ਐਨਆਰਆਈ ਵਿਧਵਾ ਔਰਤ ਨੇ ਵਿਧਾਇਕ ਦੀ ਸ਼ਹਿ ਤੇ ਜਮੀਨ ਤੇ ਕਬਜਾ ਕਰਨ ਦੇ ਲਗਾਏ ਦੋਸ਼, ਵਿਧਾਇਕ ਨੇ ਦੋਸ਼ਾਂ ਨੂੰ ਨਕਾਰਿਆ 

ਰਾਏਕੋਟ, 27 ਜੂਨ (ਚਰਨਜੀਤ ਸਿੰਘ ਬੱਬੂ) : ਜਗਰਾਓਂ ’ਚ ਐਨ.ਆਰ.ਆਈ ਪਰਿਵਾਰ ਦੀ ਕੋਠੀ ਵਾਲੇ ਮਾਮਲੇ ਦੀ ਗੱਲ ਹਾਲੇ ਠੰਡੀ ਨਹੀਂ ਹੋਈ ਕਿ ਇੱਕ ਹੋਰ ਪ੍ਰਵਾਸੀ ਪੰਜਾਬੀ ਵਿਧਵਾ ਔਰਤ ਵਲੋਂ ਹਲਕਾ ਰਾਏਕੋਟ ਤੋਂ ਆਪ ਦੇ ਵਿਧਾਇਕ ’ਤੇ ਦੋਸ਼ ਲਗਾਂਉਦੇ ਹੋਏ ਕਿਹਾ ਕਿ ਕੁਝ ਵਿਅਕਤੀ ਵਿਧਾਇਕ ਦੀ ਸ਼ਹਿ ’ਤੇ ਉਸ ਦੀ ਪੁਸ਼ਤੈਨੀ ਜਮੀਨ ’ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਵਾਸੀ ਪੰਜਾਬੀ ਵਿਧਵਾ ਔਰਤ ਸ੍ਰੀਮਤੀ ਰਾਜਵਿੰਦਰ ਕੌਰ ਪਤਨੀ ਸਵ. ਹਰਪਾਲ ਸਿੰਘ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੈਨੇਡਾ ਦੀ ਨਾਗਰਿਕ ਹੈ ਅਤੇ ਉਸਦੇ ਪਤੀ ਹਰਪਾਲ ਸਿੰਘ ਰਾਏਕੋਟ ’ਚ ਪੁਸ਼ਤੈਨੀ ਜਮੀਨ ’ਤੇ ਖੇਤੀ ਦਾ ਕੰਮ ਕਰਦੇ ਸਨ, ਜਿੰਨ੍ਹਾਂ ਦੀ 2020 ’ਚ ਕੈਨੇਡਾ ਵਿਖੇ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਇੱਕ ਨੌ ਸਾਲ ਦਾ ਬੇਟਾ ਵੀ ਹੈ। ਉਸ ਨੇ ਦੱਸਿਆ ਕਿ ਪੁਸ਼ਤੈਨੀ ਜਮੀਨ ਹੋਣ ਕਰਕੇ ਉਸ ਦੀ ਸੱਸ ਤੇਜਿੰਦਰ ਕੌਰ ਨੇ ਜਮੀਨ ਦੀ ਰਜਿਸਟਰੀ ਆਪਣੇ ਭਰਾ ਬਲਜਿੰਦਰ ਸਿੰਘ ਦੇ ਨਾਮ ਕਰਵਾ ਦਿੱਤੀ ਸੀ, ਜਿਸ ਨੂੰ ਮੇਰੇ ਵਲੋਂ ਅਦਾਲਤ ਵਿੱਚ ਚਨੌਤੀ ਦਿੱਤੀ ਗਈ ਹੈ ਅਤੇ ਮਾਣਯੋਗ ਅਦਾਲਤ ਵਲੋਂ ਸਟੇਟਸ ਕੋ ਦੇ ਹੁਕਮ ਕੀਤੇ ਗਏ ਹਨ, ਲੇਕਿਨ ਵਿਧਾਇਕ ਹਾਕਮ ਸਿੰਘ ਆਪਣੇ ਸਾਥੀ ਦਵਿੰਦਰ ਸਿੰਘ ਦੀ ਮਦਦ ਨਾਲ ਇਸ ਜਮੀਨ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਾਜਿਸ ਕਰ ਰਹੇ ਹਨ ਅਤੇ ਅਦਾਲਤੀ ਰੋਕ ਲੱਗੇ ਹੋਣ ਦੇ ਬਾਵਜੂਦ 5 ਕਿੱਲੇ ਜਮੀਨ ਦੀ ਰਜਿਸਟਰੀ ਆਪਣੇ ਬੰਦਿਆਂ ਦੇ ਨਾਂ ’ਤੇ ਕਰਵਾ ਦਿੱਤੀ ਹੈ, ਜਿਸ ਦੇ ਸਬੰਧ ’ਚ ਰਾਜਵਿੰਦਰ ਕੌਰ ਨੇ ਕਿਹਾ ਕਿ ਇਹ ਰਜਿਸਟਰੀ ਵੀ ਹਲਕਾ ਵਿਧਾਇਕ ਦੇ ਦਬਾਅ ਹੇਠ ਜਗਰਾਓਂ ਵਾਲੀ ਕੋਠੀ ਦੀ ਰਜਿਸਟਰੀ ਕਰਨ ਵਾਲੀ ਕਥਿਤ ਟੀਮ ਵਲੋਂ ਹੀ ਦਫਤਰੀ ਸਮੇਂ ਤੋਂ ਬਾਅਦ 4.40 ਵਜ਼ੇ ਕੀਤੀ ਗਈ  ਹੈ। ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਨੇ ਆਪਣੇ 20-25 ਸਾਥੀਆਂ ਦੀ ਮਦਦ ਨਾਲ ਮੇਰੀ ਜਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੇ ਸਬੰਧ ਵਿੱਚ ਮੇਰੀ ਸ਼ਿਕਾਇਤ ’ਤੇ ਥਾਣਾ ਸਿਟੀ ਰਾਏਕੋਟ ਦੀ ਪੁਲਿਸ ਵਲੋਂ 23 ਮਈ 2023 ਨੂੰ ਦਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ’ਤੇ ਇੱਕ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ। ਰਾਜਵਿੰਦਰ ਕੌਰ ਨੇ ਕਿਹਾ ਕਿ ਇਸ ਸਬੰਧੀ ਉਹ ਇਨਸਾਫ ਲੈਣ ਲਈ ਹਲਕਾ ਵਿਧਾਇਕ ਹਾਕਮ ਸਿੰਘ  ਨੂੰ ਵੀ ਮਿਲੀ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫਤਰ ਤੱਕ ਵੀ ਪਹੁੰਚ ਕੀਤੀ ਸੀ ਪ੍ਰੰਤੂ ਹੁਣ ਤੱਕ ਉਸ ਦੀ ਕੋਈ ਸੁਣਵਾਈ ਨਹੀ ਹੋਈ ਹੈ ਅਤੇ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।

