ਸੰਗਰੂਰ, 4 ਫਰਵਰੀ : ਪੰਜਾਬ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੇਂਡੂ ਖੇਡਾਂ ਦੇ ਖੇਤਰ ਵਿੱਚ ਇੱਕੋ ਹਲਕੇ ਵਿੱਚੋਂ ਰਿਕਾਰਡ 207 ਟੀਮਾਂ ਦੇ 2037 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਇਹ ਮਾਣ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਸੁਨਾਮ ਦੇ ਅਟੁੱਟ ਹਿੱਸੇ ਲੌਂਗੋਵਾਲ ਨੂੰ ਮਿਲਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਪਰ ਲੀਗ ਤਹਿਤ ਆਯੋਜਿਤ ‘ਖੇਡਾਂ ਹਲਕਾ ਸੁਨਾਮ ਦੀਆਂ’ ਦਾ ਆਗਾਜ਼ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਕਿਹਾ ਕਿ ਹਜ਼ਾਰਾਂ ਖਿਡਾਰੀਆਂ ਦੀ ਸਰਗਰਮ ਸ਼ਮੂਲੀਅਤ ਨੇ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਉਨ੍ਹਾਂ ਦੇ ਹੌਂਸਲੇ ਨੂੰ ਵਧਾਇਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਡੀ ਗਿਣਤੀ ਖਿਡਾਰੀ ਨਾ ਕੇਵਲ ਸੂਬੇ ਬਲਕਿ ਦੇਸ਼ ਤੇ ਵਿਦੇਸ਼ਾਂ ਵਿੱਚ ਖੇਡ ਹੀਰਿਆਂ ਵਜੋਂ ਆਪਣੀ ਵਿਲੱਖਣ ਪਛਾਣ ਸਥਾਪਤ ਕਰਨਗੇ। ਸ਼੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 3 ਲੱਖ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ ਉਸੇ ਤਰਜ਼ ’ਤੇ ਆਯੋਜਿਤ ‘ਖੇਡਾਂ ਹਲਕਾ ਸੁਨਾਮ ਦੀਆਂ’ ਵਿੱਚ ਪ੍ਰਾਇਮਰੀ ਸਕੂਲ ਦੇ ਖਿਡਾਰੀਆਂ ਤੋਂ ਲੈ ਕੇ ਓਪਨ ਵਰਗ ਦੇ ਖਿਡਾਰੀਆਂ ਦੀ ਸ਼ਮੂਲੀਅਤ ਖੇਡਾਂ ਦੇ ਖੇਤਰ ਵਿੱਚ ਨਵੀਂ ਇਬਾਰਤ ਲਿਖਣ ਦੀ ਦਿਸ਼ਾ ਵਿੱਚ ਸਾਰਥਕ ਕਦਮ ਸਾਬਤ ਹੋਵੇਗੀ। ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਛੋਟੀ ਉਮਰ ਤੋਂ ਹੀ ਖੇਡ ਹੀਰਿਆਂ ਨੂੰ ਤਰਾਸ਼ਣ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਹੀ ਇਹ ਹੀਰੇ ਭਵਿੱਖ ਦੇ ਨਾਮਵਰ ਖਿਡਾਰੀ ਬਣਨਗੇ। ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਖਿਡਾਰੀਆਂ ਦੇ ਜੋਸ਼, ਜਜ਼ਬੇ ਅਤੇ ਹੁਨਰ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਦੋ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਹਲਕਾ ਸੁਨਾਮ ਦੇ ਪਿੰਡਾਂ ਦੇ ਇਹ ਖੇਡ ਯੋਧੇ ਆਪਣੀ ਮਿਹਨਤ ਤੇ ਦ੍ਰਿੜਤਾ ਨਾਲ ਮਾਣਾਂਮੱਤੀਆਂ ਨਾਲ ਪ੍ਰਾਪਤੀਆਂ ਦਰਜ ਕਰਨਗੇ ਜਿਨ੍ਹਾਂ ਦੇ ਜੇਤੂਆਂ ਨੂੰ ਕੱਲ੍ਹ ਇਸੇ ਮੈਦਾਨ ਵਿੱਚ ਨਗਦ ਪੁਰਸਕਾਰ ਅਤੇ 5 ਫੁੱਟ ਤੋਂ ਵੱਡੀਆਂ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈਆਂ ਗਈਆਂ ਟਰਾਫੀਆਂ ਨਾਲ ਨਿਵਾਜਿਆ ਜਾਵੇਗਾ। ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਸਮੂਹ ਖਿਡਾਰੀਆਂ, ਕੋਚਾਂ, ਅਧਿਆਪਕਾਂ ਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੀ ਸਾਂਝੇਦਾਰੀ ਸਦਕਾ ਉਹ ਇਸ ਪਹਿਲੀ ਸੁਪਰ ਲੀਗ ਦੇ ਦੇਖੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸਫ਼ਲ ਸਾਬਤ ਹੋਏ ਹਨ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਪ੍ਰਸਿੱਧ ਮੁੱਕੇਬਾਜ਼ ਪਦਮ ਸ਼੍ਰੀ ਸ. ਕੌਰ ਸਿੰਘ ਅਤੇ ਪ੍ਰਸਿੱਧ ਅਥਲੀਟ ਪਦਮਸ਼੍ਰੀ ਸੁਨੀਤਾ ਰਾਣੀ ਨੂੰ ਖੇਡ ਖੇਤਰ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਯਾਦਗਾਰੀ ਚਿੰਨ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਅਰੋੜਾ ਨੇ ਕਿਹਾ ਕਿ ਦੇਸ਼ ਦੇ ਇਹ ਅਨਮੋਲ ਹੀਰੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਮੁੱਕੇਬਾਜ਼ੀ ਤੇ ਅਥਲੈਟਿਕਸ ਦੇ ਖੇਤਰ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੋ ਫੈਲਾਅ ਰਹੇ ਹਨ ਅਤੇ ਇਨ੍ਹਾਂ ਦੀ ਪ੍ਰੇਰਨਾ ਸਦਕਾ ਅਨੇਕਾਂ ਹੀ ਖਿਡਾਰੀ ਅੱਜ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਬਾਬੂ ਭਗਵਾਨ ਦਾਸ ਅਰੋੜਾ ਫਾਊਂਡੇਸ਼ਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਸੇਵਾ ਕੇਂਦਰ, ਮੈਡੀਕਲ ਖੇਤਰ, ਸਿਲਾਈ ਕਢਾਈ ਸੈਂਟਰ, ਖੇਡ ਕਿੱਟਾਂ ਆਦਿ ਦੀ ਵੰਡ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਹੁਣ ਉਹ ਵੀ ਪਿਛਲੇ 10 ਮਹੀਨਿਆਂ ਤੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵਾਸੀਆਂ ਦੀਆਂ ਮੰਗਾਂ ਨੂੰ ਤਰਜੀਹੀ ਆਧਾਰ ’ਤੇ ਪੂਰਾ ਕਰਨ ਲਈ ਯਤਨਸ਼ੀਲ ਹਨ। ਸ਼੍ਰੀ ਅਰੋੜਾ ਨੇ ਦੱਸਿਆ ਕਿ ਜਲਦੀ ਹੀ ਲੌਂਗੋਵਾਲ ਵਿਖੇ 3.97 ਕਰੋੜ ਦੀ ਲਾਗਤ ਵਾਲਾ ਖੇਡ ਸਟੇਡੀਅਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਜਦਕਿ 1.31 ਕਰੋੜ ਦੀ ਲਾਗਤ ਨਾਲ ਨਵਾਂ ਬੱਸ ਸਟੈਂਡ, ਸਿਵਲ ਹਸਪਤਾਲ ਦੀ ਚਾਰਦੀਵਾਰੀ ਲਈ 38 ਲੱਖ ਅਤੇ ਲੜਕੀਆਂ ਦੇ ਸਕੂਲ ਦੀਆਂ ਦੋ ਮੰਜ਼ਿਲਾ ਇਮਾਰਤ ਬਣਾਉਣ ਲਈ ਵੀ ਪੰਜਾਬ ਸਰਕਾਰ ਵੱਲੋਂ 3.62 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਨਾਮ ਹਲਕੇ ਲਈ ਦੋ ਸਕੂਲ ਆਫ਼ ਐਮੀਨੈਂਸ ਪ੍ਰਵਾਨ ਕੀਤੇ ਗਏ ਹਨ ਜਿਨ੍ਹਾਂ ਵਿਚ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਨਾਮ ਸ਼ਾਮਲ ਹਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਐਨ.ਸੀ.ਸੀ ਕੈਡਿਟ ਵੱਲੋਂ ਕੀਤੀ ਗਈ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਨੇ ਗੁਬਾਰੇ ਤੇ ਕਬੂਤਰ ਛੱਡਣ ਦੀ ਰਸਮ ਮਗਰੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਦੇਸ਼ਭਗਤੀ ਦੇ ਗੀਤ ਦਾ ਆਨੰਦ ਮਾਣਿਆ ਅਤੇ ਖੇਡ ਮੈਦਾਨ ਵਿੱਚ ਜਾ ਕੇ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਹੌਂਸਲਾ ਅਫਜਾਈ ਕੀਤੀ। ਕੈਬਨਿਟ ਮੰਤਰੀ ਵੱਲੋਂ ਖੇਡਾਂ ਦੀ ਸ਼ੁਰੂਆਤ ਦੇ ਐਲਾਨ ਦੇ ਨਾਲ ਹੀ ਖੇਡ ਮੈਦਾਨ ਵਿੱਚ ਵਾਲੀਬਾਲ ਸ਼ਮੈਸਿੰਗ, ਵਾਲੀਬਾਲ ਸ਼ੂਟਿੰਗ ਤੇ ਰੱਸਾਕਸੀ ਦੇ ਦਿਲਚਸਪ ਮੁਕਾਬਲੇ ਸ਼ੁਰੂ ਹੋਏ ਜੋ ਕਿ ਕੱਲ੍ਹ ਵੀ ਜਾਰੀ ਰਹਿਣਗੇ ਅਤੇ ਕੱਲ੍ਹ ਸ਼ਾਮ ਨੁੰ ਜੇਤੂ ਟੀਮਾਂ ਨੂੰ ਪੁਰਸਕਾਰਾਂ ਦੀ ਵੰਡ ਕੀਤੀ ਜਾਵੇਗੀ। ਉਦਘਾਟਨੀ ਸਮਾਰੋਹ ਦੌਰਾਨ ਸ਼੍ਰੀ ਅਮਨ ਅਰੋੜਾ ਦੇ ਮਾਤਾ ਜੀ ਪਰਮੇਸ਼ਵਰੀ ਦੇਵੀ, ਧਰਮਪਤਨੀ ਸ਼੍ਰੀਮਤੀ ਸ਼ਬੀਨਾ ਅਰੋੜਾ, ਬੇਟਾ ਭੂਵੀਰ ਅਰੋੜਾ, ਨਿਰਮਲਾ ਦੇਵੀ, ਐਸ.ਡੀ.ਐਮ ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ, ਪ੍ਰਧਾਨ ਨਗਰ ਕੌਂਸਲ ਲੌਂਗੋਵਾਲ ਪਰਮਿੰਦਰ ਕੌਰ ਬਰਾੜ, ਰਣਜੀਤ ਸਿੰਘ ਸਿੱਧੂ ਮੀਤ ਪ੍ਰਧਾਨ, ਐਮ.ਸੀ ਰੀਨਾ ਰਾਣੀ, ਸੀਸ਼ਨਪਾਲ ਗਰਗ ਸ਼ਹਿਰੀ ਪ੍ਰਧਾਨ, ਮੇਲਾ ਸੂਬੇਦਾਰ, ਗੁਰਮੀਤ ਸਿੰਘ ਲੱਲੀ, ਗੁਰਮੀਤ ਸਿੰਘ ਫੌਜੀ, ਇੰਜੀ: ਹਰਦੀਪ ਸਿੰਘ, ਸੁੱਖ ਵਿਰਕ, ਕਰਮ ਸਿੰਘ ਬਰਾੜ, ਸੁਖਪਾਲ ਬਾਜਵਾ, ਬਲਵਿੰਦਰ ਸਰਪੰਚ, ਸੁਖਪਾਲ ਤੋਚੀ, ਗੁਰਲਾਲ ਗੌਸਲ, ਪ੍ਰੀਤਮ ਹੌਲਦਾਰ, ਬਿੱਟੂ ਮੰਡੇਰ ਖੁਰਦ, ਜਤਿੰਦਰ ਰਿਸ਼ੀ, ਵਿੱਕੀ ਵਸ਼ਿਸ਼ਟ, ਕਮਲ ਬਰਾੜ, ਲਖਵੀਰ ਸਿੰਘ, ਹਰਜੀਤ ਸਿੰਘ, ਜਗਰਾਜ ਮੰਡੇਰ ਕਲਾਂ, ਨਵਦੀਪ ਗਰਗ, ਸੁਨਾਮ ਦੇ ਐਮ.ਸੀ ਆਸੂ ਗੋਇਲ, ਗੁਰਤੇਜ ਸਿੰਘ ਨਿੱਕਾ, ਸੰਨੀ ਕਾਂਸਲ, ਹਰਪਾਲ ਸਿੰਘ ਹਾਂਡਾ, ਬਲਜੀਤ ਸਿੰਘ, ਸੰਜੀਵ ਕਾਂਸਲ ਸੰਜੂ, ਮਨਪ੍ਰੀਤ ਬਾਂਸਲ, ਮਨੀ ਸਰਾਓ, ਆਤਮਾ ਸਿੰਘ, ਰਿੰਪੀ ਥਿੰਦ, ਮੰਨੂ, ਹਰਮੀਤ ਵਿਰਕ, ਧਰਮਚੰਦ ਸੋਨੀ, ਸਾਹਿਬ ਸਿੰਘ, ਸੰਨੀ ਖੱਟਕ, ਕਨਈਆ ਕੁਮਾਰ, ਸੋਨੂੰ ਵਰਮਾ, ਭਾਨੂ ਪ੍ਰਤਾਪ ਵੀ ਹਾਜ਼ਰ ਸਨ।