ਪੁਲ ਦੇ ਟੁੱਟਣ ਦੀ ਰਿਪੋਰਟ ਸਰਕਾਰ ਨੂੰ ਭੇਜੀ : ਡੀਸੀ ਪਠਾਨਕੋਟ


ਪਠਾਨਕੋਟ : ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪੰਜਾਬ-ਹਿਮਾਚਲ ਨੂੰ ਜੋੜਨ ਵਾਲਾ ਰੇਲਵੇ ਪੁਲ 20 ਅਗਸਤ ਨੂੰ ਢਹਿ ਗਿਆ ਸੀ ਅਤੇ ਉਸ ਤੋਂ ਕੁਝ ਦਿਨ ਪਹਿਲਾਂ ਰੇਲਵੇ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ। ਜਿਸ ਵਿਚ ਦੱਸਿਆ ਗਿਆ ਸੀ ਕਿ ਮਾਈਨਿੰਗ ਕਾਰਨ ਰੇਲਵੇ ਪੁਲ ਖਤਰੇ ਵਿੱਚ ਹੈ ਅਤੇ ਪੁਲ ਦੇ ਟੁੱਟਣ ਤੋਂ ਬਾਅਦ ਇਸ ਗੱਲ ’ਤੇ ਮੋਹਰ ਲੱਗਦੀ ਹੋਈ ਦਿੱਖ ਰਹੀ ਸੀ। ਜਿਸ ਤੋਂ ਬਾਅਦ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਵੱਲੋਂ ਸਹੀ ਜਾਂਚ ਪੜਤਾਲ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਸੀ, ਇਸ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ, ਡਰੇਨੇਜ ਵਿਭਾਗ ਦੇ ਅਧਿਕਾਰੀ ਅਤੇ ਏ.ਡੀ.ਸੀ.ਅੰਕੁਰਜੀਤ ਸਿੰਘ ਸਨ। ਜਾਂਚ ਪੜਤਾਲ ਵੱਲੋ ਹਾਲ ਹੀ ਵਿੱਚ ਤਿਆਰ ਕੀਤੀ ਰਿਪੋਰਟ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ (ਆਈਏਐਸ) ਸੌਂਪੀ ਗਈ ਸੀ, ਜੋ ਉਨ੍ਹਾਂ ਵੱਲੋਂ ਅੱਗੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਦੱਸਿਆ ਕੇ ਪੁੱਲ ਦੇ ਇੱਕ ਪਾਸੇ ਤੋਂ ਪਾਣੀ ਨਿਕਲ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਰੇਲਵੇ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਸੀ ਕਿ ਮਾਈਨਿੰਗ ਕਾਰਨ ਪੁਲ ਟੁੱਟ ਸਕਦਾ ਹੈ, ਗਲਤ ਸਾਬਤ ਹੋਇਆ ਹੈ।