ਚੰਡੀਗੜ੍ਹ, 6 ਜੂਨ : ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦਿੰਦੀਆਂ ਮੰਗਲਵਾਰ ਨੂੰ ਖਰੜ ਹਲਕੇ ਵਿੱਚ ਪੈਂਦੀਆਂ ਪਿੰਡਾਂ ਦੀ ਗ੍ਰਾਮ ਪੰਚਾਇਤਾ ਨੂੰ ਪਿੰਡਾ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਕੁੱਲ 83.08 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਹਲਕਾ ਖਰੜ ਦੇ ਵੱਖ ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਮ ਪੰਚਾਇਤ ਫਾਟਵਾਂ, ਮਹਿਰਮਪੁਰ, ਕਾਦੀਮਾਜਰਾ, ਸਾਮੀਪੁਰ, ਅੰਧਹੇੜੀ, ਮਲਕਪੁਰ, ਤਾਜਪੁਰਾ, ਸਿਆਲਬਾ, ਮਹਿਰੋਲੀ, ਬਹਾਲਪੁਰ, ਖੇੜਾ ਅਤੇ ਰਤਨਗੜ੍ਹ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਤੀ ਪਿੰਡ 2-2 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਦਿਤੇ ਗਏ ਹਨ। ਉਨ੍ਹਾ ਕਿਹਾ ਕਿ ਨੰਗਲਗੜ੍ਹੀਆ ਅਤੇ ਝੰਡੇਮਾਜਰਾ ਦੀਆਂ ਗਾ੍ਮ ਪੰਚਾਇਤਾਂ ਨੂੰ ਵਿਕਾਸ ਲਈ 2.50 -2.50 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਜਾਰੀ ਕੀਤੇ ਗਏ ਹਨ। ਇਸ ਤਰ੍ਹਾਂ ਇਹਨਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੁੱਲ 29 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ ਹਨ। ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਏਕਤਾ ਕਲੱਬ ਕੂਬਾਹੇੜੀ, ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਆਲਬਾ, ਗਰਾਮ ਪੰਚਾਇਤ ਮਾਜਰੀ, ਜੈਤੀ ਮਾਜਰੀ, ਤਕੀਪੁਰ, ਭੂਪਨਗਰ, ਬਦਰਪੁਰ, ਨਗਲੀਆਂ ਅਤੇ ਤਕਤਾਣਾ ਆਦਿ ਵਿਖੇ ਪਿੰਡਾਂ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ 28 ਲੱਖ ਰੁਪਏ ਦੇ ਚੈੱਕ ਵੰਡੇ ਗਏ। ਮੰਤਰੀ ਨੇ ਅੱਗੇ ਦੱਸਿਆ ਕਿ ਹਲਕਾ ਖਰੜ ਦੇ ਵੱਖ ਵੱਖ ਪਿੰਡਾਂ ਦੇ ਗ਼ਰੀਬ ਪਰਿਵਾਰਾਂ ਨੂੰ ਮਾਲੀ ਸਹਾਇਤਾ ਦਿੰਦੇ ਹੋਏ ਮਕਾਨ ਦੀ ਮੁਰੰਮਤ ਲਈ ਅਤੇ ਵੱਖ ਵੱਖ ਹੋਰ ਵਿਕਾਸ ਦੇ ਕੰਮਾਂ ਲਈ 16.08 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ। ਇਸ ਤੋਂ ਖਰੜ ਹਲਕੇ ਦੀਆਂ ਗਾ੍ਮ ਪੰਚਾਇਤਾਂ ਸੰਗਲਾਂ, ਢਕੋਰਾ ਖ਼ੁਰਦ, ਫਤਿਹਪੁਰ, ਬਘਿੰੜੀ ਅਤੇ ਮੁਲਾਂਪੁਰ ਸੋਢੀਆਂ ਪਿੰਡਾਂ ਨੂੰ ਪ੍ਰਤੀ ਪਿੰਡ ਵਿਕਾਸ ਕਾਰਜਾਂ ਲਈ 2-2 ਲੱਖ ਰੁਪਏ ਕੁੱਲ 10 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਲਕਾ ਖਰੜ ਦੇ ਪਿੰਡਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਹੋਰ ਉੱਚਾ ਹੋ ਸਕੇ। ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਸਰਬ-ਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਮੰਤਰੀ ਵੱਲੋਂ ਪਿੰਡਾਂ ਦੇ ਵਿਕਾਸ ਲਈ ਗਰਾਂਟਾਂ ਦੇ ਚੈੱਕ ਮਿਲਣ ‘ਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਅਨਮੋਲ ਗਗਨ ਮਾਨ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਵੱਡੀਆਂ ਸਖਸ਼ੀਅਤਾਂ ਸਮੇਤ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਾਕਮ ਸਿੰਘ, ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਹਰੀਸ਼ ਕੁਮਾਰ, ਬੀਡੀਪੀਓ ਪ੍ਰਦੀਪ ਸ਼ਾਰਧਾ, ਜਗਦੀਪ ਸਿੰਘ ਸਰਪੰਚ ਮਾਜਰੀ, ਗੋਲਡੀ ਸਿਆਲਬਾ, ਰਾਜ ਕੁਮਾਰ ਨੰਬਰਦਾਰ ਸਿਆਲਬਾ, ਰਣਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਅਤੇ ਹੋਰ ਸਰਪੰਚ, ਪੰਚ ਅਤੇ ਉੱਘੇ ਵਿਅਕਤੀ ਵਿਸ਼ੇਸ ਤੌਰ ਤੇ ਹਾਜ਼ਰ ਸਨ।