ਚੰਡੀਗੜ੍ਹ, 07 ਜਨਵਰੀ 2025 : ਪੰਜਾਬ ਅਤੇ ਚੰਡੀਗੜ੍ਹ ਵਿਚ ਸੀਤ ਲਹਿਰ ਜਾਰੀ ਹੈ। ਅੱਜ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਮੌਸਮ ਵਿਭਾਗ ਵਲੋਂ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਤਾਪਮਾਨ 'ਚ 24 ਘੰਟਿਆਂ ਦੌਰਾਨ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਦਕਿ ਇਹ ਆਮ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਪਠਾਨਕੋਟ ਵਿਚ ਸੱਭ ਤੋਂ ਵੱਧ ਤਾਪਮਾਨ 22.2 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਚੰਡੀਗੜ੍ਹ ਵਿਚ ਤਾਪਮਾਨ 22.8 ਡਿਗਰੀ ਰਿਹਾ। 9 ਜਨਵਰੀ ਤਕ ਮੀਂਹ ਦਾ ਕੋਈ ਅਲਰਟ ਨਹੀਂ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਲਈ 6 ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਅੰਮ੍ਰਿਤਸਰ, ਫ਼ਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਕਪੂਰਥਰਾਲਾ, ਤਰਨਤਾਰਨ ਸ਼ਾਮਲ ਹਨ। ਅਜਿਹੀ ਸਥਿਤੀ 'ਚ ਕੁੱਝ ਥਾਵਾਂ 'ਤੇ ਵਿਜ਼ੀਬਿਲਟੀ 0 ਤੋਂ 2 ਮੀਟਰ ਦੇ ਵਿਚਕਾਰ ਰਹਿ ਸਕਦੀ ਹੈ। ਇਹ ਅਲਰਟ ਸਵੇਰੇ 9 ਵਜੇ ਤਕ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਜਦਕਿ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਮਲੇਰਕੋਟਲਾ ਵਿਚ ਸੰਘਣੀ ਧੁੰਦ ਦਾ ਆਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 9 ਜਨਵਰੀ ਦੀ ਰਾਤ ਨੂੰ ਮੌਸਮ ਬਦਲ ਜਾਵੇਗਾ। ਇਸ ਤੋਂ ਬਾਅਦ ਅਗਲੇ 4 ਦਿਨਾਂ ਤਕ ਅਸਮਾਨ ਵਿਚ ਬੱਦਲ ਹੋਣਗੇ ਤੇ ਕੁੱਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ 18 ਤੋਂ 24 ਡਿਗਰੀ ਦੇ ਵਿਚਕਾਰ ਰਹੇਗਾ। ਇਹ ਤਾਪਮਾਨ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਬਰਾਬਰ ਹੋਵੇਗਾ।