ਚੰਡੀਗੜ੍ਹ, 01 ਜਨਵਰੀ 2025 : ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਜਸਵੀਰ ਸਿੰਘ ਗੜ੍ਹੀ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ।ਬਸਪਾ ਦੇ ਸਾਬਕਾ ਪ੍ਰਧਾਨ ਨੂੰ ਪਿਛਲੇ ਸਾਲ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ, ਜਿਸ ਤੋਂ ਬਾਅਦ ਇਸ ਸਾਲ ਉਨ੍ਹਾਂ ਨੇ ਨਵੇਂ ਸਾਲ ਦੇ ਪਹਿਲੇ ਦਿਨ ਸਿਆਸਤ ਦੀ ਨਵੀਂ ਪਾਰਟੀ ਖੇਡਣ ਵੱਲ ਕਦਮ ਵਧਾਇਆ ਹੈ। ਇਸ ਮੌਕੇ ਗੜ੍ਹੀ ਨੇ ਬਹੁਜਨ ਸਮਾਜ ਪਾਰਟੀ 'ਤੇ ਤਿੱਖਾ ਹਮਲਾ ਕੀਤਾ ਅਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਦਾ ਰਾਜਨੀਤਕ ਤੌਰ 'ਤੇ ਕਤਲ ਕੀਤਾ ਗਿਆ। ਉਨ੍ਹਾਂ ਨਾਲ ਬਸਪਾ ਆਗੂ ਡਾ. ਜਸਪ੍ਰੀਤ ਅਤੇ ਸੋਹਣ ਲਾਲ ਢਾਂਡਾ ਨੇ ਵੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੇ ਕਿ ਪਿਛਲੇ ਸਾਲ ਪੰਜਾਬ ਪ੍ਰਦੇਸ਼ ਜਲੰਧਰ, ਦਫਤਰ ਵੱਲੋਂ ਜਾਰੀ ਪੱਤਰ ਵਿੱਚ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ਵਿਚੋਂ ਕੱਢਣ ਦਾ ਕਾਰਨ ਅਨੁਸ਼ਾਸਨਹੀਣਤਾ ਦੱਸਿਆ ਗਿਆ ਸੀ। ਪੱਤਰ ਅਨੁਸਾਰ ਪਾਰਟੀ ਵੱਲੋਂ ਉਨ੍ਹਾਂ ਦੀ ਥਾਂ 'ਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਜੋ ਕਿ ਪਾਰਟੀ ਵਿਧਾਇਕ ਅਤੇ ਸਾਂਸਦ ਵੀ ਰਹਿ ਚੁੱਕੇ ਹਨ। ਉਸ ਸਮੇਂ ਕਰੀਮਪੁਰੀ ਨੇ ਵੀ ਪਾਰਟੀ ਦੇ ਇਸ ਫੈਸਲੇ ਦੀ ਹਮਾਇਤ ਵੀ ਕੀਤੀ ਸੀ।