ਤਰਨਤਾਰਨ, 18 ਜੁਲਾਈ : ਭਾਰਤ-ਪਾਕਿਸਤਾਨ ਸਰਹੱਦ ‘ਤੇ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਸਤਕ ਦਿੱਤੀ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਭਾਰਤੀ ਸਰਹੱਦ ‘ਚ ਦਾਖਲ ਹੋਇਆ ਪਾਕਿਸਤਾਨੀ ਡਰੋਨ ਵਾਪਸ ਚਲਾ ਗਿਆ ਪਰ ਇਸ ਰਾਹੀਂ ਸੁੱਟੀ ਗਈ 17 ਕਰੋੜ ਰੁਪਏ ਦੀ ਹੈਰੋਇਨ ਨੂੰ ਜਵਾਨਾਂ ਨੇ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ। ਸੀਮਾ ਸੁਰੱਖਿਆ ਬਲ ਦੇ ਬੁਲਾਰੇ ਅਨੁਸਾਰ ਜਵਾਨਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਕੰਡਿਆਲੀ ਤਾਰ ਨੇੜੇ ਗਸ਼ਤ ਦੌਰਾਨ ਸੋਮਵਾਰ ਰਾਤ ਨੂੰ ਡਰੋਨ ਰਾਹੀਂ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਮੰਗਲਵਾਰ ਸਵੇਰੇ 6.45 ‘ਤੇ ਜਵਾਨਾਂ ਨੇ ਕੰਡਿਆਲੀ ਤਾਰ ਨੇੜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ BSF ਨੇ ਸਰਹੱਦੀ ਪਿੰਡ ਕਲਸੀਆਂ ਖੁਰਦ ਦੇ ਇੱਕ ਖੇਤ ਵਿੱਚੋਂ ਪੀਲੇ ਰੰਗ ਦੀ ਟੇਪ ਵਿੱਚ ਲਪੇਟਿਆ ਇੱਕ ਪੈਕਟ ਬਰਾਮਦ ਕੀਤਾ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਪੈਕੇਟ ਨੂੰ ਖੋਲ੍ਹਣ ‘ਤੇ ਉਸ ‘ਚੋਂ 2 ਕਿਲੋ 350 ਗ੍ਰਾਮ ਹੈਰੋਇਨ ਬਰਾਮਦ ਹੋਈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਜਾਂਚ ਤੋਂ ਬਾਅਦ ਹੈਰੋਇਨ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਗਈ।