ਪੰਜਾਬੀ ਸਮਾਜ ਅੱਜ ਬਹੁਤ ਸਾਰੀਆਂ ਸਮਾਜਿਕ ਸਮੱਸਿਆਵਾਂ ਨਾਲ ਦੋ-ਚਾਰ ਹੋ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿਚ ਕਈ ਸਾਰੀਆਂ ਨੱਥ ਦੀ ਲਾਜ ਰੱਖਣ ਵਾਲੀ ਹਉਮੈਂ ਭਰੀ ਮੂਰਖਤਾ ਕਰਕੇ ਸਮਾਜ ਵੱਲੋਂ ਆਪ ਵੀ ਪੈਦਾ ਕੀਤੀਆਂ ਹੋਈਆਂ ਹਨ ਅਤੇ ਇਸਦੇ ਨਾਲ ਹੀ ਰਾਜ ਸਰਕਾਰਾਂ ਵਲੋਂ ਘੜੀਆਂ ਤੋਂ ਅਪਣਾਈਆਂ ਜਾ ਰਹੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਪੇਂਡੂ ਅਰਥਚਾਰੇ ਨੂੰ ਤਬਾਹ ਕਰਨ ਵਾਸਤੇ ਇਨ੍ਹਾਂ ਦੇ ਵੱਧਣ-ਫੁੱਲਣ ਵਿੱਚ ਸਹਾਈ ਵੀ ਹੋਈਆਂ ਹਨ। ਸਿੱਟੇ ਵਜੋਂ ਸਮਾਜ ਅਸਾਵੇਂ ਵਿਕਾਸ ਦੇ ਰਾਹੇ ਪੈ ਗਿਆ-ਪੰਜਾਬ ਰਸਾਤਲ ਵਲ ਵੱਧ ਗਿਆ। ਸਮੱਸਿਆਵਾਂ ਬਹੁਤ ਸਾਰੀਆਂ ਹਨ, ਇਨ੍ਹਾਂ ਵੱਲ ਸਾਂਝੇ ਤੌਰ 'ਤੇ ਧਿਆਨ ਦੇ ਕੇ ਇਨ੍ਹਾਂ ਨੂੰ ਸੁਲਝਾਉਣ ਦੇ ਯਤਨ ਕਰਨੇ ਹੀ ਪੈਣਗੇ।
ਜਦੋਂ ਅਸੀਂ ਸਮਾਜਿਕ ਕਾਰਜਾਂ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਪਹਿਲੇ ਸਮਿਆਂ ਵਿਚ ਵਿਆਹ ਬਹੁਤ ਮਹਿੰਗੇ ਨਹੀਂ ਹੁੰਦੇ ਸਨ। ਅਜਿਹੇ ਸਾਰਾ ਪਿੰਡ ਆਪਣੇ ਵਿੱਤ ਅਨੁਸਾਰ ਵਿਆਹ ਵਾਲੇ ਘਰ ਦੀ ਮਦਦ ਵੀ ਕਰਦਾ ਸੀ। ਵਿਆਹ ਦੀ ਰਸਮ ਭਾਵ ਲਾਵਾਂ ਜਾਂ ਫੇਰੇ (ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਅਨੰਦ ਕਾਰਜ ਦੀ ਰਸਮ ਜਾਂ ਹਿੰਦੂ ਰਸਮਾਂ ਨਿਭਾਉਣ ਵਾਲਿਆਂ ਦੀਆਂ ਵੇਦੀ ਹੇਠ ਅੱਗ ਦੁਆਲੇ ਹੁੰਦੇ ਫੇਰੇ) ਆਮ ਕਰਕੇ ਵਿਆਹ ਵਾਲੇ ਘਰ ਦੇ ਵਿਹੜੇ ਵਿਚ ਹੀ ਹੁੰਦੇ ਸਨ, ਜਿਸ ਦਾ ਕਾਰਨ ਇਹ ਵੀ ਕਿਹਾ ਜਾਂਦਾ ਸੀ ਕਿ ਵਿਹੜਾ ਸੁੰਨਾਂ ਨਾਂ ਰਹਿ ਜਾਵੇ। ਕਾਰਜ ਪੂਰਾ ਹੋ ਜਾਣ ਤੋਂ ਬਾਅਦ “ਵਿਹੜਾ ਵਿਆਹਿਆ ਗਿਆ” ਦੱਸਿਆ ਜਾਂਦਾ ਸੀ। ਇਸ ਕਰਕੇ ਹੀ ਸਾਰੇ ਕਾਰਜ ਘਰ ਦੇ ਵਿਹੜੇ ਵਿੱਚ ਹੀ ਕੀਤੇ ਜਾਦੇ ਸਨ, ਘਰ ਨੂੰ ‘ਭਾਗ’ ਲਾਉਣ ਵਾਸਤੇ। ਕਾਰਜ ਆਰਥਿਕ ਪੱਖੋਂ ਵੀ ਸਸਤੇ ਹੁੰਦੇ ਸਨ ਅਤੇ ਇਨ੍ਹਾਂ ਕਾਰਜਾਂ (ਵਿਆਹ ਆਦਿ) ਦਾ ਸਾਦਗੀ ਹੀ ਮੁੱਖ ਗੁਣ ਹੁੰਦਾ ਸੀ। ਅਜੋਕੇ ਸਮੇ ਉਸ ਸਾਦਗੀ ਨੂੰ ਮੁੜ ਲੱਭਣ ਅਤੇ ਵਿਹਾਰਕ ਪੱਖੋ ਅਪਨਾਉਣ ਦੀ ਬਹੁਤ ਲੋੜ ਹੈ।
ਪਰ, ਵਿਆਹ ਹੁਣ ਵਿਆਹ ਨਹੀਂ ਮੰਡੀ ਦਾ ਮਾਲ ਬਣ ਗਏ ਹਨ। ਅਫਸੋਸ ਨਾਲ ਕਹਿਣਾ ਪੈਂਦਾ ਕਿ ਸੌਦੇ ਹੁੰਦੇ ਹਨ-ਪੁੱਤਾਂ ਦੇ ਵੀ, ਧੀਆਂ ਦੇ ਵੀ-ਦਾਜ ਦਾ ਸਰੂਪ ਅਸਲੋਂ ਹੀ ਬਦਲ ਗਿਆ ਹੈ। ਦਾਜ ਦੇ ਲੋਭੀ ਧੀਆਂ ਦੇ ਮਾਪਿਆਂ ਦਾ ਰੁੱਗ ਭਰ ਕੇ ਕਾਲਜਾ ਕੱਢਦੇ ਹਨ ਪਰ ਜ਼ਾਲਮ ਸੀਅ ਵੀ ਨਹੀਂ ਕਰਨ ਦਿੰਦੇ। ਲੋਕ ਪੜ੍ਹੀਆਂ-ਲਿਖੀਆਂ ਨੂੰਹਾਂ ਦੇ ਆਸਰੇ ਬਹੁਤ ਸਾਰੇ ਨਲਾਇਕ ਪੁੱਤਰਾਂ ਨੂੰ ਪਰਦੇਸਾਂ ਵਿੱਚ “ਫਿੱਟ” ਕਰ ਰਹੇ ਹਨ-ਫੇਰ ਵੀ ਲੱਤ ਮੁੰਡੇ ਵਾਲਿਆਂ ਦੀ ਹੀ ਉੱਪਰ ਰਹਿੰਦੀ ਹੈ। ਕਿਉਂ? ਇਸੇ ਮਰਦਸ਼ਾਹੀ ਵਾਲੀ ਸੋਚ ਨੇ ਸਮਾਜ ਦਾ ਬੇੜਾ ਗਕਕ ਕੀਤਾ ਹੈ ਲੋਕ ਜਾਗਦੇ ਨਹੀਂ ਤੇ ਇਹ ਵਰਤਾਰਾ ਲਗਾਤਾਰ ਅੱਗੇ ਤੁਰੀ ਜਾ ਰਿਹਾ ਹੈ, ਪਤਾ ਨਹੀਂ ਕਦੋਂ ਤੱਕ ਤੁਰਦਾ ਰਹੇਗਾ। ਸਵਾਲ ਕਰਨਾ ਬਣਦਾ ਹੈ ਕਿ ਕਦ ਜਾਗਣਗੇ ਲੋਕ?
