- ਚੋਣਾਂ ਜਲਦੀ ਕਰਵਾਉਣ ਦੇ ਹੁਕਮ
ਚੰਡੀਗੜ੍ਹ,20 ਜਨਵਰੀ : ਚੰਡੀਗੜ੍ਹ ‘ਚ ਕਾਂਗਰਸ-ਆਪ ਗਠਜੋੜ ਦੇ ਮੇਅਰ ਅਹੁਦੇ ਦੇ ਉਮੀਦਵਾਰ ਕੁਲਦੀਪ ਟੀਟਾ ਵੱਲੋਂ ਦਾਇਰ ਪਟੀਸ਼ਨ ‘ਤੇ ਅੱਜ ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ। ਅਦਾਲਤ ਨੇ ਪ੍ਰਸ਼ਾਸਨ ਤੋਂ ਪੁੱਛਿਆ ਕਿ ਮੇਅਰ ਚੋਣਾਂ ਲਈ 6 ਫਰਵਰੀ ਦੀ ਤਰੀਕ ਕਿਉਂ ਤੈਅ ਕੀਤੀ ਗਈ ਹੈ। ਪ੍ਰਸ਼ਾਸਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੇਅਰ ਦੇ ਅਹੁਦੇ ਲਈ ਚੋਣਾਂ 18 ਜਨਵਰੀ ਨੂੰ ਹੋਣੀਆਂ ਸਨ, ਪਰ ਉਸ ਦਿਨ ਵੋਟਿੰਗ ਨਹੀਂ ਹੋ ਸਕੀ ਸੀ। ਇਸ ਤੋਂ ਬਾਅਦ 19 ਨੂੰ ਡੀਸੀ ਵੱਲੋਂ 6 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਸੀ। ਵਕੀਲ ਨੇ ਅੱਗੇ ਕਿਹਾ ਕਿ ਰਾਮਲਲਾ ਦੀ ਪਵਿੱਤਰ ਰਸਮ 22 ਜਨਵਰੀ ਨੂੰ ਹੈ ਅਤੇ ਗਣਤੰਤਰ ਦਿਵਸ 26 ਜਨਵਰੀ ਨੂੰ ਹੈ। ਸੁਰੱਖਿਆ ਕਾਰਨਾਂ ਕਰਕੇ ਫਿਲਹਾਲ ਚੋਣਾਂ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਮੇਅਰ ਚੋਣਾਂ ਲਈ 6 ਫਰਵਰੀ ਦੀ ਤਰੀਕ ਤੈਅ ਕੀਤੀ ਗਈ ਹੈ। ਅਦਾਲਤ ਨੇ ਪ੍ਰਸ਼ਾਸਨ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਣਵਾਈ ਦੀ ਤਰੀਕ 23 ਜਨਵਰੀ ਤੈਅ ਕੀਤੀ ਹੈ। ਨਾਲ ਹੀ ਪ੍ਰਸ਼ਾਸਨ ਨੂੰ ਛੇਤੀ ਚੋਣਾਂ ਸਬੰਧੀ ਵਿਸਥਾਰਤ ਰਿਪੋਰਟ ਦਾਇਰ ਕਰਨ ਦੇ ਹੁਕਮ ਦਿੱਤੇ ਹਨ।