- ਕਿਹਾ ਕਿ ਘਰੇਲੂ ਤੇ ਉਦਯੋਗਿਕ ਬਿਜਲੀ ਕੱਟਾਂ ਕਾਰਨ ਸੂਬੇ ਦਾ ਅਰਥਚਾਰਾ ਪ੍ਰਭਾਵਤ ਹੋ ਰਿਹੈ, ਕਿਹਾ ਕਿ ਆਮ ਆਦਮੀ ਵੀ ਜਨਰੇਟਰ ਵਰਤਣ ਲਈ ਮਜਬੂਰ ਹੋਇਆ
ਚੰਡੀਗੜ੍ਹ, 7 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹੜ੍ਹਾਂ ਨਾਲ ਝੋਨਾ ਤਬਾਹ ਹੋਣ ਮਗਰੋਂ ਕਿਸਾਨਾਂ ਦੀ ਸਹਾਇਤਾ ਕਰਨ ਤੇ ਉਹਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਹ ਕਰਨ ਮਗਰੋਂ ਆਮ ਆਦਮੀ ਪਾਰਟੀ ਸਰਕਾਰ ਹੁਣ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਝੋਨੇ ਤੇ ਸਬਜ਼ੀਆਂ ਦੀ ਫਸਲ ਤਬਾਹ ਕਰਨ ’ਤੇ ਉਤਰੀ ਹੋਈ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਕਿਸਾਨਾਂ ਦੇ ਹਾਲਾਤ ਪ੍ਰਤੀ ਬੇਰੁਖੀ ਸਾਰੇ ਹੱਦ ਬੰਨੇ ਟੱਪ ਗਈ ਹੈ। ਉਹਨਾਂ ਹੜ੍ਹਾਂ ਨੂੰ ਜੂਝਦਿਆਂ ਨੂੰ ਕਿਸਾਨਾਂ ਨੂੰ ਡੇਢ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਹਜ਼ਾਰਾਂ ਏਕੜ ਵਿਚ ਝੋਨੇ ਦੀ ਫਸਲ ਬਰਬਾਦ ਹੋਈ ਹੈ ਪਰ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰ ਵੱਡੇ-ਵੱਡੇ ਬਿਜਲੀ ਕੱਟ ਲਗਾ ਕੇ ਸੂਬੇ ਵਿਚ ਸੋਕੇ ਦੇ ਹਾਲਾਤ ਪੈਦਾ ਕਰ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਉਹੀ ਮੁੱਖ ਮੰਤਰੀ ਹੈ ਜੋ ਕਿਸਾਨਾਂ ਨੂੰ ਬਿਨਾਂ ਵਿਘਨ ਦੇ ਬਿਜਲੀ ਸਪਲਾਈ ਦੇਣ ਦੇ ਵਾਅਦੇ ਕਰ ਰਿਹਾ ਸੀ। ਉਹਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਕਿਸਾਨਾਂ ਨੇ 18 ਤੋਂ 20 ਘੰਟੇ ਦੇ ਬਿਜਲੀ ਕੱਟ ਲੱਗਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ ਜਿਸ ਕਾਰਨ ਉਹਨਾਂ ਦੀ ਝੋਨੇ ਤੇ ਸਬਜ਼ੀਆਂ ਦੀ ਫਸਲ ਬਰਬਾਦ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਬਾਗਵਾਨੀ ਦਰੱਖਤ ਵੀ ਪ੍ਰਭਾਵਤ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਜ਼ਿਲ੍ਹਿਆਂ ਵਿਚ ਹਾਲਾਤ ਹੋਰ ਵਿਗੜ ਰਹੇ ਹਨ ਕਿਉਂਕਿ ਧੱਕੇ ਨਾਲ 700 ਲਿਫਟ ਸਿੰਜਾਈ ਪੰਪ ਬੰਦ ਕਰਵਾਉਣ ਗਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਕ ਹਫਤੇ ਦੇ ਵਗਫੇ ਮਗਰੋ਼ ਲਿਫਟ ਪੰਪ ਚਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਜੋ ਅਜਿਹਾ ਨਹੀਂ ਕਰਦੇ, ਉਹਨਾਂ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾਕਿ ਜਿਹੜੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਾਰੀ ਮਿਲੀ ਹੈ, ਉਹਨਾਂ ਨੂੰ ਲਿਫਟ ਪੰਪ ਵਰਤਣ ਤੋਂ ਰੋਕਿਆ ਜਾ ਰਿਹਾ ਹੈ ਤੇ ਇਹ ਹੁਕਮ ਪੁਲਿਸ ਲਾਗੂ ਕਰਵਾ ਰਹੀ ਹੈ। ਬਾਦਲ ਨੇ ਕਿਹਾ ਕਿ ਨਾਲ ਹੀ ਆਪ ਜਿਸਨੇ ਹਰੀਕੇ ਹੈਡਵਰਕਸ ਤੋਂ ਪਾਣੀ ਰਾਜਸਥਾਨ ਨਹਿਰ ਵਿਚ ਛੱਡਣ ਦੀ ਥਾਂ ਪਿੰਡਾਂ ਵਿਚ ਛੱਡ ਕੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਵਿਚ ਆਪ ਹੜ੍ਹਾਂ ਦੇ ਹਾਲਾਤ ਬਣਾਏ ਹਨ ਤੇ ਹੁਣ ਇਹ ਰਾਜਸਥਾਨ ਨੂੰ ਵੱਧ ਨਹਿਰੀਪਾਦੀ ਦੇਣਾ ਚਾਹ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਲਿਫਟ ਸਿੰਜਾਈ ਪੰਪ ਧੱਕੇ ਨਾਲ ਬੰਦ ਕਰਵਾਏ ਜਾ ਰਹੇ ਹਨ ਤੇ ਇਸਦਾ ਮਕਸਦ ਰਾਜਸਥਾਨ ਨੂੰ ਵੱਧ ਨਹਿਰੀ ਪਾਣੀ ਉਪਲਬਧ ਕਰਵਾਉਣਾ ਹੈ ਤਾਂ ਜੋ ਆਪ ਨੂੰ ਰਾਜਸਥਾਨ ਦੀਆਂ ਚੋਣਾਂ ਵਿਚ ਸਿਆਸੀ ਲਾਹਾ ਮਿਲ ਸਕੇ। ਉਹਨਾਂ ਕਿਹਾ ਕਿ ਅਜਿਹੀਆਂ ਨੀਤੀਆਂ ਕਾਰਨ ਸੂਇਆਂ ਵਿਚ ਟੇਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾਕਿ ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਉਦਯੋਗਿਕ ਖੇਤਰ ਵਿਚ ਵੀ ਵੱਡੇ-ਵੱਡੇ ਬਿਜਲੀ ਕੱਟ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਕਾਰਨ ਵਪਾਰੀ ਤੇ ਉਦਯੋਗਪਤੀ ਮੁਸ਼ਕਿਲਾਂ ਝੱਲ ਰਹੇ ਹਨ ਤੇ ਉਦਯੋਗਿਕ ਖੇਤਰ ਸਭ ਤੋਂ ਵੱਧ ਮਾਰ ਹੇਠ ਹੈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਬਣ ਗਏ ਹਨ ਕਿ ਲੋਕ ਮੁੜ ਜਨਰੇਟਰ ਵਰਤਣ ਵਾਸਤੇ ਮਜਬੂਰ ਹੋ ਰਹੇ ਹਨ। ਉਹਨਾਂ ਕਿਹਾ ਕਿ ਇਸ ਸਭ ਦਾ ਸੂਬੇ ਦੇ ਅਰਥਚਾਰੇ ’ਤੇ ਬਹੁਤ ਮਾੜਾ ਅਸਰ ਪਵੇਗਾ। ਬਾਦਲ ਨੇ ਕਿਹਾ ਕਿ ਕਿਸਾਨਾਂ ਵੀ ਵਾਰ-ਵਾਰ ਬਿਜਲੀ ਕੱਟ ਲੱਗਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਫੰਡਾਂ ਦੀ ਘਾਟ ਕਾਰਨ ਰੂਟੀਨ ਰੱਖ ਰੱਖਾਅ ਦੇ ਕੰਮ ਨਹੀਂ ਕਰ ਪਾ ਰਿਹਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਟਰਾਂਸਫਾਰਮਰਾਂ ਦੀ ਮੁਰੰਮਤ ਆਪ ਕਰਵਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਬਾਦਲ ਨੇ ਕਿਹਾ ਕਿ ਥੋੜ੍ਹੇ ਜਿਹੇ ਸੋਕੇ ਦੇ ਹਾਲਾਤ ਨੇ ਆਪ ਸਰਕਾਰ ਦੀਆਂ ਤਿਆਰੀਆਂ ਬੇਨਕਾਬ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਲੋਕਇਹ ਸੋਚਣ ਲਈ ਮਜਬੂਰ ਹੋ ਗਏਹਨ ਕਿ ਜੇਕਰ ਜੂਨ ਤੇ ਜੁਲਾਈ ਵਿਚ ਚੋਖਾ ਮੀਂਹ ਨਾ ਪੈਂਦਾ ਤਾਂ ਕੀ ਹਾਲਾਤ ਹੁੰਦੇ। ਬਾਦਲ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸੂਬੇ ਵਿਚ ਹਾਜ਼ਰ ਰਹਿਣ ਤੇ ਬਿਜਲੀ ਦੇ ਹਾਲਾਤ ’ਤੇ ਤੁਰੰਤ ਨਜ਼ਰਸਾਨੀ ਕਰਨ। ਉਹਨਾਂ ਮੁੱਖ ਮੰਤਰੀ ਨੂੰ ਆਖਿਆ ਕਿ ਪੰਜਾਬੀਆਂ ਦੀ ਸੇਵਾ ਕਰਨਾ ਤੁਹਾਡਾ ਫਰਜ਼ ਹੈ ਜਿਹਨਾਂ ਨੇ ਤੁਹਾਨੂੰ ਸੱਤਾ ਬਖਸ਼ੀ ਨਾ ਕਿ ਤੁਹਾਡੀ ਜ਼ਿੰਮੇਵਾਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਇਕ ਸੂਬੇ ਤੋਂ ਦੂਜੇ ਸੂਬੇ ਤੱਕ ਲਿਜਾਣ ਦੀ ਹੈ ਕਿਉਂਕਿ ਉਹਨਾਂ ਦਾ ਇਕ ਨੁਕਾਤੀ ਏਜੰਡਾ ਪੰਜਾਬ ਸਰਕਾਰ ਦਾ ਹਵਾਈ ਜਹਾਜ਼ ਆਪਣੇ ਸਿਆਸੀ ਮੰਤਵਾਂ ਵਾਸਤੇ ਵਰਤਣਾ ਚਾਹੁੰਦੇ ਹਨ।