ਲੁਧਿਆਣਾ 7 ਜੁਲਾਈ : ਲੁਧਿਆਣਾ ਵਿਚ ਇਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਲੁਧਿਆਣਾ ਦੇ ਨਿਓ ਜਨਕਪੁਰੀ ਇਲਾਕੇ ਵਿਚ ਇੱਕੋ ਹੀ ਪਰਿਵਾਰ ਦੇ 3 ਲੋਕਾਂ ਦਾ ਕਤਲ ਹੋ ਗਿਆ। ਇਹ ਤਿੰਨੋਂ ਸੀਨੀਅਰ ਸਿਟੀਜਨ ਸਨ। ਮੌਕੇ 'ਤੇ ਭਾਰੀ ਪੁਲਿਸ ਫੋਰਸ ਅਤੇ ਲੁਧਿਆਣਾ ਦੀ ਜਵਾਇੰਟ ਕਮਿਸ਼ਨਰ ਮੌਕੇ 'ਤੇ ਪਹਿੁੰਚੇ ਅਤੇ ਜਾਂਚ ਸ਼ੁਰੂ ਕਰ ਦਿਤੀ ਸੀ। ਜਾਣਕਾਰੀ ਮੁਤਾਬਕ ਮੁਹੱਲਾ ਵਾਸੀ ਚਮਨ ਲਾਲ (70), ਉਸ ਦੀ ਪਤਨੀ ਸੁਰਿੰਦਰ ਕੌਰ (65) ਅਤੇ ਮਾਂ ਸੁਰਜੀਤ ਕੌਰ (90) ਦੀਆਂ ਲਾਸ਼ਾਂ ਘਰ ਅੰਦਰੋਂ ਮਿਲੀਆਂ। ਤਿੰਨ ਕਤਲਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਪਤਾ ਸਵੇਰੇ 10 ਵਜੇ ਉਸ ਸਮੇਂ ਲੱਗਾ ਜਦੋਂ ਦੁੱਧ ਵਾਲਾ ਉਨ੍ਹਾਂ ਦੇ ਘਰ ਆਇਆ। ਦੁੱਧ ਲੈਣ ਲਈ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਸ਼ੱਕ ਪੈਣ ‘ਤੇ ਉਸ ਨੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਤਿੰਨ ਲਾਸ਼ਾਂ ਪਈਆਂ ਸੀ। ਜਿਸ ‘ਚ 2 ਬੈੱਡ ‘ਤੇ ਅਤੇ ਇੱਕ ਕਮਰੇ ‘ਚ ਹੇਠਾਂ ਫਰਸ਼ ‘ਤੇ ਪਈ ਸੀ। ਮ੍ਰਿਤਕਾਂ ਦੀ ਪਛਾਣ ਚਮਨ ਲਾਲ, ਉਸਦੀ ਪਤਨੀ ਸੁਰਿੰਦਰ ਕੌਰ ਅਤੇ ਮਾਤਾ ਬਚਨ ਕੌਰ ਵਜੋਂ ਹੋਈ ਹੈ। ਇਨ੍ਹਾਂ ਦੀ ਉਮਰ 70 ਤੋਂ 90 ਸਾਲ ਦਰਮਿਆਨ ਹੈ। ਉਸਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਗੁਆਂਢੀਆਂ ਦਾ ਕਹਿਣਾ ਹੈ ਕਿ ਕੱਲ੍ਹ ਪੂਰਾ ਦਿਨ ਪਰਿਵਾਰ ਦੇ ਤਿੰਨੇ ਮੈਂਬਰ ਘਰੋਂ ਬਾਹਰ ਨਹੀਂ ਆਏ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਹ ਕਤਲ 5 ਜੁਲਾਈ ਦੀ ਸ਼ਾਮ ਨੂੰ ਹੋਇਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ‘ਤੇ ਚਾਕੂ ਦੇ ਨਿਸ਼ਾਨ ਵੀ ਮਿਲੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਕਤਲ ਵਿੱਚ ਕਿਸੇ ਜਾਣਕਾਰ ਦਾ ਹੱਥ ਹੋ ਸਕਦਾ ਹੈ। ਥਾਣਾ ਸਲੇਮਟਾਬਰੀ ਦੇ ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਮੌਕੇ ਦੀ ਜਾਂਚ ਕਰ ਰਹੀ ਹੈ। ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਕਤਲ ਦਾ ਕਾਰਨ ਕੀ ਹੈ, ਇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।