ਚੰਡੀਗੜ੍ਹ, 27 ਜੂਨ : ਰੋਡਵੇਜ਼, ਪਨਬਸ ਜਾਂ ਪੈਪਸੂ ਬੱਸ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਲਈ ਇਹ ਇੱਕ ਅਹਿਮ ਖ਼ਬਰ ਹੈ ਕਿ ਅੱਜ ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਸਮੂਹ ਕੰਟਰੈਕਟ ਡਰਾਈਵਰ ਤੇ ਕੰਡਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਅੱਜ ਹਰ ਕੋਈ ਆਪਣੀਆਂ ਮੰਗਾਂ ਨੂੰ ਲੈ ਕੇ ਬੱਸਾਂ ਦਾ ਚੱਕਾ ਜਾਮ ਕਰੇਗਾ। ਅੱਜ ਪੂਰੇ ਸੂਬੇ ਵਿੱਚ 3000 ਬੱਸਾਂ ਦੇ ਪਹੀਏ ਜਾਮ ਕੀਤੇ ਜਾਣਗੇ।ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੇ ਨਾਲ-ਨਾਲ ਵਿਭਾਗ ਦੇ ਐਮਡੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਪਰ ਕਿਸੇ ਵੀ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਮੁਲਾਜ਼ਮ ਯੂਨੀਅਨ ਨੇ 27 ਅਤੇ 28 ਜੂਨ ਨੂੰ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਸੀ।