ਮੋਹਾਲੀ : ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ੍ਹ/ ਮੋਹਾਲੀ ਵੱਲੋਂ ਅੱਜ ਦਿੱਲੀ ਦੀਆਂ ਸਰਹੱਦਾਂ ਤੇ ਚੱਲੇ ਇਤਿਹਾਸਕ ਕਿਸਾਨ ਸੰਘਰਸ਼ ਸਬੰਧੀ ਅੰਗਰੇਜੀ ਪੁਸਤਕ " ਏ ਜਰਨੀ ਆਫ ਫਾਰਮਰਜ਼ ਰਿਬੇਲੀਅਨ" ਨੂੰ ਰਿਲੀਜ਼ ਕੀਤਾ ਗਿਆ। ਪੀਪਲਜ ਯੁਨਿਟੀ, ਗਰਾਂਊਡ ਜੀਰੋ ਅਤੇ ਨੋਟਸ ਆਨ ਅਕੈਡਮੀ ਸੰਸਥਾਵਾਂ ਵੱਲੋਂ ਸੰਪਾਦਿਤ ਇਸ ਵੱਡ ਅਕਾਰੀ ਪੁਸਤਕ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼੍ਰੀ ਗੁਰੂ ਕੇੰਦਰੀ ਸਿੰਘ ਸਭਾ ਵਿਖੇ ਹੋਈ ਇਕੱਤਰਤਾ ਵਿੱਚ ਰਿਲੀਜ ਕੀਤਾ ਗਿਆ। ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ਮੋਹਾਲੀ ਦੇ ਆਗੂਆਂ ਐਡਵੋਕੇਟ ਮਨਦੀਪ ਸਿੰਘ, ਸੰਦੀਪਾ ਤੇ ਮਨਪ੍ਰੀਤ ਜਸ ਨੇ ਕਿਹਾ ਕਿ ਦਿੱਲੀ ਦੀਆਂ ਹੱਦਾਂ ਤੇ ਚੱਲਿਆ ਕਿਸਾਨ ਸੰਘਰਸ਼ ਆਪਣੀ ਲਾਮਬੰਦੀ, ਮੁਲਕ ਅਤੇ ਮੁਲਕ ਤੋੰ ਬਾਹਰੋੰ ਮਿਲੀ ਹਮਾਇਤ, ਵੱਖ-ਵੱਖ ਮਿਹਨਤਕਸ਼ ਤਬਕਿਆਂ ਕਿਸਾਨਾਂ ਖੇਤ-ਮਜਦੂਰਾਂ, ਨੌਜਵਾਨਾਂ, ਸ਼ਹਿਰੀਆਂ ਤੇ ਬੁੱਧੀਜੀਵੀਆਂ ਦੀ ਏਕਤਾ, ਔਰਤਾਂ ਦੀ ਸ਼ਮੂਲੀਅਤ, ਆਪਣੇ ਧਰਮ-ਨਿਰਪੱਖ ਤੇ ਗੈਰ-ਪਾਰਲੀਮਾਨੀ ਖਾਸੇ ਕਰਕੇ ਭਾਰਤ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਸੀ। ਇਸ ਸੰਘਰਸ਼ ਨੇ ਸੰਘਰਸ਼ ਦੇ ਚੋਟ-ਨਿਸ਼ਾਨੇ ਵਜੋੰ ਭਾਜਪਾ ਦੀ ਫਾਸ਼ੀ ਹਕੂਮਤ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਤੇ ਬਹੁਕੌਮੀ ਸਾਮਰਾਜੀ ਸੰਸਥਾਵਾਂ ਦੇ ਰੋਲ ਨੂੰ ਅੰਕਿਤ ਕੀਤਾ ਤੇ ਆਪਣੀ ਧਾਰ ਦਾ ਨਿਸ਼ਾਨਾ ਬਣਾਇਆ। ਭਾਰਤ ਭਰ ਅੰਦਰੋ ਵੱਖ-ਵੱਖ ਸੂਬਿਆਂ ਦੇ ਲੱਖਾਂ ਕਿਸਾਨਾਂ ਤੇ ਮਿਹਨਤਕਸ਼ ਤਬਕਿਆਂ ਨੇ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ। ਇਸ ਅਦੁੱਤੀ ਸੰਘਰਸ਼ ਦਾ ਦਸਤਾਵੇਜੀਕਰਨ ਤੇ ਇਸਦੀ ਇਤਿਹਾਸਕ ਸਾਂਭ-ਸੰਭਾਈ ਦਾ ਕਾਰਜ ਕਰਦਿਆਂ ਪੀਪਲਜ ਯੁੂਨਿਟੀ, ਨੋਟਸ ਆਨ ਅਕੈਡਮੀ ਤੇ ਗਰਾਂਊਡ ਜੀਰੋ ਸੰਸਥਾਵਾਂ ਵੱਲੋੰ ਲੋਕ-ਪੱਖੀ ਬੁੱਧੀਜੀਵੀਆਂ ਦਾ ਰੋਲ ਨਿਭਾਉੰਦਿਆ ਸ਼ਾਨਦਾਰ ਕਾਰਜ ਕੀਤਾ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਆਗੂ ਤੇ ਅਰਥ-ਸ਼ਾਸ਼ਤਰ ਦੇ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਤਾਬ ਦੇ ਵੱਖ-ਵੱਖ ਪੱਖਾਂ ਤੇ ਵਿਸ਼ਿਆ ਬਾਰੇ ਵਿਸਥਾਰੀ ਜਾਣਕਾਰੀ ਪੇਸ਼ ਕੀਤੀ। ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਇਤਿਹਾਸਕ ਕਿਸਾਨ ਸੰਘਰਸ਼ ਦੇ ਉਭਰਵੇਂ ਹਾਂ- ਪੱਖੀ ਪਹਿਲੂਆਂ ਤੇ ਚਾਨਣਾ ਪਾਇਆ ਤੇ ਨਾਲ ਹੀ ਮਿਹਨਤਕਸ਼ ਜਨਤਾ ਤੇ ਬੁੱਧੀਜੀਵੀ ਹਿੱਸਿਆਂ ਦੀ ਸਾਂਝ ਦੀ ਮਹਤੱਤਾ ਉਪਰ ਜੋਰ ਦਿੱਤਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ ਨੇ ਮੌਜੂਦਾ ਦੌਰ ਅੰਦਰ ਫਾਸ਼ੀਵਾਦ ਦੀ ਵਧ ਰਹੀ ਚੁਣੌਤੀ ਖਿਲਾਫ ਵਡੇਰੀ ਲੋਕ-ਏਕਤਾ ਉਸਾਰਨ ਦਾ ਸੰਦੇਸ਼ ਦਿੱਤਾ। ਬੀ.ਕੇ.ਯੂ.(ਡਕੌੰਦਾ) ਦੇ ਸੂਬਾ ਆਗੂ ਜਗਮੋਹਨ ਸਿੰਘ ਨੇ ਰਿਲੀਜ ਕੀਤੀ ਗਈ ਪੁਸਤਕ ਦੇ ਹਾਂ-ਪੱਖੀ ਪਹਿਲੂਆਂ ਨੂੰ ਅੰਗਿਤ ਕਰਦਿਆਂ ਨਾਲ ਹੀ ਇਸਨੂੰ ਹੋਰ ਵਧੇਰੇ ਸਰਵ-ਵਿਆਪਕ ਬਣਾਉਣ ਦੀ ਲੋੜ ਤੇ ਜੋਰ ਦਿੱਤਾ। ਉਪਰੋਕਤ ਬੁਲਾਰਿਆਂ ਤੋੰ ਇਲਾਵਾ ਇਸ ਇਕੱਤਰਤਾ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਸੂਬਾ ਆਗੂ ਸੁੱਖਵਿੰਦਰ ਕੌਰ, ਸੂਹੀ ਸਵੇਰ ਚੈਨਲ ਤੋੰ ਪੱਤਰਕਾਰ ਸ਼ਿਵਇੰਦਰ ਸਿੰਘ, ਗਰਾਊੰਡ ਜੀਰੋ ਤੋੰ ਨੰਦਿਨੀ ਧਰ, ਡਾਕੂਮੈੰਟਰੀ ਮੇਕਰ ਤੇ ਫੋਟੋਗ੍ਰਾਫਰ ਰਣਦੀਪ ਮੱਦੋਕੇ ਅਤੇ ਔਰਤ ਕਾਰਕੁੰਨ ਰੰਜਨਾ ਪਾਧੀ ਨੇ ਵੀ ਸੰਬੋਧਨ ਕੀਤਾ। ਪੀਪਲਜ ਯੂਨਿਟੀ ਤੋੰ ਸੰਦੀਪ ਕੁਮਾਰ ਹਾਜਰ ਹੋਏ ਤੇ ਸਟੇਜ ਸੰਚਾਲਨ ਜਮਹੂਰੀ ਅਧਿਕਾਰ ਸਭਾ ਦੇ ਆਗੂ ਮਨਪ੍ਰੀਤ ਜਸ ਵੱਲੋੰ ਕੀਤਾ ਗਿਆ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਵੱਲੋੰ ਸਭਨਾ ਦਾ ਧੰਨਵਾਦ ਕਰਦਿਆਂ ਕਿਸਾਨ ਸੰਘਰਸ਼ ਵਿੱਚ ਜਮਹੂਰੀ ਅਧਿਕਾਰ ਸਭਾ ਵੱਲੋੰ ਨਿਭਾਏ ਰੋਲ ਤੇ ਚਾਨਣਾ ਪਾਇਆ ਗਿਆ।