ਚੰਡੀਗੜ੍ਹ, 10 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਜੰਮ ਕੇ ਰਗੜੇ ਲਾਏ ਤੇ ਕਿਹਾ ਕਿ ਕੌਮੀ ਪੱਧਰ ’ਤੇ ’ਇੰਡੀਆ’ ਗਠਜੋੜ ਬਣਨ ਤੋਂ ਬਾਅਦ ਸੂਬੇ ਵਿਚ ਵਿਜੀਲੈਂਸ ਨੇ ਕਾਂਗਰਸੀ ਆਗੂਆਂ ਖਿਲਾਫ ਚੁੱਪੀ ਧਾਰ ਲਈ ਹੈ।ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਭਾਵੇਂ ਪਹਿਲਾਂ ਵਿਜੀਲੈਂਸ ਬਿਊਰੋ ਨੂੰ ਕਾਂਗਰਸੀ ਆਗੂਆਂ ਖਿਲਾਫ ਵੱਡੀ ਪੱਧਰ ’ਤੇ ਜਾ ਰਿਹਾ ਸੀ ਤੇ ਉਹ ਵੀ ਚੋਣਵੇਂ ਰੂਪ ਵਿਚ ਵਰਤਿਆ ਜਾ ਰਿਹਾ ਸੀ ਪਰ ਹੁਣ ਕੌਮੀ ਪੱਧਰ ’ਤੇ ਗਠਜੋੜ ਹੋਣ ਮਗਰੋਂ ਇਸਦੀ ਵਰਤੋਂ ਨੂੰ ਮੁਕੰਮਲ ਬ੍ਰੇਕਾਂ ਲੱਗ ਗਈਆਂ ਹਨ ਕਿਉਂਕਿ ਦੋਵੇਂ ਪਾਰਟੀਆਂ ਗਠਜੋੜ ਦੀਆਂ ਮੈਂਬਰ ਹਨ। ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਅਕਾਲੀ ਆਗੂ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਵੀ ਹਨ ਤਾਂ ਉਹਨਾਂ ਨੂੰ ਰਣਜੀਤ ਟਰਾਫੀ ਦੇ ਸਾਬਕਾ ਖਿਡਾਰੀ ਜਸਿੰਦਰ ਸਿੰਘ ਬੈਦਵਾਨ ਨੂੰ ਇਨਸਾਫ ਦੁਆਉਣ ਤੋਂ ਕੌਣ ਰੋਕ ਰਿਹਾ ਹੈ ਜਿਸ ਬਾਰੇ ਉਹਨਾਂ ਦਾਅਵਾ ਕੀਤਾ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਕਾਰੀ ਨੌਕਰੀ ਬਦਲੇ ਉਹਨਾਂ ਤੋਂ 2 ਕਰੋੜ ਰੁਪਏ ਮੰਗੇ ਸਨ। ਉਹਨਾਂ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਵਿਜੀਲੈਂਸ ਤੇ ਪੁਲਿਸ ਚੰਨੀ ਦੀ ਭਾਲ ਕਿਉਂ ਨਹੀਂ ਕਰ ਰਹੇ ਕਿਉਂਕਿ ਉਹਨਾਂ ਦਾ ਦੇਰ ਰਾਤ ਦੀਆਂ ਮੀਟਿੰਗਾਂ ਵਿਚ ਮੁੱਖ ਮੰਤਰੀ ਨਾਲ ਗੁਪਤ ਸਮਝੌਤਾ ਹੋ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵਰ੍ਹਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਉਹ ਸਟੇਜਾਂ ਤੋਂ ਦਾਅਵੇ ਕਰਦੇ ਸਨ ਕਿ 75:25 ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਇਸਦੀ ਅਸਲੀਅਤ ਵੇਖ ਲਈ ਹੈ ਕਿ ਕਿਵੇਂ ਕਾਂਗਰਸ ਸਰਕਾਰ ਵੇਲੇ ਕਾਂਗਰਸ ਦਾ 75 ਤੇ ਆਪ ਦਾ 25 ਫੀਸਦੀ ਹਿੱਸਾ ਸੀ ਤੇ ਹੁਣ ਆਪ ਦੀ ਸਰਕਾਰ ਬਣਨ ਮਗਰੋਂ ਸਥਿਤੀ ਉਲਟ ਹੋ ਗਈ ਹੈ ਤੇ ਆਪ ਦਾ ਹੁਣ ਵੱਡਾ ਹਿੱਸਾ ਹੈ। ਉਹਨਾਂ ਕਿਹਾ ਕਿ ਮੀਡੀਆ ਰਿਪੋਰਟਾਂ ਵਿਚ ਵੀ ਸਾਹਮਣੇ ਆਇਆ ਹੈ ਕਿ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਰਲ ਕੇ ਲੜਨਗੀਆਂ ਤੇ ਆਪ 8 ਅਤੇ ਕਾਂਗਰਸ 5 ਸੀਟਾਂ ’ਤੇ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਪਿਛਲੇ ਮਹੀਨਿਆਂ ਤੋਂ ਪੰਜਾਬੀ ਹੜ੍ਹਾਂ ਕਾਰਨ ਭਾਰੀ ਨੁਕਸਾਨ ਝੱਲ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ-ਵੱਡੇ ਦਾਅਵੇ ਕਰਨ ਤੋਂ ਇਲਾਵਾ ਕੋਈ ਰਾਹਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਲੋਕਾਂ ਨੂੰ ਮੁਆਵਜ਼ੇ ਦਾ ਇਕ ਧੇਲਾ ਵੀ ਨਹੀਂ ਮਿਲਿਆ। ਉਹਨਾਂ ਕਿਹਾ ਕਿ ਕਿਸਾਨਾਂ ਨੇ ਆਪਣੀਆਂ ਫਸਲਾਂ ਗੁਆ ਲਈਆਂ ਹਨ ਤੇ ਪਿੰਡਾਂ ਤੇ ਸ਼ਹਿਰਾਂ ਵਿਚ ਹੜ੍ਹਾਂ ਕਾਰਨ ਲੋਕਾਂ ਦੇ ਘਰ ਨੁਕਸਾਨੇ ਗਏ ਹਨ ਪਰ ਸਰਕਾਰ ਲੋਕਾਂ ਦੀ ਬਾਂਹ ਫੜਨ ਵਿਚ ਨਾਕਾਮ ਸਾਬਤ ਹੋਈ ਹੈ।