ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੀ ਹਮਦਰਦੀ ਨਾਲ ਵਿਚਾਰ ਕੇ ਉਨ੍ਹਾਂ ਦਾ ਹੱਲ ਕਰੇਗੀ। ਇਸੇ ਲੜੀ ਤਹਿਤ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦਿਵਿਆਂਗ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਦਿਵਿਆਂਗਾਂ ਦੀਆਂ ਮੰਗਾਂ ਦਾ ਜ਼ਲਦੀ ਹੀ ਨਿਪਟਾਰਾ ਕੀਤਾ ਜਾਵੇਗਾ। ਡਾ.ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਵਿਭਾਗਾਂ, ਕਾਰਪੋਰੇਸ਼ਨਾਂ ਤੇ ਬੋਰਡਾਂ ਵਿੱਚ ਦਿਵਿਆਂਗ ਵਰਗ ਲਈ ਰਾਖਵੀਆਂ ਖਾਲੀ ਅਤੇ ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ, ਦਿਵਿਆਂਗ ਮੁਲਾਜ਼ਮਾਂ ਦੀ ਤਰੱਕੀ ਕਰਨ, ਦਿਵਿਆਂਗ ਖਿਡਾਰੀ ਵਰਗ ਨਾਲ ਸਬੰਧਤ ਮੰਗਾਂ, ਦਿਵਿਆਂਗ ਵਰਗ ਦੀਆਂ ਪੈਨਸ਼ਨ ਸਬੰਧੀ ਮੰਗਾਂ, ਦਿਵਿਆਗਾਂ ਨੂੰ ਮੁਫ਼ਤ ਕਣਕ ਦੀ ਸਹੂਲਤਾਂ ਤੋਂ ਇਲਾਵਾ ਹੋਰ ਜਾਇਜ਼ ਮੰਗਾਂ ਦੇ ਛੇਤੀ ਹੱਲ ਸਬੰਧੀ ਸਬੰਧਤ ਵਿਭਾਗਾਂ ਤਾਲਮੇਲ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗ ਵਰਗ ਦਾ ਜੀਵਨ ਸਮਰੱਥ ਬਣਾਉਣ ਲਈ 3 ਦਸੰਬਰ 2022 ਨੂੰ ਦਿਵਿਆਂਗ ਦਿਵਸ ਮੌਕੇ ਕੁੱਝ ਜ਼ਿਲ੍ਹਿਆ ਵਿੱਚ ਬੈਂਕ ਕਰਜ਼ੇ ਸਬੰਧੀ ਕੈਂਪ ਆਯੋਜਿਤ ਕਰਨ ਜਾ ਰਹੀ ਹੈ। ਉਨ੍ਹਾਂ ਦਿਵਿਆਂਗਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਲੈ ਕੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣ। ਉਨ੍ਹਾਂ ਮੀਟਿੰਗ ਦੌਰਾਨ ਦਿਵਿਆਂਗਾਂ ਨੂੰ ਕਿਹਾ ਕਿ ਈ-ਮੇਲ ਆਈ.ਡੀ. disabilitybranch104@gmail.com ਤੇ ਆਪਣੀ ਸਮੱਸਿਆ ਮੇਲ ਕਰ ਸਕਦੇ ਹਨ। ਇਸ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੇ ਡਾਇਰੈਕਟਰ ਮਾਧਵੀ ਕਟਾਰੀਆ, ਐਡੀਸ਼ਨਲ ਡਾਇਰੈਕਟਰ ਲਿੱਲੀ ਚੋਧਰੀ, ਡਿਪਟੀ ਡਾਇਰੈਕਟਰ ਸੰਤੋਸ਼ ਵਿਰਦੀ, ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਮਾਨ ਵੀ ਸ਼ਾਮਲ ਸਨ।