ਚੰਡੀਗੜ੍ਹ, 28 ਸਤੰਬਰ : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਪਿਛਲੇ ਵਿੱਤੀ ਸਾਲ ਦੌਰਾਨ ਲਗਭਗ 23,700 ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿਚ ਗ਼ਲਤੀ ਨਾਲ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਦੋ ਵਾਰ ਅਤੇ ਕੁੱਝ ਮਾਮਲਿਆਂ ਵਿਚ ਤਿੰਨ ਵਾਰ ਟਰਾਂਸਫ਼ਰ ਕਰਵਾਏ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਂਚ ਦੇ ਹੁਕਮ ਦਿਤੇ ਹਨ। ਇਸ ਦੇ ਨਾਲ ਹੀ ਵਾਧੂ ਵਜ਼ੀਫ਼ੇ ਦੀ ਰਿਕਵਰੀ ਵੀ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਸਾਲ 2022-23 ਦੌਰਾਨ ‘ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫ਼ਾਰ ਐੱਸਸੀ ਐਂਡ ਅਦਰਜ਼ ਸਕੀਮ’ ਤਹਿਤ ਵਜ਼ੀਫ਼ਾ ਰਾਸ਼ੀ ਦੀ ਅਦਾਇਗੀ ਕੀਤੀ ਸੀ। ਸਿੱਖਿਆ ਵਿਭਾਗ ਵਲੋਂ ‘ਪਬਲਿਕ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ’ ਜ਼ਰੀਏ ਲਾਭਪਾਤਰੀ ਵਿਦਿਆਰਥੀਆਂ ਨੂੰ ਇਹ ਅਦਾਇਗੀ ਕੀਤੀ ਜਾਂਦੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਜ਼ੀਫ਼ਾ ਰਾਸ਼ੀ ਵਿਚ ਕੋਈ ਮੈਨੁਅਲ ਪ੍ਰਕਿਰਿਆ ਨਹੀਂ ਹੁੰਦੀ ਹੈ। ਦਸਿਆ ਜਾ ਰਿਹਾ ਹੈ ਕਿ ਇਹ ਤਕਨੀਕੀ ਗਲਤੀ ਕਾਰਨ ਹੋਇਆ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫ਼ਤਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੀਤਾ ਹੈ ਕਿ ਵਜ਼ੀਫ਼ਾ ਰਾਸ਼ੀ ਦੀ ਅਦਾਇਗੀ ਕਰਦੇ ਸਮੇਂ ‘ਪਬਲਿਕ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ’ ਵਿਚ ਤਕਨੀਕੀ ਗੜਬੜੀ ਹੋਣ ਕਰਕੇ 23 ਹਜ਼ਾਰ ਯੋਗ ਲਾਭਪਾਤਰੀਆਂ ਨੂੰ ਦੁੱਗਣੀ ਅਤੇ 694 ਲਾਭਪਾਤਰੀ ਵਿਦਿਆਰਥੀਆਂ ਦੇ ਖਾਤਿਆਂ ਵਿਚ ਤਿੱਗਣੀ ਵਜ਼ੀਫ਼ਾ ਰਾਸ਼ੀ ਟਰਾਂਸਫ਼ਰ ਹੋ ਗਈ ਹੈ। ਵਿਭਾਗ ਵਲੋਂ 20 ਅਕਤੂਬਰ ਤਕ ਵਾਧੂ ਵਜ਼ੀਫ਼ੇ ਦੀ ਰਿਕਵਰੀ ਦੇ ਹੁਕਮ ਦਿਤੇ ਗਏ ਹਨ। ਸਿੱਖਿਆ ਵਿਭਾਗ ਵਲੋਂ ਸਬੰਧਤ ਵਿਦਿਆਰਥੀਆਂ ਨੂੰ ਮੋਬਾਈਲਾਂ ’ਤੇ ਸੁਨੇਹੇ ਵੀ ਭੇਜੇ ਜਾ ਰਹੇ ਹਨ। ਵਿਭਾਗ ਵਲੋਂ ਪ੍ਰਤੀ ਵਿਦਿਆਰਥੀ ਸਟੇਟ ਸ਼ੇਅਰ ਵਜੋਂ 1400 ਰੁਪਏ ਅਤੇ ਕੇਂਦਰੀ ਸ਼ੇਅਰ ਵਜੋਂ 2100 ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ। ਹੁਣ ਜਿਨ੍ਹਾਂ ਖਾਤਿਆਂ ਵਿਚ ਇਸ ਤੋਂ ਇਲਾਵਾ 1400 ਰੁਪਏ ਜਾਂ ਫਿਰ 2100 ਰੁਪਏ ਦੀ ਵਾਧੂ ਐਂਟਰੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿਚ ਗਈ ਹੈ ਤਾਂ ਉਨ੍ਹਾਂ ਤੋਂ ਰਿਕਵਰੀ ਕੀਤੀ ਜਾਵੇਗੀ।