ਟਾਂਡਾ, 29 ਜੂਨ 2024 : ਹੁਸ਼ਿਆਰਪੁਰ ਦੇ ਟਾਂਡਾ ਦੇ ਅੱਡਾ ਸਰਾਂ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ‘ਚ ਟਰੱਕ ਨੇ ਇਨੋਵਾ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਇਨੋਵਾ 'ਚ ਸਵਾਰ ਇੱਕ ਲੜਕੀ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਜਦੋਂਕਿ ਇੱਕ ਔਰਤ ਗੰਭੀਰ ਜ਼ਖ਼ਮੀ ਹੈ। ਮਰਨ ਵਾਲਿਆਂ ਵਿੱਚ ਫਾਰੂਕ, ਉਸ ਦਾ ਪੁੱਤਰ, ਬੇਟੀ ਅਤੇ ਡਰਾਈਵਰ ਸ਼ਾਮਲ ਹਨ। ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਨੋਵਾ ਵਿੱਚ ਪਰਿਵਾਰ ਜੰਮੂ ਦੇ ਕਟੜਾ ਤੋਂ ਆਇਆ ਸੀ। ਉਹ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਚੰਡੀਗੜ੍ਹ ਪੀਜੀਆਈ ਜਾ ਰਿਹਾ ਸੀ। ਟਰੱਕ ਹੁਸ਼ਿਆਰਪੁਰ ਤੋਂ ਟਾਂਡਾ ਵੱਲ ਜਾ ਰਿਹਾ ਸੀ, ਜਦੋਂ ਇਹ ਧੱਤਣ ਪੁਲੀ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਨੋਵਾ ਗੱਡੀ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਘਟਨਾ ਤੋਂ ਬਾਅਦ ਇਨੋਵਾ ਗੱਡੀ ਕੱਚੀ ਸੜਕ 'ਤੇ ਜਾ ਡਿੱਗੀ। ਹਾਦਸੇ ਤੋਂ ਬਾਅਦ ਚਾਲਕ ਕੈਂਟਰ ਸਮੇਤ ਉਥੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਟਾਂਡਾ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਕ ਬੱਚੇ ਸਮੇਤ 4 ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਇਕ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿਚ 2 ਔਰਤਾਂ, 1 ਬੱਚਾ ਅਤੇ 1 ਵਿਅਕਤੀ ਹਨ। ਜਾਣਕਾਰੀ ਮੁਤਾਬਕ ਔਰਤਾਂ ਅਤੇ ਵਿਅਕਤੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਸੀ ਜਦਕਿ ਬੱਚੇ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਈ ਹੈ। ਪੁਲੀਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।