ਚੰਡੀਗੜ੍ਹ, 29 ਜੂਨ : ਪੰਜਾਬ ਵਿਜੀਲੈਂਸ ਵੱਲੋਂ ਸੂਬੇ ਨੂੰ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ। ਜਿਸ ਦੇ ਤਹਿਤ ਵਿਜੀਲੈਂਸ ਵੱਲੋਂ ਪਹਿਲਾਂ ਹੀ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਤੇ ਵੀ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਮਾਮਲਿਆਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਾਂਗਰਸ ਤੋਂ ਬਾਅਦ ਹੁਣ ਵਿਜੀਲੈਂਸ ਨੇ ਆਪਣੀ ਜਾਂਚ ਨੂੰ ਅਕਾਲੀ ਦਲ ਦੇ ਸਾਬਕਾ ਮੰਤਰੀਆਂ, ਵਿਧਾਇਕਾਂ, ਮੁੱਖ ਸੰਸਦੀ ਸਕੱਤਰ ਤੱਕ ਲਿਆਂਦਾ ਹੈ। ਵਿਜੀਲੈਂਸ ਦੀ ਰਡਾਰ ‘ਤੇ ਅਕਾਲੀ ਦਲ ਦੇ 6 ਵੱਡੇ ਲੀਡਰ ਹਨ ਜਿਹਨਾਂ ‘ਤੇ ਸ਼ੱਕ ਹੈ ਕਿ ਇਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਅਕਾਲੀ ਦਲ ਦੇ ਇਹਨਾਂ 6 ਵੱਡੇ ਲੀਡਰਾਂ ਖਿਲਾਫ਼ ਵਿਜੀਲੈਂਸ ਨੇ ਕੱਚਾ ਚਿੱਠਾ ਤਿਆਰ ਕਰ ਲਿਆ ਹੈ। ਪੰਜਾਬ ਸਰਕਾਰ ਨੇ ਇਹਨਾਂ ਲੀਡਰਾਂ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਤੱਥ ਇੱਕਠਾ ਕਰਨ ਲਈ SP ਅਤੇ DSP ਲੇਵਲ ਦੇ ਅਧਿਕਾਰੀਆਂ ਦੀ ਡਿਊਟੀ ਲਾਈ ਹੋਈ ਸੀ। ਇਹਨਾਂ ਅਧਿਕਾਰੀਆਂ ਵੱਲੋਂ ਤਿਆਰ ਕੀਤੀਆਂ ਮੁੱਢਲੀਆਂ ਤੱਥ ਖੋਜ ਰਿਪੋਰਟਾਂ ਦੇ ਆਧਾਰ ‘ਤੇ ਹੀ ਵਿਜੀਲੈਂਸ ਕਾਰਵਾਈ ਕਰਨ ਜਾ ਰਹੀ ਹੈ। ਵਿਜੀਲੈਂਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਅਕਾਲੀ ਦਲ ਅਤੇ ਭਾਜਪਾ ਸਰਕਾਰ ਦੇ ਸਮੇਂ ਵਿਭਾਗਾਂ ਵਿੱਚ ਹੋਏ ਘਪਲਿਆਂ ਅਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਇਹਨਾ ਸ਼ਿਕਾਇਤਾਂ ਦੀ ਪੁਸ਼ਟੀ ਲਈ SP ਅਤੇ DSP ਪੱਧਰ ਦੇ ਅਧਿਕਾਰੀਆਂ ਦੀ ਡਿਉਟੀ ਲਾਈ ਸੀ ਜਿਹਨਾ ਨੇ ਆਪਣੀ ਰਿਪੋਰਟ ਵਿਜੀਲੈਂਸ ਨੁੰ ਭੇਜ ਦਿੱਤੀ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵੇਲੇ ਹੋਏ ਸਿੰਜਾਈ ਵਿਭਾਗ ਵਿੱਚ ਹੋਏ ਕਥਿਤ 2000 ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਵਿੱਚ ਅਕਾਲੀ ਦਲ ਦੇ 2 ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਜਾਂਚ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਵਿਜੀਲੈਂਸ ਨੂੰ ਸਿੱਖਿਆ, ਦਿਹਾਤੀ ਵਿਕਾਸ ਤੇ ਪੰਚਾਇਤ, ਖੁਰਾਕ ਤੇ ਸਪਲਾਈ ਵਿਭਾਗ ਵਿੱਚ ਹੋਈਆਂ ਵਿੱਤੀ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਵੀ ਹਾਸਲ ਹੋਈਆਂ ਸਨ।