ਚੰਡੀਗੜ੍ਹ, 27 ਜੁਲਾਈ : ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਸੀਨੀਅਰ ਭਾਜਪਾ ਆਗੂਆਂ ਦਾ ਇਕ ਵਫ਼ਦ ਵੀਰਵਾਰ ਨੂੰ ਪੰਜਾਬ ਦੇ ਰਾਜਪਾਲ ਮਾਨਯੋਗ ਬਨਵਾਰੀ ਲਾਲ ਪੁਰੋਹਿਤ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਣਦੇਖੀ ਕਾਰਨ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਬਦਤਰ ਸਥਿਤੀ ਅਤੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਇੱਕ ਮੰਗ ਪੱਤਰ ਮਾਨਯੋਗ ਰਾਜਪਾਲ ਨੂੰ ਸੌਂਪਿਆ। ਇਸ ਮੌਕੇ ਵਫਦ ਵਿੱਚ ਸੁਨੀਲ ਜਾਖੜ ਦੇ ਨਾਲ ਕੇਵਲ ਸਿੰਘ ਢਿੱਲੋਂ, ਲਖਵਿੰਦਰ ਕੌਰ ਗਰਚਾ, ਪਰਮਿੰਦਰ ਬਰਾੜ, ਗੁਰਪ੍ਰੀਤ ਸਿੰਘ ਕਾਂਗੜ, ਅਰਵਿੰਦ ਖੰਨਾ, ਬਲਬੀਰ ਸਿੱਧੂ, ਅਮਨਜੋਤ ਕੌਰ ਰਾਮੂਵਾਲੀਆ, ਜੈਇੰਦਰ ਕੌਰ, ਡਾ: ਸੁਭਾਸ਼ ਸ਼ਰਮਾ, ਰਾਕੇਸ਼ ਰਾਠੌਰ, ਰਾਜ ਕੁਮਾਰ ਵੇਰਕਾ ਆਦਿ ਸ਼ਾਮਲ ਸਨ।
ਸਤਿਕਾਰਯੋਗ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਜੀ,
ਮੈਂ ਆਪ ਜੀ ਨੂੰ ਕਰੋੜਾਂ ਪੰਜਾਬੀਆਂ ਦੀ ਬੇਸਹਾਰਾ ਸਥਿਤੀ 'ਤੇ ਆਪਣਾ ਗਹਿਰਾ ਦੁੱਖ ਅਤੇ ਦਰਦ ਸਾਂਝਾ ਕਰਨ ਲਈ ਇਹ ਪੱਤਰ ਲਿਖ ਰਿਹਾ ਹਾਂ । ਇਹ ਲੋਕ ਅਯੋਗ,ਅਸਮਰੱਥ ਅਤੇ ਲਾਪਰਵਾਹ ਪੰਜਾਬ ਸਰਕਾਰ ਵਲੋਂ ਆਪਣੀਆਂ ਸਮੱਸਿਆਵਾਂ ਆਪ ਹੀ ਹੱਲ ਕਰਨ ਲਈ ਮਜਬੂਰ ਕੀਤੇ ਜਾ ਰਹੇ ਹਨ । ਉਨ੍ਹਾਂ ਦੇ ਘਰ ਅਤੇ ਖੇਤ ਹੜ੍ਹਾਂ ਦੇ ਪਾਣੀ ਨਾਲ ਡੁੱਬ ਗਏ ਹਨ। ਪੰਜਾਬ ਵਾਸੀਆਂ ਵੱਲੋਂ ਝੱਲੀਆਂ ਜਾ ਰਹੀਆਂ ਦੁੱਖ-ਤਕਲੀਫ਼ਾਂ ਦੂਰ ਕਰਨੀਆਂ ਚਾਹੀਦੀਆਂ ਹਨ | ਲੇਕਿਨ ਲੋਕਾਂ ਨੂੰ ਜਿਆਦਾਤਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ, ਰਾਜ ਦੇ ਜ਼ਿਆਦਾਤਰ ਜ਼ਿਲ੍ਹੇ ਅਜੇ ਵੀ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਦੂਜੇ ਪਾਸੇ ਹਾਲੇ ਵੀ ਸ.ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਇਹਨਾਂ ਲੋਕਾਂ ਨੂੰ ਰਾਹਤ ਦੇਣ ਲਈ ਲੋੜੀਂਦੀ ਯੋਜਨਾਬੰਦੀ ਕਰਦੀ ਨਜਰ ਨਹੀਂ ਆਉਂਦੀ, ਇਥੋਂ ਤੱਕ ਕਿ ਮੁੱਖ ਮੰਤਰੀ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੀ ਰਵਾਇਤੀ ਤੌਰ 'ਤੇ ਹੜ੍ਹਾਂ ਦੀ ਤਿਆਰੀ ਦੀ ਸਮੀਖਿਆ ਮੀਟਿੰਗ ਕਰਨ ਦੀ ਵੀ ਖੇਚਲ ਨਹੀਂ ਕੀਤੀ ਜੋ ਕਿ ਹਰ ਸਾਲ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਅਗਾਊ ਪ੍ਰਬੰਧਾਂ ਲਈ ਕੀਤੀ ਜਾਂਦੀ ਰਹੀ ਹੈ | ਸਰਕਾਰ ਨੇ ਆਪਣੇ ਆਪ ਨੂੰ ਭਾਰਤੀ ਮੌਸਮ ਵਿਭਾਗ ਵਲੋਂ ਜਾਰੀ ਕੀਤੀਆਂ ਜਾ ਰਹੀਆਂ ਸਾਰੀਆਂ ਚੇਤਾਵਨੀਆਂ ਤੋਂ ਕਾਫੀ ਹੱਦ ਤੱਕ ਅਣਗੌਲਿਆ ਰੱਖਿਆ ਤੇ ਲੋਕਾਂ ਹਿੱਤਾਂ ਦੀ ਪ੍ਰਵਾਹ ਨਹੀਂ ਕੀਤੀ। ਇਨਾਂ ਹੀ ਨਹੀਂ ਹਕੂਮਤ ਦੇ ਹੰਕਾਰੀ ਅਤੇ ਸੱਤਾ ਦੇ ਨਸ਼ੇ ਵਿੱਚ ਚੂਰ ਵਿਧਾਇਕਾਂ ਨੇ ਲੋੜਵੰਦਾਂ ਤੱਕ ਸਮੇਂ ਸਿਰ ਵਿੱਤੀ ਸਹਾਇਤਾ ਅਤੇ ਰਾਹਤ ਸਮੱਗਰੀ ਪਹੁੰਚਾਉਣ ਦੇ ਕਿਸੇ ਵੀ ਸੰਭਾਵੀ ਯਤਨ ਵਿੱਚ ਸਹਿਯੋਗ ਕਰਨ ਦੀ ਬਜਾਇ ਸਮੱਸਿਆ ਨੂੰ ਹੋਰ ਵਧਾ ਕੇ ਪੰਜਾਬ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਮੰਦਭਾਗੀ ਸਥਿਤੀ ਇਹ ਹੈ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਅਜਿਹੇ ਸਮੇਂ ਹੜਤਾਲ ਕਰਨ ਲਈ ਮਜ਼ਬੂਰ ਕੀਤਾ ਗਿਆ ਜਦੋਂ ਕਿ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਸਪੇਸ਼ਲ ਗਿਰਦਾਵਰੀ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਵਿੱਤੀ ਸਹਾਇਤਾ ਮਿਲ ਸਕਦੀ ਹੈ। ਇਸ ਸਰਕਾਰ ਨੇ ਅੱਜ ਤੱਕ ਪ੍ਰਸ਼ਾਸ਼ਨ ਦੇ ਕੰਮਾਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਕਰਨ ਵਾਲੇ ਆਪਣੇ ਵਿਧਾਇਕਾਂ ਨੂੰ ਉਨ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਆਚਰਣ ਲਈ ਤਾੜਨਾ ਕਰਨ ਦੀ ਗੰਭੀਰਤਾ ਨਾਲ ਕੋਸ਼ਿਸ਼ ਨਹੀਂ ਕੀਤੀ | ਅਜਿਹਾ ਲੱਗਦਾ ਹੈ ਕਿ ਸਰਕਾਰ ਕੋਲ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਕੋਈ ਸਮਾਂ ਨਹੀਂ ਹੈ ਜਿਸ ਕਾਰਨ ਫਸਲਾਂ ਅਤੇ ਘਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸੂਬੇ ਦੇ ਲੋਕ ਹੜਾਂ ਦੀ ਇਸ ਸਥਿਤੀ ਵਿਚ ਜਿਥੇ ਆਪਣੇ ਜਾਨ ਮਾਲ ਦੀ ਰਾਖੀ ਲਈ ਜੱਦੋ ਜਹਿਦ ਕਰ ਰਹੇ ਹਨ ਉੱਥੇ ਮੁੱਖ ਮੰਤਰੀ ਤੇ ਮੰਤਰੀ ਫ਼ੋਟੋਆਂ ਖਿਚਵਾਉਣ ਤੱਕ ਹੀ ਸੀਮਤ ਰਹਿ ਕੇ ਇਸ ਗੰਭੀਰ ਘੜੀ ਵਿੱਚ ਅਸੰਵੇਦਨਸ਼ੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਮੈਨੂੰ ਯਕੀਨ ਹੈ ਕਿ ਆਪ ਜੀ ਮੇਰੇ ਵਲੋਂ ਪ੍ਰਗਟਾਏ ਖਦਸ਼ਿਆਂ ਨਾਲ ਸਹਿਮਤ ਹੋਵੋਂਗੇ ਤੇ ਤੁਸੀਂ ਨਿੱਜੀ ਤੌਰ 'ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਜ਼ਮੀਨੀ ਹਕੀਕਤ ਤੋਂ ਜਾਣੂੰ ਹੋਵੋਂਗੇ। ਇਸ ਲਈ, ਮੈਂ ਆਪ ਜੀ ਤੱਕ ਪਹੁੰਚਿਆ ਹਾਂ ਕਿਉਂਕਿ ਦੂਰਦਰਸ਼ਤਾ ਅਤੇ ਯੋਜਨਾਬੰਦੀ ਤੋਂ ਰਹਿਤ ਸਰਕਾਰ ਲੋਕਾਂ ਦੀ ਸੁਰੱਖਿਆ ਕਰਨ ਵਿਚ ਕਾਫੀ ਹੱਦ ਤੱਕ ਨਾਕਾਮ ਰਹੀ ਹੈ । ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਪ ਜੀ ਸਰਕਾਰ ਨੂੰ ਹਦਾਇਤ ਕਰੋ ਕਿ ਉਹ ਮੁਸ਼ਕਿਲਾਂ ਝੱਲ ਰਹੇ ਕਿਸਾਨਾਂ,ਦੁਕਾਨਦਾਰਾਂ ਅਤੇ ਸੂਬੇ ਦੇ ਹੋਰ ਸਾਰੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਫੌਰੀ ਤੌਰ ਤੇ ਅੰਤਰਿਮ ਰਾਹਤ ਦੇਵੇ। ਅੱਜ ਲੱਖਾਂ ਲੋਕ ਰੋਜ਼ੀ-ਰੋਟੀ ਗੁਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਤੁਰੰਤ ਸਹਾਇਤਾ ਦੀ ਲੋੜ ਹੈ । ਇਸ ਐਮਰਜੈਂਸੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪਹਿਲਾਂ ਹੀ ਲੋੜੀਂਦੀਆਂ ਸ਼ਰਤਾਂ ਨੂੰ ਮੁਆਫ ਕਰਕੇ ਜ਼ਰੂਰੀ ਫੰਡ ਮੁਹੱਈਆ ਕਰਵਾਏ ਹਨ ਪਰ ਇਹ ਸਰਕਾਰ ਜਾਣਬੁੱਝ ਕੇ ਇਸ ਪੈਸੇ 'ਤੇ ਕੁੰਡਲੀ ਮਾਰਕੇ ਬੈਠੀ ਹੈ। ਕੁਝ ਖੇਤਰਾਂ ਵਿੱਚ ਪਹਿਲਾਂ ਹੀ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਣ ਦੀਆਂ ਸ਼ੰਕਾ ਜ਼ਾਹਰ ਕੀਤਾ ਜਾ ਚੁੱਕੀ ਹੈ। ਉਨ੍ਹਾਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਤੁਰੰਤ ਉਪਲਬੱਧ ਕਰਵਾਉਣੀ ਚਾਹੀਦੀ ਹੈ। ਮੈਂ ਆਪ ਜੀ ਨੂੰ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਆਪਣੇ ਅਹੁਦੇ ਅਤੇ ਅਧਿਕਾਰਾਂ ਦੀ ਵਰਤੋਂ ਕਰਕੇ ਪੰਜਾਬ ਸਰਕਾਰ ਨੂੰ ਆਪਣਾ ਸੰਵਿਧਾਨਕ ਫਰਜ਼ ਨਿਭਾਉਣ ਲਈ ਮਜਬੂਰ ਕਰੋ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਬਣਾਓ ।