ਧੂਰੀ, 21 ਦਸੰਬਰ 2024 : ਬੀਤੀ ਰਾਤ ਧੂਰੀ – ਬਰਨਾਲਾ ਸੜਕ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਧੂਰੀ ਦੇ ਵਾਸੀ ਤਿੰਨ ਨੌਜਵਾਨ ਆਪਣੇ ਇੱਕ ਦੋਸਤ ਦੇ ਜਨਮ ਦਿਨ ਮੌਕੇ ਇਤਿਹਾਸਿਕ ਮੰਦਰ ਰਣੀਕੇ ਵਿਖੇ ਮੱਥਾ ਟੇਕਣ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ, ਜਦੋਂ ਉਹ ਪਿੰਡ ਕੱਕੜਵਾਲ ਵਿਖੇ ਸਥਿਤ ਪੈਟਰੋਲ ਪੰਪ ਕੋਲ ਅੱਗਿਓ ਆ ਰਹੀ ਸਬਜ਼ੀ ਦੀ ਭਰੀ ਪਿੱਕਅੱਪ ਗੱਡੀ ਦੀ ਟੱਕਰ ਦਾ ਸ਼ਿਕਾਰ ਹੋ ਗਏ ਅਤੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਕਰਨ (21) , ਕਮਲ (18) ਅਤੇ ਜਸਕਰਨ ਸਿੰਘ (21) ਦੀ ਮੌਕੇ ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਮੌਕੇ ' ਤੇ ਪੁੱਜੀ ਸਦਰ ਪੁਲਿਸ ਧੂਰੀ ਨੇ ਪਿਕਅੱਪ ਨੂੰ ਕਬਜ਼ੇ' ਚ ਲੈ ਕੇ ਥਾਣੇ ਲੈ ਆਂਦਾ। ਥਾਣਾ ਸਦਰ ਪੁਲਿਸ ਦੇ ਅਧਿਕਾਰੀ ਕਮਲਜੀਤ ਸਿੰਘ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਦੇ ਬਿਆਨ ਦੇ ਆਧਾਰ ' ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।