ਮੋਹਾਲੀ ‘ਚ ਵਾਪਰਿਆ ਵੱਡਾ ਹਾਦਸਾ, ਬਹੁ-ਮੰਜ਼ਿਲਾ ਇਮਾਰਤ ਡਿੱਗੀ

ਮੋਹਾਲੀ, 21 ਦਸੰਬਰ 2024 : ਮੋਹਾਲੀ ਵਿੱਚ ਇਕ ਬਹੁਮੰਜ਼ਿਲਾ ਇਮਾਰਤ ਡਿੱਗ ਗਈ। ਇਸ ਇਮਾਰਤ ਦੇ ਮਲਬੇ ਹੇਠ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ। ਇਮਾਰਤ ਡਿੱਗਦੇ ਹੀ ਬਹੁਤ ਉੱਚੀ-ਉੱਚੀ ਚੀਕਣ ਦੀਆਂ ਆਵਾਜ਼ਾਂ ਆਈਆਂ, ਜਿਸ ਨੂੰ ਸੁਣ ਕੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਤੇ ਮਲਬੇ ਨੂੰ ਹਟਾਉਣ ਲੱਗ ਪਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸ਼ਾਮ ਮੋਹਾਲੀ ਦੇ ਸੋਹਾਣਾ 'ਚ ਸਥਿਤ ਬਿਲਡਿੰਗ ਦੇ ਨਾਲ ਲੱਗਦੀ ਇਕ ਬਿਲਡਿੰਗ ਦੇ ਬੇਸਮੈਂਟ 'ਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਖੁਦਾਈ ਕਰਦੇ ਸਮੇਂ 3 ਮੰਜ਼ਿਲਾ ਇਮਾਰਤ ਦੀ ਨੀਂਹ ਹਿੱਲ ਗਈ ਅਤੇ ਇਮਾਰਤ ਡਿੱਗ ਗਈ। ਇਸ ਕਾਰਨ ਮੌਕੇ ’ਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।