- ਬਿਕਰਮ ਮਜੀਠੀਆਂ ਨੇ ਸਾਬਕਾਂ ਸੈਨਿਕਾਂ ਦੀ ਹਾਜ਼ਰੀ ‘ਚ ਲਾਏ ਸੰਗੀਨ ਇਲਜ਼ਾਮ
ਚੰਡੀਗੜ੍ਹ, 5 ਅਗਸਤ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਕ ਨਵੀਂ ਮੁਸੀਬਤ ਵਿੱਚ ਫਸ ਗਏ ਹਨ। ਦਰਅਸਲ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਸਸੀ ਭਾਈਚਾਰੇ ਦੇ 4 ਸਾਬਕਾ ਸੈਨਿਕਾਂ ਅਤੇ 2 ਹੋਰਾਂ ਨੂੰ ਪੰਜਾਬ ਪੁਲੀਸ ਵਿੱਚ ਭਰਤੀ ਕਰਵਾਉਣ ਦੇ ਨਾਂ ’ਤੇ 45 ਲੱਖ ਰੁਪਏ ਦੀ ਠੱਗੀ ਮਾਰਨ ਲਈ ਜ਼ਿੰਮੇਵਾਰ ਹੈ।ਚੰਡੀਗੜ੍ਹ ਵਿੱਚ ਸਾਬਕਾ ਸੈਨਿਕਾਂ ਦੀ ਮੌਜੂਦਗੀ ਵਿੱਚ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਚੰਨੀ ਦੇ ਵਿਸ਼ਵਾਸਪਾਤਰ ਦਲਜੀਤ ਸਿੰਘ ਨੇ 4 ਸਾਬਕਾ ਸੈਨਿਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਲਜੀਤ ਨੇ ਵੱਖ-ਵੱਖ ਰਕਮਾਂ ਦੇਣ ਵਾਲੇ ਦੋ ਹੋਰ ਵਿਅਕਤੀਆਂ ਨਾਲ ਵੀ ਪੰਜਾਬ ਪੁਲੀਸ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਸਾਬਕਾ ਸੈਨਿਕਾਂ ਵਿੱਚੋਂ ਇੱਕ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਸ ਨੇ ਪੰਜਾਬ ਪੁਲੀਸ ਵਿੱਚ ਸਬ-ਇੰਸਪੈਕਟਰ ਵਜੋਂ ਭਰਤੀ ਕਰਵਾਉਣ ਦੀ ਬੇਨਤੀ ਕਰਨ ਲਈ ਦਲਜੀਤ ਨਾਲ ਚੰਨੀ ਨੂੰ ਮਿਲੇ ਸਨ।ਜਦੋਂ ਉਨ੍ਹਾਂ ਨੇ ਤਤਕਾਲੀ ਮੁੱਖ ਮੰਤਰੀ ਨੂੰ ਇਸ ਨੂੰ ਪੂਰਾ ਕਰਨ ਲਈ ਲੋੜੀਂਦੀ 'ਸੇਵਾ ਪਾਣੀ' ਬਾਰੇ ਪੁੱਛਿਆ ਤਾਂ ਚੰਨੀ ਨੇ ਉਸ ਨੂੰ ਕਿਹਾ ਕਿ ਦਲਜੀਤ ਉਸ ਨੂੰ ਸਭ ਕੁਝ ਦੱਸ ਦੇਵੇਗਾ। ਗੁਰਮੇਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ 17 ਲੱਖ ਰੁਪਏ, ਸਾਬਕਾ ਫੌਜੀ ਜਗਦੀਸ਼ ਸਿੰਘ ਨੇ 6 ਲੱਖ ਰੁਪਏ ਅਤੇ ਸਾਬਕਾ ਫੌਜੀ ਦਰਸ਼ਨ ਸਿੰਘ ਅਤੇ ਧਰਮਿੰਦਰ ਸਿੰਘ ਨੇ 5-5 ਲੱਖ ਰੁਪਏ ਅਦਾ ਕੀਤੇ।