ਚੰਡੀਗੜ੍ਹ, 24 ਜੂਨ : ਲੋਕਾਂ ਨੂੰ 7 ਦਿਨਾਂ ਵਿਚ ਆਪਣੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣੀ ਹੋਵੇਗੀ ਨਹੀਂ ਤਾਂ ਇਕ ਜੁਲਾਈ ਤੋਂ ਮੋਟਾ ਚਾਲਾਨ ਕਟਵਾਉਣਾ ਪਵੇਗਾ। ਪੰਜਾਬ ਟਰਾਂਸਪੋਰਟ ਵਿਭਾਗ ਤੇ ਪੁਲਿਸ ਨੇ ਇਸ ਦੀ ਤਿਆਰੀ ਕਰ ਲਈ ਹੈ। ਲੋਕਾਂ ਨੂੰ 30 ਜੂਨ ਤੱਕ ਨੰਬਰ ਪਲੇਟ ਲਗਵਾਉਣ ਦੀ ਹਦਾਇਤ ਦਿੱਤੀ ਗਈ ਹੈ। ਇਸ ਦੇ ਬਾਅਦ ਮੋਟਰ ਵਾਹਨ ਐਕਟ, 1988 ਦੀ ਧਾਰਾ 177 ਤਹਿਤ ਕਾਰਵਾਈ ਹੋਵੇਗੀ। ਇਸ ਵਿਚ ਪਹਿਲੀ ਵਾਰ ਫੜੇ ਜਾਣ ‘ਤੇ 2000 ਰੁਪਏ ਜੁਰਮਾਨਾ ਹੋਵੇਗਾ ਜਦੋਂ ਕਿ ਇਸ ਦੇ ਬਾਅਦ ਫੜੇ ਜਾਣ ‘ਤੇ 3000 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਵਸੂਲਿਆ ਜਾਵੇਗਾ। ਵਾਹਨਾਂ ਨੂੰ ਬਲੈਕ ਲਿਸਟ ਵਿਚ ਪਾ ਦਿੱਤਾ ਜਾਵੇਗਾ। ਵਿਭਾਗ ਨੇ ਲੋਕਾਂ ਨੂੰ ਆਖਰੀ ਚੇਤਾਵਨੀ ਦਿੱਤੀ ਹੈ ਕਿ ਤੈਅ ਸਮੇਂ ਵਿਚ ਆਪਣੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਲਗਵਾ ਲਓ। ਪੰਜਾਬ ਵਿਚ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਉਣ ਦਾ ਕੰਮ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਇਸ ਵਿਚ ਨੰਬਰ ਪਲੇਟ ਦੇ ਫਿੱਕਾ ਪੈਣ ਦਾ ਮਾਮਲਾ ਸਾਹਮਣੇ ਆਇਆ ਸੀ। ਨਾਲ ਹੀ ਇਹ ਮਾਮਲਾ ਹਾਈਕੋਰਟ ਵਿਚ ਪਹੁੰਚਿਆ ਸੀ ਪਰ ਕੁਝ ਨਿਯਮਾਂ ਦੇ ਨਾਲ ਕੰਪਨੀ ਨੂੰ ਤੈਅ ਸਮੇਂ ਵਿਚ ਕੰਮ ਪੂਰਾ ਕਰਨ ਦੀ ਹਦਾਇਤ ਦਿੱਤੀ ਗਈ ਸੀ। ਇਸ ਦਰਮਿਆਨ ਕੋਰੋਨਾ ਮਹਾਮਾਰੀ ਨੇ ਦਸਤਕ ਦੇ ਦਿੱਤੀ ਸੀ। ਇਸ ਲਈ ਕੰਮ ਵਿਚ ਹੀ ਲਟਕ ਗਿਆ ਸੀ। ਕਈ ਵਾਰ ਵਿਭਾਗ ਹਾਈ ਸਕਿਓਰਿਟੀ ਨੰਬਰ ਪਲੇਟ ਲਗਵਾਉਣ ਦੀ ਤਰੀਕ ਵਧਾ ਚੁੱਕਾ ਹੈ। ਇਸ ਦੇ ਬਾਅਦ ਹੁਣ ਇਸ ਦਿਸ਼ਾ ਵਿਚ ਕਾਰਵਾਈ ਕੀਤੀ ਗਈ ਹੈ। ਵਿਭਾਗ ਨੇ ਇਸ ਸਬੰਧੀ ਇਕ ਪੱਤਰ ਪੁਲਿਸ ਨੂੰ ਭੇਜ ਦਿੱਤਾ ਹੈ। ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਆਰਟੀਓ ਨੂੰ ਇਸ ਵਾਰ ਸਖਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ। ਵਿਭਾਗ ਮੁਤਾਬਕ ਸਾਲ 2019 ਤੋਂ ਪਹਿਲਾਂ ਬਣੇ ਵਾਹਨਾਂ ਨੂੰ ਰਜਿਸਟ੍ਰੇਸ਼ਨ ਲਈ ਵੈੱਬਸਾਈਟ www.punjabhsrp.in ‘ਤੇ ਜਾਣਾ ਹੋਵੇਗਾ। ਇਸ ਵਿਚ ਹਾਈ ਸਕਿਓਰਿਟੀ ਨੰਬਰ ਪਲੇਟ ਘਰ ‘ਤੇ ਲਗਵਾਉਣ ਦਾ ਬਦਲ ਚੁਣਨਾ ਹੋਵੇਗਾ। ਇਸ ਦੇ ਬਾਅਦ ਵਾਹਨ ਸਬੰਧੀ ਡਿਟੇਲ ਸਾਈਟ ‘ਤੇ ਭਰਨੀ ਹੋਵੇਗੀ। ਇਸ ਤੋਂ ਇਲਾਵਾ ਜ਼ਿਆਦਾ ਜਾਣਕਾਰੀ ਵਿਭਾਗ ਦੇ ਫੋਨ ਨੰਬਰ 7888498853, 7888498859 ਤੋਂ ਲਈ ਜਾ ਸਕਦੀ ਹੈ। ਇਕ ਅਪ੍ਰੈਲ 2019 ਦੇ ਬਾਅਦ ਦੇ ਬਣੇ ਵਾਹਨ ਮਾਲਕਾਂ ਨੂੰ ਆਪਣੇ ਮੋਟਰ ਵਾਹਨ ਡੀਲਰ ਨਾਲ ਸੰਪਰਕ ਕਰਨਾ ਹੋਵੇਗਾ। ਇਸ ਦੇ ਬਾਅਦ ਅੱਗੇ ਦੀ ਕਾਰਵਾਈ ਚੱਲੇਗੀ। ਇਹ ਪਲੇਟਸ ਐਲੂਮੀਨੀਅਮ ਦੀਆਂ ਬਣੀਆਂ ਹੁੰਦੀਆਂ ਹਨ। ਇਨ੍ਹਾਂ ‘ਤੇ ਇਕ ਹੋਲੋਗ੍ਰਾਮ ਵੀ ਲੱਗਾ ਹੁੰਦਾ ਹੈ ਜੋ ਕ੍ਰੋਮੀਅਮ ਆਧਾਰਿਤ ਹੁੰਦਾ ਹੈ। ਇਕ ਤਰ੍ਹਾਂ ਦੇ ਸਟਿੱਕਰ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਹੋਲੋਗ੍ਰਾਮ ਦੇ ਅੰਦਰ ਵਾਹਨ ਦੀ ਪੂਰੀ ਜਾਣਕਾਰੀ ਹੁੰਦੀ ਹੈ। ਹਾਈ ਸਕਿਓਰਿਟੀ ਨੰਬਰ ਪਲੇਟ ‘ਤੇ ਸੁਰੱਖਿਆ ਲਈ ਯੂਨਿਕ ਲੇਜਰ ਕੋਡ ਵੀ ਪ੍ਰਿੰਟ ਹੁੰਦਾ ਹੈ। ਹਾਰ ਵਾਹਨ ਲਈ ਵੱਖਰਾ ਕੋਡ ਦਿੱਤਾ ਜਾਂਦਾ ਹੈ। ਇਸ ਨੂੰ ਆਸਾਨੀ ਨਾਲ ਨਹੀਂ ਹਟਾਇਆ ਜਾ ਸਕਦਾ। ਇਸ ਪਲੇਟ ਦੀ ਸਭ ਤੋਂ ਵੱਡੀ ਖਾਸੀਅਤ ਹੁੰਦੀ ਹੈ ਕਿ ਜੇਕਰ ਇਹ ਇਕ ਵਾਰ ਟੁੱਟ ਜਾਵੇ ਤਾਂ ਇਸ ਨੂੰ ਫਿਰ ਤੋਂ ਜੋੜਿਆ ਨਹੀਂ ਜਾ ਸਕਦਾ।