- ਮੁੱਖ ਮੰਤਰੀ 1 ਨਵੰਬਰ ਤੋਂ ਪਹਿਲਾਂ ਸੰਦੀਪ ਪਾਠਕ ਦਾ ਅਸਤੀਫਾ ਲੈਣ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 17 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸਪਸ਼ਟ ਕਰਨ ਕਿ ਕੀ ਉਹ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਦੇ ਸਟੈਂਡ ਨਾਲ ਸਹਿਮਤ ਹਨ ਕਿ ਹਰਿਆਣਾ ਨੂੰ ਐਸ ਵਾਈ ਐਲ ਨਹਿਰ ਰਾਹੀਂ ਪਾਣੀ ਮਿਲਣਾ ਚਾਹੀਦਾ ਹੈ ਤੇ ਜੇਕਰ ਸਹਿਮਤ ਨਹੀਂ ਹਨ ਤਾਂ ਫਿਰ ਉਹ ਉਹਨਾਂ ਖਿਲਾਫ ਕੀ ਕਾਰਵਾਈ ਕਰਨਗੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ 1 ਨਵੰਬਰ ਨੂੰ ਐਸ ਵਾਈ ਐਲ ਨਹਿਰ ਦੇ ਮਾਮਲੇ ’ਤੇ ਬਹਿਸ ਕਰਨਾ ਚਾਹੁੰਦੇ ਹਨ ਪਰ ਉਹਨਾਂ ਦੀ ਆਪਣੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਸੂਬੇ ਦੇ ਹਿੱਤਾਂ ’ਤੇ ਸਮਝੌਤਾ ਕਰ ਲਿਆ। ਉਹਨਾਂ ਕਿਹਾ ਕਿ ਹੁਣ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਹਰਿਆਣਾ ਦੀ ਵਕਾਲਤ ਕਰ ਰਹੇ ਹਨ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਹੀ ਠਹਿਰਾ ਕੇ ਦਾਅਵਾ ਕਰ ਰਹੇ ਹਨ ਕਿ ਇਹ ਸਿਰਫ ਸਿਆਸੀ ਮਸਲਾ ਹੈ ਤੇ ਹਰਿਆਣਾ ਨੂੰ ਪਾਣੀ ਮਿਲਣਾ ਚਾਹੀਦਾ ਹੈ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਲੀਡਰਸ਼ਿਪ ਨੇ ਐਸ ਵਾਈ ਐਲ ਮਾਮਲੇ ’ਤੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਆਪ ਨੂੰ ਪੰਜਾਬੀਆਂ ਵੱਲੋਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਨਹੀਂ ਸਮਝਦੇ ਕਿ ਇਹ ਮਸਲਾ ਸਿਆਸੀ ਹੈ। ਉਹਨਾਂ ਕਿਹਾ ਕਿ ਇਹ ਸਾਡੇ ਜੀਵਨ ਤੇ ਮਰਨ ਨਾਲ ਤੇ ਸਾਡੀਆਂ ਭਵਿੱਖੀ ਪੀੜੀਆਂ ਨਾਲ ਸਬੰਧਤ ਹੈ। ਉਹਨਾਂ ਕਿਹਾ ਕਿ ਅਸੀਂ ਸੰਦੀਪ ਪਾਠਕ ਵਰਗੇ ਬਾਹਰਲੇ ਜੋ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਆਸ਼ੀਰਵਾਦ ਦੀ ਬਦੌਲਤ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੇ ਹਨ, ਨੂੰ ਕਿਸੇ ਵੀ ਕੀਮਤ ’ਤੇ ਹਰਿਆਣਾ ਨੂੰ ਸਾਡੇ ਹਿੱਤ ਨਹੀਂ ਵੇਚਣ ਦਿਆਂਗੇ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ 1 ਨਵੰਬਰ ਤੋਂ ਪਹਿਲਾਂ ਪਹਿਲਾਂ ਆਪਣਾ ਸਟੈਂਡ ਸਪਸ਼ਟ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸੰਦੀਪ ਪਾਠਕ ਦੇ ਤੁਰੰਤ ਅਸਤੀਫੇ ਦੀ ਮੰਗ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਇਹ ਵੀ ਦੱਸਣ ਕਿ ਕਿਸਨੇ ਪਾਠਕ ਨੂੰ ਐਸ ਵਾਈ ਐਲ ਨਹਿਰ ਦੇ ਮਾਮਲੇ ’ਤੇ ਪੰਜਾਬ ਵਿਰੋਧੀ ਸਟੈਂਡ ਲੈਣ ਦਾ ਅਧਿਕਾਰ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਉਹ ਇਹ ਦੋ ਕੰਮ ਤੁਰੰਤ ਨਹੀਂ ਕਰਨਗੇ ਤਾਂ ਇਹ ਸਾਬਤ ਹੋ ਜਾਵੇਗਾ ਕਿ ਭਗਵੰਤ ਮਾਨ ਵੀ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਨੂੰ ਦੇਣ ਦੀ ਸਾਜ਼ਿਸ਼ ਦਾ ਹਿੱਸਾ ਹਨ ਤੇ ਉਹ ਇਸ ਬਹੁਤ ਹੀ ਸੰਵੇਦਨਸ਼ੀਲ ਮਾਮਲੇ ’ਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਸਤੇ ਸਿਰਫ ਡਰਾਮਾ ਕਰ ਰਹੇ ਹਨ।