- 'ਸਿੱਖ ਵਿਰੋਧੀ ਤਾਕਤਾਂ ਕੌਮ ਨੂੰ ਗੁਰਬਾਣੀ ਤੋਂ ਵਾਂਝਾ ਕਰਨਾ ਚਾਹੁੰਦੀ' : ਗਰੇਵਾਲ
ਚੰਡੀਗੜ੍ਹ, 17 ਜੁਲਾਈ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਉਹ ਧਾਰਮਿਕ ਮਾਮਲੇ ਚਲਾਉਣ ਤੇ ਸਿੱਖ ਸੰਗਤ ਵਿਚ ਗੁਰੂ ਸਾਹਿਬ ਦੇ ਸੰਦੇਸ਼ ਨੂੰ ਗੁਰਬਾਣੀ ਤੇ ਇਸਦੇ ਪ੍ਰਚਾਰ ਰਾਹੀਂ ਪਹੁੰਚਾਉਣ ਦੇ ਮਾਮਲੇ ਵਿਚ ਖਾਲਸਾ ਪੰਥ ਨੂੰ ਹਦਾਇਤਾਂ ਨਾ ਦੇਣ। ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਪਾਰਟੀ ਦੇ ਮੁੱਖ ਦਫਤਰ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਤੱਤਾਂ ਤੇ ਇਹਨਾਂ ਦੀਆਂ ਕਠਪੁਤਲੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਰਚੀਆਂ ਜਾ ਰਹੀਆਂ ਡੂੰਘੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਤੇ ਇਹ ਵੀ ਕਿਹਾ ਕਿ ਸਾਡੇ ਧਾਰਮਿਕ ਪ੍ਰਤੀਨਿਧਾਂ ਤੇ ਸਾਡੇ ਧਾਰਮਿਕ ਅਸਥਾਨਾਂ ਪ੍ਰਤੀ ਮੰਦੀ ਭਾਸ਼ਾ ਬੋਲ ਕੇ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੈ ਕਿਹਾ ਕਿ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਜਾਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਪ੍ਰਧਾਨ ਵਜੋਂ ਵਿਹਾਰ ਕਰਨਾ ਬੰਦ ਕਰਨ।ਉਹਨਾਂ ਕਿਹਾ ਕਿ ਉਹ ਕਿਸ ਹੈਸੀਅਤ ਨਾਲ ਖਾਲਸਾ ਪੰਥ ਨੂੰ ਮੱਤਾਂ ਦੇ ਰਹੇ ਹਨ ਜਦਕਿ ਉਹ ਆਪ ਹਰ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰ ਰਹੇ ਹਨ ? ਉਹਨਾਂ ਕਿਹਾ ਕਿ ਕੀ ਉਹਨਾਂ ਨੂੰ ਸਿੱਖ ਸੰਗਤ ਨੇ ਅਧਿਆਤਮਕ ਤੇ ਧਾਰਮਿਕ ਮਾਮਲਿਆਂ ਦੇ ਪ੍ਰਬੰਧ ਲਈ ਚੁਣਿਆ ਹੈ ? ਕੀ ਉਹ ਸਿੱਖ ਕੌਮ ਦੀ ਸਰਵਉਚ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਲਈ ਵੋਟਰ ਬਣਨ ਦੇ ਵੀ ਯੋਗ ਹਨ ? ਜੇਕਰ ਨਹੀਂ ਤਾਂ ਕੀ ਉਹ ਸਿੱਖ ਸੰਗਤ ਨੂੰ ਦੱਸਣਗੇ ਕਿ ਉਹ ਕਿਸਦੇ ਵੱਲੋਂ ਖਾਲਸਾ ਪੰਥ ਦੇ ਪਵਿੱਤਰ ਧਾਰਮਿਕ ਮਾਮਲਿਆਂ ਵਿਚ ਦਖਲ ਦੇ ਰਹੇ ਹਨ ਉਹ ਵੀ ਸਭ ਤੋਂ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੇ ਮਾਮਲੇ ਵਿਚ ? ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਨੂੰ ਇਹ ਸਮਝ ਨਹੀਂ ਆਉਂਦੀ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ’ਤੇ ਹਮੇਸ਼ਾ ਮਾੜੀਆਂ ਨਜ਼ਰਾਂ ਹੀ ਕਿਉਂ ਰਹਿੰਦੀਆਂ ਹਨ, ਭਾਵੇਂ ਉਹ ਮੁਗਲਾਂ ਦਾਸਮਾਂ ਹੋਵੇ ਜਾਂ ਇੰਦਰਾ ਗਾਂਧੀ ਦਾ ਤੇ ਹੁਣ ਭਗਵੰਤ ਮਾਨ ਦਾ। ਉਹਨਾਂ ਕਿਹਾ ਕਿ ਇਹ ਸਾਰੇ ਜਾਣਦੇ ਹਨ ਕਿ ਇਹ ਸਿੱਖ ਕੌਮ ਲਈ ਸ਼ਕਤੀ ਦਾ ਸਭ ਤੋਂ ਵੱਡਾ ਸਰੋਤ ਹੈ। ਇਸੇ ਲਈ ਇਹ ਇਸਨੂੰ ਨਿਸ਼ਾਨਾ ਬਣਾ ਕੇ ਇਸਨੂੰ ਕਮਜ਼ੋਰ ਕਰ ਕੇ ਇਸ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪਹਿਲਾਂ ਮੁਗਲਾਂ ਨੇ ਇਹ ਕੀਤਾ, ਫਿਰ ਅੰਗਰੇਜ਼ਾਂ ਨੇ ਅਜਿਹਾ ਕੀਤਾ, ਇੰਦਰਾ ਗਾਂਧੀ ਨੇ ਵੀ ਉਹੀ ਕੀਤਾ ਤੇ ਹੁਣ ਭਗਵੰਤ ਮਾਨ, ਕੇਜਰੀਵਾਲ ਤੇ ਆਮ ਆਦਮੀ ਪਾਰਟੀ ਵੀ ਇਹੋ ਕੁਝ ਕਰ ਰਹੇ ਹਨ। ਅਕਾਲੀ ਆਗੂ ਗਰੇਵਾਲ ਨੇ ਕਿਹਾ ਕਿ ਖਾਲਸਾ ਪੰਥ ਕਦੇ ਵੀ ਅਜਿਹੇ ਸ਼ਾਸਕਾਂ ਨੂੰ ਆਪਣੇ ਧਾਰਮਿਕ ਮਾਮਲਿਆਂ ਨੂੰ ਚਲਾਉਣ ਦੀ ਆਗਿਆ ਨਹੀਂ ਦੇਵੇਗਾ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਘੇਰੀ ਸੂਬਾ ਸਰਕਾਰ ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਪਹਿਲਾਂ ਟੈਂਕਾਂ ਤੇ ਮਾਰਟਰਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲਾ ਕਰਕੇ ਸਿੱਖ ਕੌਮ ਤੋਂ ਇਹ ਹੱਕ ਖੋਹਣ ਦਾ ਯਤਨ ਕੀਤਾ ਤੇ ਫਿਰ ਬੂਟਾ ਸਿੰਘ ਵਰਗੀਆਂ ਕਠਪੁਤਲੀਆਂ ਦੀ ਵਰਤੋਂ ਕਰ ਕੇ ਸਰਕਾਰੀ ਪੈਸੇ ਨਾਲ ਇਸਦੀ ਮੁੜ ਉਸਾਰੀ ਕੀਤੀ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਇਹ ਪ੍ਰਵਾਨ ਨਹੀਂ ਕੀਤਾ ਤੇ ਸਰਕਾਰੀ ਤੰਤਰ ਵੱਲੋਂ ਰਚੀਆਂ ਸਾਜ਼ਿਸ਼ਾਂ ਨੂੰ ਅਸਫਲ ਬਣਾ ਕੇ ਸੰਗਤ ਦੀ ਕਾਰ ਸੇਵਾ ਨਾਲ ਸ੍ਰੀ ਅਕਾਲ ਤਖਤ ਸਾਹਿਬ ’ਤੇ ਮੁੜ ਉਸਾਰੀ ਕਰਵਾਈ। ਉਨ੍ਹਾਂ ਅੱਗੇ ਕਿਹਾ ਕਿ ਸੀਐਮ ਭਗਵੰਤ ਮਾਨ ਪਵਿੱਤਰ ਗੁਰਬਾਣੀ ’ਤੇ ਸਰਕਾਰੀ ਕੰਟਰੋਲ ਦਾ ਉਹੀ ਯਤਨ ਦੁਹਰਾ ਰਹੇ ਹਨ ਜੋ ਇੰਦਰਾ ਗਾਂਧੀ ਨੇ ਸਾਜ਼ਿਸ਼ ਕਰ ਕੇ ਯਤਨ ਕੀਤਾ ਸੀ ਤੇ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਇਸੇ ਵਾਸਤੇ ਕਰਵਾਈ ਸੀ। ਸਰਦਾਰ ਗਰੇਵਾਲ ਨੇ ਮੁੱਖ ਮੰਤਰੀ ਅਤੇ ਹੋਰ ਸਿੱਖ ਵਿਰੋਧੀ ਤੇ ਅਕਾਲੀ ਵਿਰੋਧੀ ਅਨਸਰਾਂ ਨੂੰ ਆਖਿਆ ਕਿ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਨਾਂ ਵਾਰ-ਵਾਰ ਅਕਾਲੀ ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਸਿੱਖ ਕੌਮ ਵੱਲੋਂ ਚੁਣੇ ਨੁਮਾਇੰਦਿਆਂ ਵੱਲੋਂ ਲਏ ਜਾਇਜ਼ ਸਿਆਸੀ, ਕਾਨੂੰਨ ਤੇ ਸੰਵਿਧਾਨਕ ਫੈਸਲਿਆਂ ਘੜੀਸ ਕੇ ਉਹਨਾਂ ਨਾਲ ਨਿੱਜੀ ਰੰਜ਼ਿਸ਼ਾਂ ਕੱਢਣ ਦੇ ਯਤਨ ਨਾ ਕਰਨ। ਅਕਾਲੀ ਆਗੂ ਨੇ ਕਿਹਾ ਕਿ ਮਾਨ ਤੇ ਕਾਂਗਰਸ ਸੁਖਬੀਰ ਫੋਬੀਆ ਤੋਂ ਪੀੜਤ ਹਨ ਅਤੇ ਉਹ ਭੁੱਲ ਨਹੀਂ ਪਾ ਰਹੇ ਕਿ ਕਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਾਰ-ਵਾਰ ਉਹਨਾਂ ਨੂੰ ਚੋਣਾਂ ਵਿਚ ਹਰਾਇਆ। ਉਹਨਾਂ ਕਿਹਾ ਕਿ ਇਹਨਾਂ ਅਨਸਰਾਂ ਦਾ ਅਸਲ ਮੰਤਵ ਸਿੱਖਾਂ ਤੇ ਪੰਜਾਬੀਆਂ ਨੂੰ ਆਗੂ ਵਿਹੂਣੇ ਬਣਾਉਣਾ ਹੈ ਤਾਂ ਜੋ ਉਹ ਆਸਾਨੀ ਨਾਲ ਪੰਜਾਬ ਤੇ ਸਿੱਖ ਵਿਰੋਧੀ ਏਜੰਡਾ ਲਾਗੂ ਕਰ ਸਕਣ। ਉਹਨਾਂ ਕਿਹਾ ਕਿ ਉਹਨਾਂ ਨੂੰ ਡਰ ਕਿ ਉਹ ਜਾਣਦੇ ਹਨ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕੀ ਕਰ ਸਕਦੇਹਨ ਤੇ ਇਸੇ ਲਈ ਉਹ 24 ਘੰਟੇ 7 ਦਿਨ ਉਹਨਾਂ ਨੂੰ ਨਿਸ਼ਾਨਾ ਬਣਾਉਣ ’ਤੇ ਲੱਗੇ ਰਹਿੰਦੇ ਹਨ। ਉਹਨਾਂ ਕਿਹਾ ਕਿ ਇਹ ਮੌਕਾਪ੍ਰਸਤ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਵੀ ਨਿੱਜੀ ਕਿੜ ਤੇ ਏਜੰਡਾ ਰੱਖਦੇ ਸਨ ਤੇ ਹੁਣ ਇਹਨਾਂ ਨੇ ਆਪਣਾ ਨਿੱਜੀ ਤੇ ਸਿੱਖ ਵਿਰੋਧੀ ਰਵੱਈਆ ਸਰਕਾਰ ਸੁਖਬੀਰ ਸਿੰਘ ਬਾਦਲ ਵੱਲ ਕਰ ਲਿਆ ਹੈ। ਅਕਾਲੀ ਆਗੂ ਨੇ ਖਦਸਾ ਪ੍ਰਗਟ ਕੀਤਾ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿਚ ਕੂੜ ਪ੍ਰਚਾਰ ਦੇ ਨਤੀਜੇ ਵਜੋਂ ਸ਼੍ਰੋਮਣੀ ਕਮੇਟੀ ਲਈ ਕਾਨੂੰਨ ਅੜਿਕੇ ਖੜ੍ਹੇ ਹੋਣਗੇ ਕਿਉਂਕਿ ਅਜਿਹੇ ਕਾਨੂੰਨ ਹਨ ਜੋ ਕਿਸੇ ਵੀ ਧਾਰਮਿਕ ਸੰਸਥਾ ਜਾਂ ਧਰਮ ਪ੍ਰਚਾਰ ਲਈ ਬਣੀਆਂ ਸੰਸਥਾਵਾਂ ਨੂੰ ਟੀ ਵੀ ਚੈਨਲ ਸਥਾਪਿਤ ਕਰਨ ਤੋਂ ਰੋਕਦੇ ਹਨ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਮੁਸ਼ਕਿਲ ਦਰਪੇਸ਼ ਆਈ ਤਾਂ ਫਿਰ ਸਿੱਖ ਸੰਗਤ ਗੁਰਬਾਣੀ ਦੇ ਲਾਈਵ ਪ੍ਰਸਾਰਣ ਤੋਂ ਵਿਹੂਣੀ ਹੋ ਜਾਵੇਗੀ ਤੇ ਇਸ ਲਈ ਸਿਰਫ ਸੀਐੱਮ ਭਗਵੰਤ ਮਾਨ ਤੇ ਉਹਨਾਂ ਦੀਆਂ ਕਠਪੁਤਲੀਆਂ ਹੀ ਜ਼ਿੰਮੇਵਾਰ ਹੋਣਗੇ ਜੋ ਸਿੱਖ ਜ਼ਿੰਮੇਵਾਰੀ ਦਾ ਢੋਂਗ ਰਚ ਰਹੇ ਹਨ। ਸਰਦਾਰ ਗਰੇਵਾਲ ਨੇ ਇਸ ਗੱਲ ’ਤੇ ਵੀ ਰੋਸ ਪ੍ਰਗਟ ਕੀਤਾ ਕਿ ਸਿੱਖ ਸੰਗਤ ਦਾ ਇਕ ਵੀ ਧੇਲਾ ਲੱਗੇ ਬਗੈਰ ਸਮੁੱਚੀ ਦੁਨੀਆਂ ਵਿਚ ਸਿੱਖ ਸੰਗਤ ਨੂੰ ਗੁਰਬਾਣੀ ਦਾ ਲਾਈਵ ਪ੍ਰਸਾਰਣ ਮਿਲ ਰਿਹਾ ਹੈ ਤੇ ਹੁਣ ਸ਼੍ਰੋਮਣੀ ਕਮੇਟੀ ਨੇ ਇਸਦੀ ਥਾਂ ਜੋ ਪ੍ਰਬੰਧ ਕੀਤਾ ਹੈ ਉਸ ’ਤੇ ਗੁਰੂ ਦੀ ਗੋਲਕ ਦਾ 1.4 ਕਰੋੜ ਰੁਪਏ ਸਾਲਾਨਾ ਖਰਚ ਹੋਵੇਗਾ, ਉਹ ਵੀ ਸਿਰਫ ਯੂ ਟਿਊਬ ’ਤੇ। ਉਹਨਾਂ ਕਿਹਾ ਕਿ ਪੀ ਟੀ ਸੀ ਨੇ ਕਦੇ ਵੀ ਸਿੱਖ ਸੰਗਤ ਤੇ ਸ਼੍ਰੋਮਣੀ ਕਮੇਟੀ ਤੋਂ ਕੋਈ ਧੇਲਾ ਨਹੀਂ ਲਿਆ ਤੇ ਉਲਟਾ 18.5 ਕਰੋੜ ਰੁਪਏ ਗੁਰੂ ਦੀ ਗੋਲਕ ਵਿਚ ਪਾਏ ਹਨ ਤੇ ਹੋਰ ਧਾਰਮਿਕ ਪ੍ਰੋਗਰਾਮਾਂ ਦੀ ਕਵਰੇਜ ’ਤੇ 61 ਕਰੋੜ ਰੁਪਏ ਖਰਚ ਕੀਤੇ ਹਨ। ਉਹਨਾਂ ਕਿਹਾਕਿ ਇਹ ਸਭ ਕਰਨ ਵਾਸਤੇ ਪੀ ਟੀਸੀ ਨੇ ਪੰਥ ਦੇ ਦੁਸ਼ਮਣਾਂ ਦੇ ਮੰਦੇ ਬੋਲ ਹੀ ਝੱਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿ ਗੁਰਬਾਣੀ ਦੇ ਪ੍ਰਸਾਰਣ ਵਿਚ ਕੋਈ ਰੁਕਾਵਟ ਨਾ ਬਣੇ। ਉਹਨਾਂ ਕਿਹਾ ਕਿ ਜਿਹੜੇ ਲੋਕ ਹੁਣ ਤੱਕ ਇਹ ਆਖ ਰਹੇ ਸਨ ਕਿ ਪੀ ਟੀ ਸੀ ’ਤੇ ਇਹ ਪ੍ਰਸਾਰਣ ਬੰਦ ਹੋਣਾ ਚਾਹੀਦਾ ਹੈ ਤੇ ਹੁਣ ਉਹ ਇਹ ਬਹਾਨੇ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਕੀਤੇ ਜਾ ਰਹੇ ਪ੍ਰਬੰਧ ਦਾ ਵੀ ਵਿਰੋਧ ਕਰਨ ਲੱਗ ਪਏ ਹਨ। ਉਹਨਾਂ ਕਿਹਾ ਕਿ ਇਹ ਲੋਕ ਕਦੇ ਵੀ ਸਿੱਖ ਕੌਮ ਦੇ ਅਕਸ ਨੂੰ ਸੱਟ ਮਾਰਨੀ ਬੰਦ ਨਹੀਂ ਕਰਨਗੇ ਤੇ ਹਮੇਸ਼ਾ ਸਾਡੀਆਂ ਪਵਿੱਤਰ ਸੰਸਥਾਵਾਂ ਦੀ ਬਦਨਾਮੀ ਕਰਦੇ ਰਹਿਣਗੇ।