ਜਦੋਂ ਸਾਰਾ ਸਮਾਜ ਹੀ ਮੰਡੀ ਦੀ ਜਕੜ ਵਿਚ ਹੈ ਤਾਂ ਸਮਾਜਿਕ ਕਾਰਜ ਇਸ ਤੋਂ ਕਿਵੇਂ ਪਿੱਛੇ ਰਹਿ ਜਾਂਦੇ। ਪੈਸੇ ਵਾਲਿਆਂ ਨੇ ਪੇਂਡੂ ਆਰਥਿਕਤਾ 'ਤੇ ਕਬਜ਼ਾ ਕਰ ਲਿਆ ਹੈ। ਪਿੰਡਾਂ ਅੰਦਰ ਸ਼ਹਿਰੀ ਤਰਜ਼ 'ਤੇ “ਮੇਰਿਜ ਪੈਲਸ” ਉਸਾਰ ਲਏ। ਉਨ੍ਹਾਂ ਨੂੰ ਇਸ ਵਿੱਚੋਂ ਮੁਨਾਫਾ ਜਰੂਰ ਦਿਸਿਆ ਹੋਵੇਗਾ, ਐਵੇ ਤਾਂ ਉਨ੍ਹਾਂ ਨੇ ਪਿੰਡ ਨੂੰ ਨਾਗਵਲ ਨਹੀਂ ਪਾਇਆ ਹੋਇਆ। ਕਿਹਾ ਜਾ ਰਿਹਾ ਸੀ ਪਿੰਡ ਤੇ ਸ਼ਹਿਰ ਦਾ ਫਰਕ ਮਿਟ ਰਿਹਾ ਹੈ। ਵਿਆਹ ਵਾਲਾ ਜਿਹੜਾ ਕਾਰਜ ਪਹਿਲਾਂ ਜੰਝ ਘਰਾਂ ਵਿਚ ਮੁਫ਼ਤ ਹੁੰਦਾ ਸੀ, ਇਨ੍ਹਾਂ ਮਹਿੰਗੇ ਮੈਰਿਜ ਪੈਲਸਾਂ ਉੱਤੇ ਹੁਣ ਪੰਡ ਪੈਸਿਆਂ ਦੀ ਲੱਗਣ ਲੱਗੀ-ਇਸ ਵਿਕਾਸ ਦੀ ਪਿੰਡ ਨੂੰ ਕਿੰਨੀ ਮਹਿੰਗੀ ਕੀਮਤ ਤਾਰਨੀ ਪੈ ਰਹੀ ਹੈ? -ਕੋਈ ਹਿਸਾਬ ਨਹੀਂ-ਸ਼ਾਇਦ ਪਿੰਡ ਵੀ ਨਹੀ ਜਾਣਦਾ। ਇਸ ਦੇ ਸਿੱਟੇ ਬਹੁਤ ਹੀ ਭਿਆਨਕ ਹਨ।
ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਐੱਨ ਆਰ ਆਈ ਵੀ ਇਸ ਕੋਹਝ ਨੂੰ ਪੈਦਾ ਕਰਨ ਅਤੇ ਇਸਦੇ ਵਧਣ-ਫੁਲਣ ਵਿਚ ਸਹਾਈ ਹੋਏ। ਠਾਠ-ਬਾਠ ਦਾ ਮਜ੍ਹਮਾਂ ਜੋ ਲਾਉਣਾ ਸੀ ਉਨ੍ਹਾਂ ਨੇ। ਉਨ੍ਹਾਂ ਉਦੋਂ ਸਾਦਗੀ ਭਰੀ ਪੇਂਡੂ ਜਿੰਦਗੀ ਨੂੰ ਅਲਵਿਦਾ ਆਖ ਤੜਕ-ਭੜਕ ਦੇ ਲੜ ਲੱਗ ਜਾਣਾ ਬਿਹਤਰ ਸਮਝਝਿਆ। ਪਰ ਇਹ ਨਾ ਸੋਚਿਆ ਕਿ ਪਿੰਡ ਵਿਚ ਰਹਿਣ ਵਾਲਾ ਛੋਟਾ ਕਿਸਾਨ, ਖੇਤ ਮਜ਼ਦੂਰ ਤੇ ਹੋਰ ਛੋਟੇ ਧੰਦਿਆਂ ਨਾਲ ਸੰਬੰਧਤ ਘਰ ਦੇ ਖਰਚੇ ਤੋਰਨ ਜੋਗੀ ਆਮਦਨ ਵਾਲੇ ਇਸ ਦਾ ਬੋਝ ਕਿਵੇਂ ਝੱਲਣਗੇ? ਧੀਆਂ - ਪੁੱਤਰਾਂ ਦੇ ਕਾਰਜ ਤਾਂ ਸਭ ਨੇ ਹੀ ਕਰਨੇ ਹਨ-ਉਹ ਇੰਨੇ ਖਰਚੇ ਕਿੱਥੋਂ ਲਿਆਉਣਗੇ। "ਨੱਕ ਰੱਖਣ ਵਾਸਤੇ" ਰੀਸ ਦੀ ਘੜੀਸ ਨੇ ਪਤਲੀ ਆਰਥਿਕ ਹਾਲਤ ਵਾਲਿਆ ਨੂੰ ਵੀ ਮਜਬੂਰ ਕਰ ਦਿੱਤਾ ਤੇ ਲੋਕ “ਨੱਕ ਦੀ ਲਾਜ” ਪਾਲਣ ਵਾਸਤੇ ਹੁਬਕੀਂ ਰੋਂਦੇ ਹੋਏ ਤੇ ਕਰਜ਼ਿਆਂ ਦੇ ਭਾਰ ਥੱਲੇ ਦੱਬਦੇ ਜਾਂਦੇ ਵੀ ਵਿੱਤੋਂ ਬਾਹਰੇ ਹੋ ਕੇ ਆਰਥਿਕ ਖਰਚੇ ਕਰਕੇ ਨਿਘਾਰ ਦੇ ਰਸਤੇ ਪੈ ਗਏ ਜੋ ਨਿਘਾਰ ਲਗਾਤਾਰ ਜਾਰੀ ਹੈ। ਇਕੱਠੇ ਹੋ ਕੇ ਇਸ ਰਾਹ ਨੂੰ ਰੋਕਣ ਦੇ ਯਤਨ ਕਰਨੇ ਪੈਣਗੇ। ਬਰਬਾਦੀ ਤਾਂ ਸਾਹਮਣੇ ਕੰਧ 'ਤੇ ਲਿਖੀ ਨਜ਼ਰ ਆਉਂਦੀ ਹੈ, ਇਸ ਨੂੰ ਪੜ੍ਹਨਾ ਵੀ ਪਵੇਗਾ।
ਪੰਜਾਬੀ ਕਦੇ ਇਕ-ਦੂਜੇ ਦੇ ਦਰਦ ਨੂੰ ਪਛਾਣਦੇ ਸਨ ਤੇ ਔਖੇ ਸਮੇਂ ਇਕ-ਦੂਜੇ ਦੇ ਕੰਮ ਵੀ ਆਉਂਦੇ ਸਨ-ਕਦੇ ਜੋ ਪੰਜ ਦਰਿਆਵਾਂ ਦੀ ਸਾਂਝ ਵਾਲਾ ਹੁੰਦਾ ਸੀ ਪੰਜਾਬ ਹੁਣ ਨਿੱਤ ਦਿਨ ਇਸ ਦੀ ਅਣਹੋਂਦ ਵਲ ਵੱਧ ਰਿਹਾ ਹੈ। ਨਾਲ ਹੀ ਨਵੀਂ ਪੀੜ੍ਹੀ ਵਿੱਚੋਂ ਵੱਡੀ ਗਿਣਤੀ ਵਿੱਚ ਪੜ੍ਹੇ ਲਿਖਿਆੰ ਕੋਲੋਂ “ਚਿੱਟੇ ਕੁੜਤਿਆਂ” ਵਾਲਿਆਂ ਵੱਲੋਂ ਪੈਦਾ ਕੀਤੇ “ਫੁਕਰੇ ਸੱਭਿਆਚਾਰ” ਨੇ ਕਿਰਤ ਦੀ ਮਹਿਮਾਂ ਨੂੰ ਨਕਾਰਦਿਆਂ, ਕੰਮ ਦਾ ਸੱਭਿਆਚਾਰ ਤਿਆਗ ਕੇ ਹੁਣ "ਫੁਕਰੈਪਣ” ਨੂੰ ਆਪਣਾ “ਬਰੈਂਡ” ਬਣਾ ਲਿਆ ਹੈ। ਜਿਨ੍ਹਾਂ ਤੋਂ ਚੰਗੇ ਭਵਿੱਖ ਲਈ ਕੁੱਝ ਕਰਨ ਦੀ ਹਰ ਸਮਾਜ ਨੂੰ ਆਸ ਹੁੰਦੀ ਹੈ, ਉਹ ਆਪਣੇ ਹੀ ਭਵਿੱਖ ਵੱਲ ਪਿੱਠ ਕਰੀ ਖੜ੍ਹੇ ਹਨ, ਜਿਨ੍ਹਾਂ ਨੇ ਨਵੇਂ ਸਮਾਜ ਦੀ ਸਿਰਜਣਾ ਕਰਨੀ ਹੈ, ਉਨ੍ਹਾਂ ਦਾ ਇਹ ਹਾਲ ਹੈ- ਸੂਝਵਾਨਾਂ ਨੂੰ ਇਲਾਜ ਤਾਂ ਸੋਚਣਾ ਹੀ ਪਵੇਗਾ। ਆਪਣੀਆਂ ਨਰੋਈਆਂ ਭਾਈਚਾਰਕ ਕਦਰਾਂ-ਕੀਮਤਾਂ ਨੂੰ ਮਰਨੋਂ ਜਰੂਰ ਬਚਾਇਆ ਜਾਣਾ ਚਾਹੀਦਾ ਹੈ।
ਇਨ੍ਹਾਂ ਸਮਾਜੀ ਕਾਰਜਾਂ-ਖਾਸ ਕਰਕੇ ਵਿਆਹਾਂ ਵੇਲੇ ਫੁਕਰੇ ਜਹੇ ਟਪੂਸੀ ਮਾਰ “ਗਾਇਕ/ਕਲਾਕਾਰਾਂ” ਨੂੰ ਮਹਿੰਗੀਆਂ ਰਕਮਾਂ ਦੇ ਕੇ ਸੱਦਿਆ ਜਾਂਦਾ ਹੈ, ਜਿਨ੍ਹਾ ਵਿੱਚੋਂ ਬਹੁਤਿਆਂ ਨੂੰ ਨਾਂ ਸੁਰ ਦਾ ਗਿਆਨ ਹੁੰਦਾ ਨਾ ਰਾਗ ਦਾ- ਜਿਹੜੇ “ਗੀਤ” ਗਾਉਂਦੇ ਹਨ, ਉਨ੍ਹਾਂ ਵਿਚ ਖਾਸ ਕਰਕੇ ਲੱਚਰਤਾ, ਨਸ਼ਿਆਂ ਦੀ ਹਵਾੜ ਤੇ ਹਥਿਆਰਾਂ ਦੀ ਗੱਲ ਕੀਤੀ ਗਈ ਹੁੰਦੀ ਹੈ। ਸੱਦਣ ਵਾਲੇ ਵੀ ਅਤਿ ਦੇ ਘਟੀਆ ਬੋਲਾ ਅਤੇ ਰੌਲੇ -ਰੱਪੇ ਵਾਲੇ “ਸੰਗੀਤ” ਦਾ ਬੇਸ਼ਰਮ ਹੋ ਕੇ "ਆਨੰਦਾ” ਮਾਣਨ ਲਈ ਆਪਣੇ ਆਪ ਨੂੰ ਮਜਬੂਰ ਸਮਝਦੇ ਹਨ। ਪੱਲਿਉਂ ਪੈਸੇ ਦੇ ਕੇ ਆਪਣੀਆਂ ਹੀ ਧੀਆਂ/ਭੈਣਾ ਬਾਰੇ ਅਤਿ ਦੇ ਘਟੀਆ ਬੋਲਾਂ ਵਾਲੇ “ਗੀਤਾਂ” 'ਤੇ ਆਪ ਵੀ ਨੱਚਦੇ ਹਨ। (ਪਤਾਂ ਨਹੀਂ ਪੰਜਾਬੀ ਗੀਤਕਾਰੀ ਵਿਚ ਇੰਨੇ ਘਟੀਆ ਗੀਤ ਲਿਖਣ ਵਾਲੀਆਂ ਕੱਜਰ ਕਲਮਾਂ ਕਿਵੇਂ ਪੈਦਾ ਹੋ ਗਈਆਂ? ਚੰਗਾ ਲਿਖਣ ਵਾਲਿਆਂ ਨੂੰ ਇਹਨਾ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ) ਕਿਹੜਾ ਨਵਾਂ ਸੱਭਿਆਚਾਰ ਪੈਦਾ ਹੋ ਗਿਆਂ ਹੈ? ਕੀ ਇਸ ਨੇ ਸਮਾਜ ਅੰਦਰ ਵਿਗਾੜ ਨਹੀਂ' ਪੈਦਾ ਕੀਤੇ? ਇਹ ਸੋਚਣਾ ਤਾਂ ਪਵੇਗਾ ਹੀ, ਹੋਰ ਕਿੰਨੀ ਕੁ ਦੇਰ ਉਡੀਕ ਕੀਤੀ ਜਾਵੇਗੀ? ਜੇ ਨੱਚਣਾ ਜਰੂਰੀ ਸਮਝਿਆ ਜਾਵੇ ਤਾਂ ਕੀ ਢੋਲ ਨਾਲ ਨਹੀਂ ਨੱਚਿਆ ਜਾ ਸਕਦਾ?
ਅਤਿ ਦਾ ਮਾੜਾ ਵਰਤਾਰਾਂ ਕਿ ਪਿਛਲੇ ਸਮੇ ਤੋਂ ਅਜਿਹੇ ਮੌਕਿਆਂ `ਤੇ ਹਥਿਆਰਾਂ ਦੀ “ਫੁਕਰੀ ਨੁਮਾਇਸ਼” ਨੇ ਬਹੁਤ ਲੋਕਾਂ ਦੀਆਂ ਜਾਨਾਂ ਲੈ ਲਈਆਂ, ਪਰਵਾਰ ਦਾ ਚੁੱਲ੍ਹਾ ਚੱਲਦਾ ਰੱਖਣ ਵਾਲੀਆਂ ਗਰੀਬ ਘਰਾਂ ਦੀਆਂ ਮਜਬੂਰੀ ਵਸ ਬਣੀਆਂ ਕਲਾਕਾਰ ਕੁੜੀਆਂ ਨੂੰ ਮਾਰਿਆ ਗਿਆ, ਅਣਭੋਲ ਬੱਚੇ ਹਥਿਆਰਾਂ ਦੀ ਨੁਮਾਇਸ਼ ਦਾ ਸ਼ਿਕਾਰ ਹੋ ਗਏ। ਘਰ-ਪਰਵਾਰ ਉੱਜੜ ਰਹੇ ਹਨ, ਮਾਵਾਂ ਦੀਆਂ ਗੋਦਾਂ ਖਾਲੀ ਕੀਤੀਆਂ ਜਾ ਰਹੀਆਂ ਹਨ। ਵਿਹੜਿਆਂ ਵਿਚ ਹਾਸਿਆਂ ਦੀ ਥਾਂ ਵੈਣ ਪੈ ਰਹੇ ਹਨ। ਹੁਣ ਇਨ੍ਹਾਂ ਮਾਸੜਾ, ਫੁੱਫੜਾ, ਮਾਮਿਆ ਦੇ ਨੱਥ ਪਾਉਣ ਦੀ ਲੋੜ ਹੈ –ਜਦੋਂ ਅਜਿਹੇ ਪਸ਼ੂ ਬਿਰਤੀ ਵਾਲੇ ਭੂਸਰ ਜਾਂਦੇ ਹਨ ਤਾਂ ਉਜਾੜਾ ਪੈਂਦਾ ਹੈ। ਪੰਜਾਬੀਉ ਕਰੋ ਕੋਈ ਇਲਾਜ ਤੇ ਰੋਕੇ ਇਸ ਪੈ ਰਹੇ ਉਜਾੜੇ ਨੂੰ ਤਾਂ ਕਿ ਹਾਸਿਆਂ ਵਾਲੇ ਵਿਹੜਿਆਂ ਵਿੱਚੋਂ ਵੈਣਾਂ ਦੀ ਰੁੱਤ ਖਤਮ ਹੋਵੇ। ਨਹੀਂ ਤਾਂ ਘਰਾਂ ਦੇ ਇਹ ਵਿਹੜੇ ਸੁੰਨੇ ਹੋ ਜਾਣਗੇ। ਵਿਆਹਾਂ ਵਿਚ ਹਥਿਆਰਾਂ ਦਾ ਕੀ ਕੰਮ-ਅਜਿਹੇ ਖੁਸੀ ਦੇ ਮੌਕੇ ਹਥਿਆਰ ਨਾਲ ਲੈ ਕੇ ਆਉਣ ਤੇ ਲਾਓ ਪਾਬੰਦੀ-ਮੈਰਿਜ ਪੈਲਿਸਾਂ ਵਾਲੇ ਕਿਉਂ ਨਾ ਇਸ ਦੇ ਜੁੰਮੇਵਾਰ ਹੋਣ ਜੋ ਥੱਬਾ ਰੁਪਈਆਂ ਦਾ ਲੈਂਦੇ ਹਨ? ਨੂੰ ਇਸ ਬਾਰੇ ਕਾਨੂੰਨੀ ਤੌਰ 'ਤੇ ਵੀ ਪਾਬੰਦ ਕਰਨਾ ਪਵੇਗਾ ਤਾਂ ਕਿ ਕੋਈ ਅਨਹੋਣੀ ਨਾ ਵਾਪਰੇ।
