ਚੰਡੀਗੜ੍ਹ, 10 ਅਕਤੂਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਦਾ ਵਿਸ਼ੇਸ਼ ਸੈਸ਼ਨ ਬੁਲਾ ਲਿਆ ਹੈ। ਇਹ ਸੈਸ਼ਨ 20–21 ਅਕਤੂਬਰ ਨੂੰ ਹੋਵੇਗਾ। ਇਸ ਸੈਸ਼ਨ ਵਿਚ ਕਿਹੜੇ ਮੁੱਦੇ ਵਿਚਾਰੇ ਜਾਣਗੇ ਇਸ ਦਾ ਅਧਿਕਾਰਿਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਸ ਵਿਚ ਕਈ ਅਹਿਮ ਮੁੱਦੇ ਵਿਚਾਰੇ ਜਾਣਗੇ ਜਿਸ ਵਿਚ ਐਸਵਾਈਐਲ ਨਹਿਰ ਦਾ ਮੁੱਦਾ, ਆਰਡੀਐਫ ਦੇ ਰੁਕੇ ਹੋਏ ਫੰਡ ਦਾ ਮੁੱਦਾ ਅਤੇ ਹੋਰ ਵੀ ਮੁੱਦੇ ਵਿਚਾਰੇ ਜਾ ਸਕਦੇ ਹਨ। ਦੱਸ ਦਈਏ ਕਿ ਇਹ ਸੈਸ਼ਨ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਦੀ ਨਿਰੰਤਰਤਾ ਵਜੋਂ ਹੀ ਬੁਲਾਇਆ ਗਿਆ ਹੈ ਜਿਸ ਦੀ ਪੁਸ਼ਟੀ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਕੀਤੀ ਹੈ ਤੇ ਇਸ ਸਬੰਧੀ ਰਾਜਪਾਲ ਦੀ ਮਨਜ਼ੂਰੀ ਲੈਣ ਬਾਰੇ ਉਹਨਾਂ ਨੇ ਕਿਹਾ ਕਿ ਪੁਰਾਣੇ ਸੈਸ਼ਨ ਨੂੰ ਹੀ ਦੁਬਾਰਾ ਬਲਾਉਣ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ।