬ ਦੀਆਂ ਕੁਝ ਥਾਵਾਂ ‘ਤੇ ਹਲਕੀ ਤੋਂ ਮੱਧਮ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਇਕ ਨਵੇਂ ਪੱਛਮੀ ਗੜਬੜੀ ਦੇ ਅਸਰ ਤੋਂ ਮੌਸਮ ਇਕ ਵਾਰ ਫਿਰ ਤੋਂ ਕਰਵਟ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਦਿਨ ਦੇ ਪਾਰੇ ਵਿਚ ਕੁਝ ਗਿਰਾਵਟ ਦੇਖਣ ਨੂੰ ਮਿਲ ਸਕਦ ਹੈ। ਹਾਲਾਂਕਿ ਰਾਤ ਦੇ ਪਾਰੇ ਵਿਚ ਕੋਈ ਜ਼ਿਆਦਾ ਫਰਕ ਨਹੀਂ ਪਵੇਗਾ। ਐਤਵਾਰ ਦੇ ਬਾਅਦ ਪੰਜਾਬ ਦਾ ਮੌਸਮ ਖੁਸ਼ਕ ਬਣਿਆ ਰਹੇਗਾ। ਅਕਤੂਬਰ ਮਹੀਨੇ ਦੇ ਬਾਕੀ ਦਿਨਾਂ ਵਿਚ ਮੀਂਹ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਵਿਚ ਰਾਤ ਦੇ ਤਾਪਮਾਨ ਵਿਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ। ਸਭ ਤੋਂ ਘੱਟ 14 ਡਿਗਰੀ ਸੈਲਸੀਅਸ ਨਿਊਨਤਮ ਤਾਪਮਾਨ ਮੋਗਾ ਵਿਚ ਦਰਜ ਕੀਤਾ ਗਿਆ। ਪੰਜਾਬ ਦੇ ਮੁੱਖ ਸ਼ਹਿਰਾਂ ਵਿਚ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 14.4, ਲੁਧਿਆਣਾ ਦਾ 15.6, ਪਟਿਆਲਾ ਦਾ 15.1, ਪਠਾਨਕੋਟ ਦਾ 15.4, ਬਠਿੰਡਾ ਦਾ 16.0, ਫਰੀਦਕੋਟ ਦਾ 14.5, ਗੁਰਦਾਸਪੁਰ ਦਾ ਵੀ 14.5, ਜਲੰਧਰ ਦਾ 14.8 ਤੇ ਰੋਪੜ ਦਾ 14.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿਚ ਸਭ ਤੋਂ ਜ਼ਿਆਦਾ ਦਿਨ ਦਾ ਤਾਪਮਾਨ 32.8 ਡਿਗਰੀ ਸੈਲਸੀਅਸ ਗੁਰਦਾਸਪੁਰ ਦਾ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ਦਾ ਅਧਿਕਤਮ ਤਾਪਮਾਨ 28.8, ਲੁਧਿਆਣਾ ਦਾ 27.8, ਪਟਿਆਲਾ ਦਾ 30.1, ਪਠਾਨਕੋਟ ਦਾ 30.1, ਬਠਿੰਡਾ ਦਾ 28.0, ਐੱਸਬੀਐੱਸ ਨਗਰ ਦਾ 28.0, ਬਰਨਾਲਾ ਦਾ 27.0, ਜਲੰਧਰ ਦਾ 27.3 ਤੇ ਰੋਪੜ ਦਾ 27.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।