ਹੋਰ ਮਾੜਾ ਰਾਹ ਵੀ ਲੋਕਾਂ ਨੇ ਚੁਣਿਆ ਹੈ। ਘਰਾਂ ਦੇ ਵਿਹੜੇ ਇੰਨੇ ਛੋਟੇ ਤਾਂ ਅਜੇ ਨਹੀਂ ਹੋਏ, ਪਰ ਹੁਣ ਤਾਂ ਪੰਜਾਬ ਦੇ ਪਿੰਡਾਂ ਵਿਚ ਬਜ਼ੁਰਗਾਂ ਦੀ ਮੌਤ ਤੋਂ ਬਾਅਦ ਕੀਤੇ ਜਾਣ ਵਾਲੇ ਇਕੱਠ ਵੀ ਮੈਰਿਜ ਪੈਲਸਾਂ ਵਿਚ ਹੀ ਹੋਣ ਲੱਗ ਪਏ ਹਨ-ਇਸ ਨੂੰ ਰੋਕਣਾ ਬਹੁਤ ਜਰੂਰੀ ਹੈ। ਅਜਿਹੇ ਦੁੱਖ ਦੇ ਸਮੇਂ ਕਿਉ' ਅਜਾਈਂ ਆਰਥਿਕ ਬੋਝ ਥੱਲੇ ਆਇਆ ਜਾਵੇ। ਗੁਜ਼ਰ ਗਏ ਮਾਂ-ਬਾਪ ਨੂੰ ਸ਼ਰਧਾਂਜਲੀ ਪੇਸ਼ ਕਰਨ ਵਾਸਤੇ ਆਪਣਿਆਂ ਦੀ, ਸਕੇ ਸੰਬੰਧੀਆਂ ਤੇ ਰਿਸ਼ਤੇਦਾਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨਾਲ ਬੈਠ ਕੇ ਦੁੱਖ ਸਾਂਝਾ ਕੀਤਾ ਜਾਵੇ। ਪਰ ਹੁਣ ਬਹੁਤੇ ਥਾਈਂ ਤਾਂ ਸਿਆਸੀ ਲੀਡਰਾਂ ਦੀ ਉਡੀਕ ਕੀਤੀ ਜਾਂਦੀ ਹੈ। ਨਾ ਲੀਡਰ ਬਜੁ ਨੂੰ ਜਾਣੇ ਨਾਂ ਪਛਾਣੇ - ਬੱਸ ਵੋਟਾ ਕੱਠੀਆਂ ਹੋਈਆਂ ਵੇਖ ਲੀਡਰ ਦੀ ਆਪਣੇ ਲਾਉ-ਲਸ਼ਕਰ ਸਮੇਤ ਬੇਸ਼ਰਮਾ ਵਾਂਗ ਓਥੇ ਪਹੁੰਚ ਜਾਂਦੇ ਹਨ। ਲੋਕ ਉਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਸੱਦਾ ਦੇਣ ਵਾਲਾ ਪਰਵਾਰ ਵੀ ