ਚੰਡੀਗੜ੍ਹ, 10 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਾਂਝੇ ਸਿਵਲ ਕੋਡ ਦੇ ਮਾਮਲੇ ’ਤੇ ਮੁਸਲਿਮ ਤੇ ਇਸਾਈ ਭਾਈਚਾਰਿਆਂ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਉਹਨਾਂ ਦੀ ਰਾਇ ਜਾਣੀ ਜਿਸ ਦੌਰਾਨ ਘੱਟ ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ 21ਵੇਂ ਕਾਨੂੰਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਅਕਾਲੀ ਦਲ ਨੇ ਇਸ ਮਾਮਲੇ ’ਤੇ ਇਕ ਸਬ ਕਮੇਟੀ ਗਠਿਤ ਕੀਤੀ ਹੋਈ ਹੈ ਜਿਸ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਸਿਕੰਦਰ ਸਿੰਘ ਮਲੂਕਾ ਅਤੇ ਡਾ. ਦਲਜੀਤ ਸਿੰਘ ਚੀਮਾ ਮੈਂਬਰ ਹਨ। ਇਸ ਕਮੇਟੀ ਦਾ ਗਠਨ ਇਸ ਮਾਮਲੇ ਵਿਚ ਸਾਰੇ ਸਬੰਧਤਾਂ ਦਾ ਪੱਖ ਲੈ ਕੇ ਆਮ ਰਾਇ ਤਿਆਰ ਕਰਨਾ ਹੈ। ਸਿੱਖ ਕੌਮ ਦੀ ਰਾਇ ਪਹਿਲਾਂ ਲਈ ਜਾ ਚੁੱਕੀ ਹੈ। ਮੁਸਲਿਮ ਤੇ ਇਸਾਈ ਭਾਈਚਾਰਿਆਂ ਦੇ ਮੈਂਬਰਾਂ ਨੇ ਅਕਾਲੀ ਦਲ ਵੱਲੋਂ ਸਾਰੀਆਂ ਸਬੰਧਤ ਧਿਰਾਂ ਦੀ ਰਾਇ ਲੈਣ ਲਈ ਕੀਤੀ ਪਹਿਲਕਦਮੀ ਦਾ ਸਵਾਗਤ ਕੀਤਾ ਹੈ ਤੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਜਦੋਂ 21ਵੇਂ ਕਾਨੂੰਨ ਕਮਿਸ਼ਨ ਨੇ ਸਿਫਾਰਸ਼ ਕੀਤੀ ਹੈ ਕਿ ਸਾਂਝੇ ਸਿਵਲ ਕੋਡ ਦੀ ਨਾ ਕੋਈ ਲੋੜ ਹੈ ਤੇ ਨਾ ਹੀ ਇਸਦੀ ਕੋਈ ਇੱਛਾ ਹੈ ਤਾਂ ਇਸਦੇ ਬਾਵਜੂਦ 22ਵੇਂ ਕਾਨੂੰਨ ਕਮਿਸ਼ਨ ਨੇ ਇਸ ’ਤੇ ਨਵੇਂ ਸਿਰੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਮਹਿਸੂਸ ਕੀਤਾ ਕਿ ਇਸ ਮਾਮਲੇ ਵਿਚ ਕੇਂਦਰ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਸਾਂਝੇ ਸਿਵਲ ਕੋਡ ਦਾ ਖਰੜਾ ਜਾਰੀ ਕਰਨ ਤੋਂ ਬਾਅਦ ਹੋਰ ਵਿਸਥਾਰ ਵਿਚ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ ਤਾਂ ਜੋ ਮਾਮਲੇ ਵਿਚ ਰਾਇ ਕਾਇਮ ਕੀਤੀ ਜਾ ਸਕੇ। ਮੀਟਿੰਗ ਵਿਚ ਮੁਸਲਿਮ ਭਾਈਚਾਰੇ ਤੋਂ ਸ਼੍ਰੀਮਤੀ ਜਾਹਿਦਾ ਸੁਲੇਮਾਨ, ਸ਼੍ਰੀ ਸਰਫਰੋਜ਼ ਅਲੀ ਭੂਟੋ ਮੋਗਾ, ਮੁਹੰਮਦ ਅਸਲਮ ਅਹਿਮਦਗੜ੍ਹ, ਸ਼੍ਰੀ ਕਰੀਫੁਕਰਾਨ ਅਹਿਮਦ ਅਹਿਮਦਗੜ੍ਹ, ਮੁਹੰਮਦ ਅਨਵਰ ਅਭੂ ਅਹਿਮਦਗੜ੍ਹ, ਮੁਹੰਮਦ ਯੂਨਿਸ ਅਹਿਮਦਗੜ, ਨਵਾਬ ਮਲਿਕ ਲੁਧਿਆਣਾ, ਮੁਹੰਮਦ ਇਰਸ਼ਾਦ ਲੁਧਿਆਣਾ, ਮੁਹੰਮਦ ਮੁਕਰਮ ਲੁਧਿਆਣਾ, ਫਾਰੂਕ ਖਾਨ ਮਲੇਰਕੋਟਲਾ, ਮੁਹੰਮਦ ਇਰਸ਼ਾਦ ਮਲੇਰਕੋਟਲਾ, ਸ਼੍ਰੀ ਕਰਮਦੀਨ ਮਲੇਰਕੋਟਲਾ, ਮੁਹੰਮਦ ਇਰਫਾਨ ਮਲੇਰਕੋਟਲਾ, ਮੁਹੰਮਦ ਹਮਜ਼ਾ ਮਲੇਰਕੋਟਲਾ ਅਤੇ ਖੁਰਸ਼ੀਦ ਕਾਸਮੀ ਮਲੇਰਕੋਟਲਾ ਅਤੇ ਈਸਾਈ ਭਾਈਚਾਰੇ ਤੋਂ ਸ਼੍ਰੀ ਅਗਸਤਨ ਦਾਸ ਲੁਧਿਆਣਾ, ਸ਼੍ਰੀ ਅਮਨਦੀਪ ਗਿੱਲ ਮਜੀਠਾ, ਸ਼੍ਰੀ ਜਸਪਾਲ ਮਸੀਹ ਅਮ੍ਰਿਤਸਰ, ਸ਼੍ਰੀ ਕਮਲਦੀਪ ਮਸੀਹ ਰਾਮਪੁਰਾ, ਸ਼੍ਰੀ ਪ੍ਰਤਾਪ ਭੱਟੀ ਫਤਿਹਗੜ੍ਹ ਚੂੜੀਆਂ, ਸ਼੍ਰੀ ਵਲੈਤ ਮਸੀਹ ਅਜਨਾਲਾ ਅਤੇ ਸ. ਮਨਜੀਤ ਸਿੰਘ ਲੁਧਿਆਣਾ ਹਾਜ਼ਰ ਸਨ। ਮੀਟਿੰਗ ਵਿਚ ਸੀਨੀਅਰ ਆਗੂ ਸਰਦਾਰ ਚਰਨਜੀਤ ਸਿੰਘ ਬਰਾੜ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਵੀ ਸ਼ਮੂਲੀਅਤ ਕੀਤੀ।