ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿੱਤੀ ਫਜ਼ੂਲਖ਼ਰਚੀ ਵਿਰੁੱਧ ਚੇਤਾਵਨੀ ਦਿੱਤੀ ਹੈ, ਜੋ ਸੂਬੇ ਨੂੰ ਦੀਵਾਲੀਏਪਣ ਵੱਲ ਧੱਕ ਸਕਦੀ ਹੈ।ਵੜਿੰਗ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਜਿਸ ਦਰ 'ਤੇ ਕਰਜ਼ਾ ਲੈ ਰਹੀ ਹੈ, ਉਸ ਨਾਲ ਪਹਿਲਾਂ ਹੀ ਕਰਜ਼ਈ ਸੂਬੇ ਦੇ ਕਰਜੇ 'ਚ ਘੱਟੋ-ਘੱਟ 1 ਲੱਖ ਕਰੋੜ ਰੁਪਏ ਦਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਸੂਬੇ ਨੇ 11,464 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ, ਜਿਸਦਾ ਮਤਲਬ ਹੈ ਕਿ 5 ਸਾਲਾਂ ਵਿੱਚ ਕੁੱਲ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਵੇਗਾ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੇਲਜ ਟੈਕਸ ਅਤੇ ਸਟੈਂਪ ਡਿਊਟੀ ਰਾਹੀਂ ਮਾਲੀਏ ਦੀ ਉਗਰਾਹੀ ਵਿੱਚ ਵੀ ਭਾਰੀ ਕਮੀ ਆਈ ਹੈ, ਇਹ ਦੋਵੇਂ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਦੇ ਮਹੱਤਵਪੂਰਨ ਸੂਚਕ ਹਨ। ਉਨ੍ਹਾਂ ਕਿਹਾ ਕਿ ਆਬਕਾਰੀ ਅਧੀਨ ਦਿਖਾਈ ਗਈ ਵਾਧੂ ਆਮਦਨ ਸ਼ਰਾਬ ਠੇਕੇਦਾਰਾਂ ਵੱਲੋਂ ਜਮ੍ਹਾਂ ਕਰਵਾਈ ਗਈ ਸਕਿਉਰਟੀ ਡਿਪਾਜ਼ਿਟ ਕਾਰਨ ਆਈ ਹੈ। ਇਹ ਸਿਰਫ਼ ਅੰਕੜਿਆਂ ਦੀ ਖੇਡ ਹੈ, ਜਦੋਂ ਕਿ ਅਸਲ ਵਿੱਚ ਮਾਲੀਏ ਵਿੱਚ ਕੋਈ ਵਾਧਾ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਮਾੜੀ ਵਿੱਤੀ ਹਾਲਤ ਦੇ ਬਾਵਜੂਦ ਸੂਬਾ ਸਰਕਾਰ ਬੇਸ਼ਰਮੀ ਨਾਲ ਇਸ਼ਤਿਹਾਰਾਂ 'ਤੇ ਪੈਸਾ ਖਰਚ ਰਹੀ ਹੈ ਅਤੇ ਉਹ ਵੀ ਬਾਹਰਲੇ ਸੂਬਿਆਂ, ਜਿਵੇਂ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ। ਉਨ੍ਹਾਂ ਕਿਹਾ ਕਿ ਤੁਹਾਨੂੰ ਬਰਬਾਦ ਹੋਏ ਹਰ ਰੁਪਏ ਦਾ ਜਵਾਬ ਦੇਣਾ ਪਵੇਗਾ, ਨਹੀਂ ਤਾਂ ਇਸ ਰਕਮ ਨੂੰ ਪੰਜਾਬ ਦੇ ਲੋਕਾਂ ਦੀ ਭਲਾਈ 'ਤੇ ਖਰਚ ਕੀਤਾ ਜਾਣਾ ਚਾਹੀਦਾ ਸੀ। ਵੜਿੰਗ ਨੇ ਉਧਾਰ ਲਏ ਪੈਸਿਆਂ ਨਾਲ ਬੇਹਿਸਾਬ ਖਰਚਾ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਰਜ਼ੇ ਦੀ ਰਕਮ ਨੂੰ ਆਮਦਨ ਦਰਸਾਉਣ 'ਤੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਤੁਸੀਂ ਪੰਜਾਬ ਨੂੰ ਦੀਵਾਲੀਏਪਣ ਵੱਲ ਧੱਕ ਰਹੇ ਹੋ।