ਮੋਹਾਲੀ, 04 ਮਾਰਚ : ਬੀਤੇ ਦਿਨੀਂ ਮੱਧ ਪ੍ਰਦੇਸ਼ ਵਿਖੇ ਖੇਲੋ ਇੰਡੀਆ ਯੂਥ ਗੇਮਜ਼ ਤਹਿਤ ਕਰਵਾਈਆਂ ਗਈਆਂ ਖੇਡਾਂ ਦੌਰਾਨ ਪੰਜਾਬ ਦੀ ਗੱਤਕਾ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਗੋਲਡ ਅਤੇ 2 ਬਰੌਂਜ਼ ਮੈਡਲ ਪੰਜਾਬ ਦੀ ਝੋਲੀ ਪਾਏ ਗਏ। ਇਨ੍ਹਾਂ ਹੋਣਹਾਰ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਹਿਬਾਨਾਂ ਦਾ ਅੱਜ ਮੋਹਾਲੀ ਵਿਖੇ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਮੋਹਾਲੀ ਸਥਿਤ ਐਲੀਨਾ ਆਟੋ ਇੰਡਸਟਰੀਜ਼ ਵਿਖੇ ਇੱਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਇਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਦੱਸਣਯੋਗ ਹੈ ਕਿ ਇਨ੍ਹਾਂ ਖੇਲੋ ਇੰਡੀਆਂ ਗੇਮਜ਼ ਵਿੱਚ ਪੰਜਾਬ ਤੋਂ ਵੱਖ ਵੱਖ ਟੀਮਾਂ ਨੇ ਵੱਖ ਖੇਡਾਂ ਲਈ ਭਾਗ ਲਿਆ ਸੀ ਪਰ ਸਭ ਤੋਂ ਵੱਧ ਮੈਡਲ ਗਤਕੇ ਦੀ ਟੀਮ ਨੇ ਪੰਜਾਬ ਦੀ ਝੋਲੀ ਪਾਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ, ਭਾਰਤ ਸਰਕਾਰ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਵੱਲੋਂ ਖੇਲੋ ਇੰਡੀਆ ਯੂਥ ਗੇਮਜ਼ ਮਿਤੀ 30 ਜਨਵਰੀ ਤੋਂ 11 ਫਰਵਰੀ ਤੱਕ ਮੱਧ ਪ੍ਰਦੇਸ਼ ਵਿੱਚ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਕੁੱਲ 10 ਗੋਲਡ ਮੈਡਲ ਹਾਸਿਲ ਕੀਤੇ ਸਨ। ਇਹਨਾ 10 ਗੋਲਡ ਮੈਡਲਜ਼ ਵਿੱਚੋਂ 3 ਗੋਲਡ ਮੈਡਲ ਕੇਵਲ ਗਤਕੇ ਦੇ ਖਿਡਾਰੀਆਂ ਵੱਲੋਂ ਜਿੱਤੇ ਗਏ ਸਨ । ਅੱਜ ਪੰਜਾਬ ਗਤਕਾ ਐਸੋਸੀਏਸ਼ਨ ਦੀ ਸਮੁੱਚੀ ਟੀਮ ਵੱਲੋਂ ਇਹਨਾਂ ਗਤਕਾ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿੱਚ ਸ਼੍ਰੀ ਅਮਿਤ ਤਲਵਾੜ ਆਈਏਐਸ-ਡਾਇਰੈਕਟਰ ਸਪੋਰਟਸ, ਪੰਜਾਬ ਅਤੇ ਸਰਦਾਰ ਹਰਚਰਨ ਸਿੰਘ ਭੁੱਲਰ ਆਈਪੀਐਸ ਪ੍ਰਧਾਨ, ਗਤਕਾ ਫੈਡਰੇਸ਼ਨ ਆਫ਼ ਇੰਡੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸ਼੍ਰੀ ਅਮਿਤ ਤਲਵਾੜ ਨੇ ਖਿਡਾਰੀਆਂ ਦਾ ਹੌਂਸਲਾ ਵਧਾਉਂਦੇ ਹੋਏ ਕਿਹਾ ਕਿ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਹੋਣਹਾਰ ਬੱਚਿਆਂ ਨੇ ਪੰਜਾਬ ਦੀ ਪੁਰਾਤਨ ਖੇਡ ਗਤਕਾ ਦਾ ਮਾਣ ਬਰਕਰਾਰ ਰੱਖਦੇ ਹੋਏ ਗਤਕੇ ਵਿੱਚ ਪੰਜਾਬ ਦਾ ਨਾਮ ਮੱਧ ਪ੍ਰਦੇਸ਼ ਵਿੱਚ ਰੌਸ਼ਨ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਗਤਕੇ ਨੂੰ ਪ੍ਰਫੁੱਲਤ ਕਰਨ ਲਈ ਆਉਂਦੇ ਸਮੇਂ ਵਿੱਚ ਨਵੀਆਂ ਨੀਤੀਆਂ ਉਲੀਕੇਗੀ। ਇਸ ਦੌਰਾਨ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਗਤਕੇ ਨੂੰ ਰਾਸ਼ਟਰ ਪੱਧਰ ਤੇ ਮਾਨਤਾ ਦਿਵਾਉਣ ਲਈ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੀ ਸਮੁੱਚੀ ਟੀਮ ਸਾਲ 2008 ਤੋਂ ਕੜੀ ਮਿਹਨਤ ਕਰ ਰਹੀ ਹੈ, ਜਿਸਦੇ ਸਦਕਾ ਗਤਕਾ ਖੇਡ ਹੁਣ ਭਾਰਤ ਦੇ ਬਾਕੀ ਸੂਬਿਆਂ ਵਿੱਚ ਵੀ ਖੇਡੀ ਜਾ ਰਹੀ ਹੈ ਅਤੇ ਭਾਰਤ ਸਰਕਾਰ ਵੱਲੋਂ ਵੀ ਇਸਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਡਾ. ਰਜਿੰਦਰ ਸਿੰਘ ਸੋਹਲ, ਪ੍ਰਧਾਨ ਪੰਜਾਬ ਗਤਕਾ ਐਸੋਸੀਏਸ਼ਨ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਉਣ ਵਾਲੇ ਭਵਿੱਖ ਵਿੱਚ ਗਤਕਾ ਖੇਡ ਵਿੱਚ ਖਿਡਾਰੀਆਂ ਲਈ ਇੱਕ ਸੁਨਹਿਰਾ ਭਵਿੱਖ ਹੈ, ਇਸ ਲਈ ਵੱਧ ਤੋਂ ਵੱਧ ਖਿਡਾਰੀਆਂ ਨੂੰ ਇਸ ਖੇਡ ਵੱਲ ਆਉਂਣਾ ਚਾਹੀਦਾ ਹੈ। ਜਿਨ੍ਹਾਂ ਗਤਕਾ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਵਿੱਚ ਲੜਕਿਆਂ ਵਿੱਚ ਜੋਤਇੰਦਰ ਸਿੰਘ, ਅਰਮਾਨਜੋਤ ਸਿੰਘ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਲੜਕੀਆਂ ਵਿੱਚ ਗੁਰਵਿੰਦਰ ਕੌਰ, ਜਸਪ੍ਰੀਤ ਕੌਰ, ਪ੍ਰਭਕਿਰਨ ਕੌਰ, ਖੁਸ਼ਵੀਰ ਕੌਰ ਅਤੇ ਮਹਿਕਪ੍ਰੀਤ ਕੌਰ ਸ਼ਾਮਿਲ ਸਨ। ਸਪੋਰਟਿੰਗ ਸਟਾਫ ਵਿੱਚ ਸ਼ਾਮਿਲ ਟੀਮ ਮੈਨੇਜਰ, ਜਸਵਿੰਦਰ ਸਿੰਘ ਪਾਬਲਾ, ਕੋਚ ਅਮਨਜੀਤ ਸਿੰਘ ਭੱਟੀ ਅਤੇ ਸੰਦੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿੱਚ ਗਤਕਾ ਖਿਡਾਰੀਆਂ ਤੋਂ ਇਲਾਵਾ ਉਨ੍ਹਾਂ ਤਕਨੀਕੀ ਆਫੀਸ਼ੀਆਲਜ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵੱਲੋਂ ਬਤੌਰ ਰੈਫਰੀ ਇਹਨਾਂ ਖੇਲੋ ਇੰਡੀਆ ਗੇਮਜ ਵਿੱਚ ਆਪਣੀ ਡਿਊਟੀ ਨਿਭਾਈ ਗਈ। ਇਹਨਾਂ ਆਫਿਸ਼ੀਅਲਜ ਵਿੱਚ ਜਗਦੀਸ਼ ਸਿੰਘ ਕੁਰਾਲੀ, ਮਨਵਿੰਦਰ ਸਿੰਘ ਅੰਮ੍ਰਿਤਸਰ, ਰਾਜਵੀਰ ਸਿੰਘ ਖਰੜ, ਰਘਬੀਰ ਸਿੰਘ ਲੁਧਿਆਣਾ, ਗੁਰਲਾਲ ਸਿੰਘ ਤਰਨਤਾਰਨ, ਹਰਮਨਜੋਤ ਸਿੰਘ ਮੋਹਾਲੀ ਅਤੇ ਦਲੀਪ ਕੁਮਾਰ ਸਿੰਘ ਸ਼ਾਮਿਲ ਸਨ। ਇਸ ਮੌਕੇ ਐਲੀਨਾ ਆਟੋ ਇੰਡਸਟਰੀਜ਼ ਤੋਂ ਰਣਵੀਰ ਸਿੰਘ ਥਾਪਰ ਵਲੋਂ ਆਏ ਹੋਏ ਸਾਰੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਜੁਗਨੀ, ਮੀਤ ਪ੍ਰਧਾਨ ਪੰਜਾਬ ਗਤਕਾ ਐਸੋਸ਼ੀਏਸ਼ਨ, ਜਗਕਿਰਨ ਕੌਰ ਵੜੈਚ , ਜੁਆਇੰਟ ਸਕੱਤਰ ਪੰਜਾਬ ਗਤਕਾ ਐਸੋਸ਼ੀਏਸ਼ਨ, ਪ੍ਰਭਮੀਤ ਸਿੰਘ ਮੀਡੀਆ ਇੰਚਾਰਜ, ਨਪਿੰਦਰ ਸਿੰਘ ਨਿਮਾਣਾ, ਮਨਜੀਤ ਸਿੰਘ ਗਤਕਾ ਮਾਸਟਰ, ਅਰਵਿੰਦਰ ਕੌਰ, ਰਜਿੰਦਰ ਸਿੰਘ ਸ਼ਾਮਿਲ ਸਨ।