- ਅੰਕੜਿਆਂ ਦੇ ਉਲਟ ਕਪਾਹ ਦਾ ਰਕਬਾ ਘਟਿਆ : ਖੰਨਾ
ਚੰਡੀਗੜ੍ਹ, 7 ਜੂਨ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਦੇ ਬਾਵਜੂਦ ਕਿਸਾਨ ਖੇਤੀ ਵਿਭਿੰਨਤਾ ਵੱਲ ਨਹੀਂ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਾਲ 2023-2024 ਲਈ ਸਾਉਣੀ ਦੇ ਚੱਕਰ ਵਿੱਚ 3 ਲੱਖ ਹੈਕਟੇਅਰ ਰਕਬਾ ਕਪਾਹ ਹੇਠ ਲਿਆਉਣਾ ਰੱਖਿਆ ਸੀ ਪਰ ਉਹ ਪਿਛਲੇ ਅੰਕੜੇ ਦੇ ਨੇੜੇ ਵੀ ਨਹੀਂ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਇਸ ਸਾਲ ਬਠਿੰਡਾ ਵਿੱਚ 10 ਹਜ਼ਾਰ ਹੈਕਟੇਅਰ ਰਰਬਾ ਵਧਾਉਣ ਦਾ ਟੀਚਾ ਰੱਖਿਆ ਸੀ ਜਦਕਿ ਇਹ ਪਿਛਲੇ ਸਾਲ ਨਾਲੋਂ 30 ਹਜ਼ਾਰ ਹੈਕਟੇਅਰ ਘਟ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੁੰਡੀਆਂ ਦੇ ਖਾਤਮੇ ਲਈ ਕੋਈ ਯਤਨ ਨਹੀਂ ਕਰ ਰਹੀ, ਜਿਸ ਕਾਰਨ ਕਿਸਾਨਾਂ ਦਾ ਕਪਾਹ ਦੀ ਕਾਸ਼ਤ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ। ਖੰਨਾ ਨੇ ਕਿਹਾ ਕਿ ਸਰਕਾਰ ਦੀ ਕਿਸਾਨਾਂ ਅਤੇ ਖੇਤੀ ਪ੍ਰਤੀ ਦ੍ਰਿੜਤਾ ਦਾ ਇੱਥੋਂ ਹੀ ਪਤਾ ਚੱਲਦਾ ਹੈ ਕਿ ਸਰਕਾਰ ਨੇ ਆਪਣੀ ਕੈਬਨਿਟ ਵਿੱਚੋਂ ਉਹ ਖੇਤੀਬਾੜੀ ਮੰਤਰੀ ਹੀ ਬਦਲ ਦਿੱਤਾ ਹੈ, ਜਿਸਨੇ ਕਿਸਾਨਾਂ ਨਾਲ ਮਿਲਣੀਆਂ ਕੀਤੀਆਂ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਵਿਚਾਰ ਕੇ ਨਵੀਂ ਖੇਤੀਬਾੜੀ ਪਾਲਿਸੀ ਲਿਆਉਣ ਦਾ ਦਾਅਵਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਟਵਿੱਟਰ ਤੇ ਮਜ਼ਾਕ ਕਰਕੇ ਆਪਣੇ ਆਹੁਦੇ ਦੇ ਪੱਧਰ ਨੂੰ ਨੀਵਾਂ ਕਰ ਰਹੇ ਹਨ ਅਤੇ ਕੰਮ ਕਰਨ ਦੀ ਥਾਂ ਸਿਰਫ਼ ਬਿਆਨਬਾਜ਼ੀ ਨਾਲ ਕੰਮ ਸਾਰਨਾ ਚਾਹੁੰਦੇ ਹਨ।