ਵਿਧਾਇਕ ਠੇਕੇਦਾਰ ਨੇ ਦੋਸ਼ਾਂ ਨੂੰ ਨਕਾਰਿਆ 
ਇਸ ਸਬੰਧੀ ਜਦੋਂ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਨਾਲ ਮੋਬਾਈਲ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਮੁੱਢੋਂ ਨਕਾਰਦੇ ਹੋਏ ਇਸ ਨੂੰ ਇੱਕ ਪਰਿਵਾਰਕ ਝਗੜਾ ਦੱਸਿਆ, ਉਨ੍ਹਾਂ ਕਿਹਾ ਕਿ ਦੋਨੋਂ ਧਿਰਾਂ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦਫਤਰ ਪੁੱਜੀਆਂ ਸਨ ਅਤੇ ਮੁੱਖ ਮੰਤਰੀ ਦਫਤਰ ਵਲੋਂ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਦੋਸ਼ਾਂ ਨੂੰ ਨਕਾਰਦਿਆਂ ਦਵਿੰਦਰ ਸਿੰਘ ਨੇ ਕਿਹਾ ਕਿ ਪੂਰਾ ਮੁੱਲ ਦੇ ਕੇ ਜਮੀਨ ਖਰੀਦੀ
ਉੱਧਰ ਪ੍ਰਵਾਸੀ ਪੰਜਾਬੀ ਔਰਤ ਵਲੋਂ ਜਿਸ ਦਵਿੰਦਰ ਸਿੰਘ ’ਤੇ ਜਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਉਕਤ ਪ੍ਰਵਾਸੀ ਪੰਜਾਬੀ ਔਰਤ ਰਾਜਵਿੰਦਰ ਕੌਰ ਦੀ ਸੱਸ ਸ੍ਰੀਮਤੀ ਤੇਜਿੰਦਰ ਕੌਰ ਦੀ ਮੌਜ਼ਦਗੀ ’ਚ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਸ ਜਮੀਨ ਦੀ ਖਰੀਦ ਉਨ੍ਹਾਂ ਵਲੋਂ ਤੇਜਿੰਦਰ ਕੌਰ ਦੇ ਭਰਾ ਬਲਜਿੰਦਰ ਸਿੰਘ ਕੋਲੋਂ ਪੂਰਾ ਮੁੱਲ ਦੇ ਕੇ ਰਜਿਸਟਰੀ ਕਰਵਾਈ ਗਈ ਹੈ ਅਤੇ ਉਨ੍ਹਾਂ ਵਲੋਂ ਖਰੀਦੀ ਗਈ ਜਮੀਨ ’ਤੇ ਕੋਈ ਵੀ ਅਦਾਲਤੀ ਰੋਕ ਨਹੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀ ਔਰਤ ਦੀ ਸ਼ਿਕਾਇਤ ’ਤੇ ਉਨ੍ਹਾਂ ਅਤੇ ਸਾਥੀਆਂ ਵਿਰੁੱਧ ਜੋ ਮੁਕੱਦਮਾ ਦਰਜ ਕੀਤਾ ਗਿਆ ਹੈ, ਉਸ ਦੀ ਜਾਂਚ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਔਰਤ ਦੀ ਸੱਸ ਤੇਜਿੰਦਰ ਕੌਰ ਨੇ ਵੀ ਆਪਣੀ ਨੂੰਹ ’ਤੇ ਕਈ ਤਰਾਂ ਦੇ ਗੰਭੀਰ ਇਲਜ਼ਾਮ ਲਗਾਏ ਹਨ। 

01