ਮੁੰਬਈ, 13 ਫਰਵਰੀ : ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨਾਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ 11 ਹੋਰ ਕ੍ਰਿਕਟਰਾਂ ਨੇ ਮਹਿਲਾ ਪ੍ਰੀਮੀਅਰ ਲੀਗ ਦੀ ਨੀਲਾਮੀ ਸੂਚੀ ਵਿਚ ਜਗ੍ਹਾ ਬਣਾਈ ਹੈ। ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੁੰਬਈ ਨੇ 1.80 ਕਰੋੜ ਵਿਚ ਖਰੀਦਿਆ ਹੈ। ਉਸ ਦਾ ਬੇਸ ਪ੍ਰਾਈਜ 50 ਲੱਖ ਰੱਖਿਆ ਗਿਆ ਸੀ। ਆਲਰਾਊਂਡਰ ਹਰਮਨ ਤੋਂ ਇਲਾਵਾ ਵਿਕਟ ਕੀਪਰ ਤਾਨੀਆ ਭਾਟੀਆ ਨਾਲ ਆਲ ਰਾਊਂਡਰ ਅਮਨਜੋਤ ਕੌਰ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਸ ‘ਤੇ ਰੱਖਿਆ ਗਿਆ ਹੈ। ਦੂਜੇ ਪਾਸੇ 10 ਲੱਖ ਰੁਪਏ ਦੇ ਬੇਸ ਪ੍ਰਾਈਸ ‘ਤੇ ਪਟਿਆਲਾ ਦੀ ਮੰਨਤ ਕਸ਼ੱਯਪ, ਕਨਿਕਾ ਆਹੂਜਾ ਨੀਲਮ ਬਿਸ਼ਟ, ਪ੍ਰਗਤੀ ਸਿੰਘ, ਨੀਤੂ ਸਿੰਘ (ਆਲਰਾਊਂਡਰ), ਕੋਮਲਪ੍ਰੀਤ ਕੌਰ (ਮੱਧਮ ਤੇਜ਼ ਗੇਂਦਬਾਜ਼), ਮਹਿਕ ਕੇਸਰ (ਆਫ ਸਪਿਨਰ), ਮੁਸਕਾਨ ਸੋਘੀ ਤੇ ਸੁਨੀਤਾ ਸਿੰਘ ਦਾ ਨਾਂ ਨੀਲਾਮੀ ਸੂਚੀ ਵਿਚ ਹੈ। WPL ਦੀ ਨੀਲਾਮੀ ਅੱਜ ਤੋਂ ਸ਼ੁਰੂ ਹੋ ਰਹੀ ਹੈ। ਮੁੰਬਈ ਵਿਚ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿਚ ਕੁੱਲ 409 ਕ੍ਰਿਕਟਰਾਂ ਨੂੰ ਲੈ ਕੇ ਬੋਲੀਆਂ ਲਗਾਈਆਂ ਜਾਣਗੀਆਂ। ਇਸ ਲਈ 1525 ਖਿਡਾਰੀਆਂ ਦਾ ਰਜਿਸਟ੍ਰੇਸ਼ਨ ਹੋਇਆ ਸੀ ਜਿਨ੍ਹਾਂ ਵਿਚੋਂ 409 ਖਿਡਾਰੀਆਂ ਦੇ ਨਾਂ ਦਾ ਐਲਾਨ ਕੀਤਾ ਗਿਆ। ਡਬਲਯੂਪੀਐੱਲ ਲਈ 5 ਟੀਮਾਂ ਅੱਗੇ ਆਈਆਂ ਹਨ ਜੋ ਇਨ੍ਹਾਂ 409 ਖਿਡਾਰੀਆਂ ਵਿਚੋਂ ਆਪਣੀ ਟੀਮ ਨੂੰ ਖੜ੍ਹਾ ਕਰਨਗੀਆਂ। ਇਸ ਲਈ ਹਰ ਟੀਮ ਨੂੰ 12 ਕਰੋੜ ਰੁਪਏ ਦਾ ਵਾਲੇਟ ਦਿੱਤਾ ਗਿਆ ਹੈ। 409 ਵਿਚੋਂ 24 ਖਿਡਾਰੀ ਸਟਾਰ ਲਿਸਟ ਸੂਚੀ ਵਿਚ ਹਨ ਜਿਨ੍ਹਾਂ ਦਾ ਬੇਸ ਪ੍ਰਾਈਸ ਸਭ ਤੋਂ ਵੱਧ 50 ਲੱਖ ਰੁਪਏ ਰੱਖਿਆ ਗਿਆ ਹੈ। ਇਸ ਵਿਚ ਪੰਜਾਬ ਦੀ ਹਰਮਨਪ੍ਰੀਤ ਕੌਰ ਵੀ ਸ਼ਾਮਲ ਹੈ। ਹਰ ਟੀਮ ਦੀ ਕੋਸ਼ਿਸ਼ ਰਹੇਗੀ ਕਿ ਹਰਮਨ ਉਨ੍ਹਾਂ ਦੀ ਟੀਮ ਤੋਂ ਖੇਡੇ। ਉਸ ਦੀ ਬੋਲੀ 1 ਕਰੋੜ ਰੁਪਏ ਤੋਂ ਉਪਰ ਜਾ ਸਕਦੀ ਹੈ। ਬੀਸੀਸੀਆਈ ਵੱਲੋਂ WPL ਦਾ ਆਯੋਜਨ 4 ਤੋਂ 26 ਮਾਰਚ ਤੱਕ ਕੀਤਾ ਜਾ ਰਿਹਾ ਹੈ। ਮੁੰਬਈ ਦੇ ਬੇਬ੍ਰਾਨ ਸਟੇਡੀਅਮ ਤੇ ਡੀਵਾਈ ਪਾਟਿਲ ਸਟੇਡੀਅਮ ਵਿਚ ਕੁੱਲ 22 ਮੈਚ ਖੇਡੇ ਜਾਣਗੇ।