ਉਨ੍ਹਾਂ ਦੱਸਿਆ ਕਿ 2 ਹੋਰ ਵਿਅਕਤੀਆਂ ਨਵਦੀਪ ਸਿੰਘ ਅਤੇ ਬਚਿੱਤਰ ਸਿੰਘ ਨੇ ਕ੍ਰਮਵਾਰ 5 ਲੱਖ ਅਤੇ 3.70 ਲੱਖ ਰੁਪਏ ਅਦਾ ਕੀਤੇ ਸਨ। ਉਨ੍ਹਾਂ ਵੀਡੀਓਗ੍ਰਾਫਿਕ ਸਬੂਤਾਂ ਨਾਲ ਖੁਲਾਸਾ ਕੀਤਾ ਕਿ ਕਿਵੇਂ ਚੰਨੀ ਦੇ ਕਰੀਬੀ ਰੌਬਿਨ ਨੇ ਉਨ੍ਹਾਂ ਤੋਂ ਨਿੱਜੀ ਤੌਰ 'ਤੇ ਪੈਸੇ ਵਸੂਲ ਕੀਤੇ ਸਨ। ਇਸ ਬਾਰੇ ਗੁਰਮੇਲ ਸਿੰਘ ਨੇ ਕਿਹਾ ਕਿ ਮੈਂ ਚੰਨੀ ਨੂੰ ਅਪ੍ਰੈਲ 2021 ਅਤੇ ਨਵੰਬਰ 2021 ਵਿਚ ਮਿਲਿਆ ਸੀ ਅਤੇ ਚੰਨੀ ਨੇ ਸਾਬਕਾ ਸੈਨਿਕਾਂ ਨੂੰ ਡੀ.ਜੀ.ਪੀ. ਦਫ਼ਤਰ ਤੋਂ ਪੱਤਰ ਵੀ ਜਾਰੀ ਕਰਵਾਇਆ ਤਾਂ ਜੋ ਉਹ ਡੀ.ਜੀ.ਪੀ. ਮਿਲ ਸਕਣ।ਉਨ੍ਹਾਂ ਕਿਹਾ ਕਿ ਜਦੋਂ ਇਸ ਤੋਂ ਅੱਗੇ ਕੁਝ ਨਹੀਂ ਹੋਇਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਠੱਗੀ ਹੋਈ ਹੈ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਪੁਲੀਸ ਕੋਲ ਪਹੁੰਚ ਕੀਤੀ ਪਰ ਉਨ੍ਹਾਂ ਨੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।ਗੁਰਦਿਆਲ ਨੇ ਕਿਹਾ ਕਿ ਜਦੋਂ ਬੀ.ਕੇ.ਯੂ. ਉਗਰਾਹਾਂ ਧੜੇ ਨੇ ਸਾਡੀ ਹਮਾਇਤ 'ਚ ਧਰਨਾ ਦਿੱਤਾ ਤਾਂ ਆਖਰ ਦਲਜੀਤ 'ਤੇ ਕੇਸ ਦਰਜ ਹੋਇਆ ਪਰ ਫਿਰ ਵੀ ਸਾਬਕਾ ਮੁੱਖ ਮੰਤਰੀ ਦਾ ਨਾਂ ਐੱਫ.ਆਈ.ਆਰ. ਸ਼ਾਮਲ ਨਹੀਂ ਕੀਤਾ ਗਿਆ ਹੈ'। ਮਜੀਠੀਆ ਨੇ ਕਿਹਾ ਕਿ 'ਆਪ' ਸਰਕਾਰ ਵੱਲੋਂ ਗੁਰਦਿਆਲ ਅਤੇ ਉਸ ਦੇ ਸਾਥੀਆਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੇ ਰਿਸ਼ਤੇ ਠੀਕ ਕਰ ਲਏ ਹਨ। ਜੇਕਰ ਸਰਕਾਰ ਨੇ ਚੰਨੀ ਖਿਲਾਫ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਇਸ ਮਾਮਲੇ 'ਚ ਕਾਨੂੰਨੀ ਚਾਰਾਜੋਈ ਕਰਨ ਤੋਂ ਇਲਾਵਾ ਰਾਜਪਾਲ ਤੱਕ ਪਹੁੰਚ ਕਰੇਗਾ।