ਅੰਮ੍ਰਿਤਸਰ, 13 ਅਗਸਤ : ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ ਜਾਣ ਲਈ ਗੁਰਦੁਆਰਿਆਂ ਵਿੱਚ ਖਿਡੌਣੇ ਜਹਾਜ਼ ਚੜ੍ਹਾਉਣ ਦੀ ਪ੍ਰਥਾ ਨੂੰ ਬੰਦ ਕਰੇਗੀ। ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਹਵਾਈ ਜਹਾਜ ਵਰਗੇ ਖਿਡੌਣੇ ਚੜ੍ਹਾਉਣ ਦੀ ਪ੍ਰਥਾ ਨੂੰ ਰੋਕਣ ਲਈ ਸੇਵਾਦਾਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੇਸ਼ ਵਿੱਚ ਹੋ ਰਹੇ ਫਿਰਕੂ ਦੰਗਿਆਂ ਬਾਰੇ ਚਰਚਾ ਕੀਤੀ ਗਈ। ਪਰ ਇਸ ਦੌਰਾਨ ਪੰਜਾਬ ਤੋਂ ਬਾਹਰ ਜਾਣ ਵਾਲੇ ਨੌਜਵਾਨਾਂ ਬਾਰੇ ਵੀ ਵਿਚਾਰ ਕੀਤਾ ਗਿਆ।ਇਸ ਦੌਰਾਨ ਵਿਦੇਸ਼ ਜਾਣ ਅਤੇ ਵੀਜ਼ਾ ਲਗਵਾਉਣ ਲਈ ਗੁਰਦੁਆਰਿਆਂ ਵਿੱਚ ਖਿਡੌਣੇ ਜਹਾਜ਼ ਚੜ੍ਹਾਉਣ ਦੀ ਪ੍ਰਥਾ ਨੂੰ ਬੰਦ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ।ਜਲੰਧਰ ਦੇ ਇੱਕ ਗੁਰਦੁਆਰੇ ਵਿੱਚ ਲੋਕ ਵਿਦੇਸ਼ ਜਾਣ ਲਈ ਖਿਡੌਣੇ ਜਹਾਜ਼ ਚੜ੍ਹਾਉਂਦੇ ਹਨ। ਇਹ ਰੁਝਾਨ ਇੰਨਾ ਵੱਧ ਗਿਆ ਹੈ ਕਿ ਲੋਕ ਇਸ ਗੁਰਦੁਆਰੇ ਨੂੰ ਹਵਾਈ ਜਹਾਜ਼ ਗੁਰਦੁਆਰਾ ਕਹਿਣ ਲੱਗ ਪਏ ਹਨ। ਇਹ ਪ੍ਰਥਾ ਹੁਣ ਹਰਿਮੰਦਰ ਸਾਹਿਬ ਵਿੱਚ ਵੀ ਸ਼ੁਰੂ ਹੋ ਗਈ ਹੈ। ਪਿਛਲੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ।ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਦਾਇਤਾਂ ਮਿਲਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਮੁਲਾਜ਼ਮਾਂ ਤੇ ਸੇਵਾਦਾਰਾਂ ਨੂੰ ਅਜਿਹੀਆਂ ਪ੍ਰਥਾਵਾਂ ਨੂੰ ਰੋਕਣ ਲਈ ਸਖ਼ਤ ਹਦਾਇਤ ਕੀਤੀ ਹੈ।ਇਸ ਦੇ ਨਾਲ ਹੀ ਜਲਦੀ ਹੀ ਐਸਜੀਪੀਸੀ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਯੋਜਨਾ ਤਿਆਰ ਕਰੇਗੀ।