ਚੰਡੀਗੜ੍ਹ, 3 ਜੁਲਾਈ : ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਲਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਮਾਲੀਆ ਪ੍ਰਾਪਤੀਆਂ ਵਿਚ 25 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਪਹਿਲੀ ਤਿਮਾਹੀ ਵਿਚ ਜੋ ਪ੍ਰਾਪਤੀਆਂ 7395.33 ਕਰੋੜ ਰੁਪਏ ਸੀ, ਉਹ ਵੱਧ ਕੇ 9243.99 ਕਰੋੜ ਰੁਪਏ ਹੋ ਗਈ ਹੈ ਤੇ ਇਸ ਤਰੀਕੇ 1848.66 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਅਸੀਂ ਟੈਕਸ ਪ੍ਰਾਪਤੀ ਵਿਚ ਉਣਤਾਈਆਂ ਦੂਰ ਕਰ ਕੇ ਆਮਦਨ ਵਧਾ ਲਈ ਹੈ। ਸਰਕਾਰ ਦੀ ਆਮਦਨ ਵਿਚ ਇਹ ਵਾਧਾ ਉਦੋਂਹੋਇਆ ਹੈ ਜਦੋਂ ਕੇਂਦਰ ਸਰਕਾ ਨੇ ਪੰਜਾਬ ਦੇ ਕਈ ਫੰਡ ਰੋਕ ਰੱਖੇ ਹਨ ਤੇ ਸੂਬੇ ਦੀ ਕਰਜ਼ਾ ਲੈਣ ਦੀ ਹੱਦ ਵਿਚ ਵੀ 18000 ਕਰੋੜ ਰੁਪਏ ਦੀ ਕਟੌਤੀ ਕੀਤੀ ਹੈ। ਪੰਜਾਬ ਲਈ ਪਹਿਲਾਂ ਕਰਜ਼ਾ ਲੈਣ ਦੀ ਹੱਦ 45730 ਕਰੋੜ ਰੁਪਏ ਸੀ। ਸਭ ਤੋਂ ਪ੍ਰਾਪਤੀਆਂ ਐਕਸਾਈਜ਼ ਤੋਂ ਹੁੰਦੀ ਆਮਦਨ ਵਿਚ ਹੋਈ ਹੈ। 2022 ਵਿਚ ਜਿਥੇ 1517.85 ਕਰੋੜ ਰੁਪਏ ਆਮਦਨ ਹੋਈ ਸੀ, ਉਹ ਇਸ ਵਾਰ 55.65 ਫੀਸਦੀ ਵੱਧ ਕੇ 2362.53 ਕਰੋੜ ਰੁਪਏ ਹੋ ਗਈ ਹੈ। ਜੀ ਐਸ ਟੀ ਪ੍ਰਾਪਤੀਆਂ ਵਿਚ ਵੀ ਸੂਬੇ ਵਿਚ 20 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ 4050.62 ਕਰੋੜ ਦੇ ਮੁਕਾਬਲੇ ਇਸ ਵਾਰ 5053.62 ਕਰੋੜ ਰੁਪਏ ਦੀ ਆਮਦਨ ਹੋਈ ਹੈ ਜੋ 10003 ਕਰੋੜ ਰੁਪਏ ਵੱਧ ਹਨ। ਇਸੇ ਤਰੀਕੇ ਵੈਟ ਆਮਦਨ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਦੇ 1731.93 ਕਰੋੜ ਰੁਪਏ ਦੇ ਮੁਕਾਬਲੇ ਐਤਕੀਂ 1737.93 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸਿਰਫ ਕੇਂਦਰੀ ਸੇਲਜ਼ ਟੈਕਸ (ਸੀ ਐਸ ਟੀ) ਵਿਚ 9.53 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮਦਨ ਜਿਥੇ ਪਿਛਲੇ ਸਾਲ 55.7 ਫੀਸਦੀ ਸੀ, ਉਥੇ ਹੀ ਇਹ ਘੱਟ ਕੇ 50.39 ਕਰੋੜ ਰੁਪਏ ਰਹਿ ਗਈ ਹੈ।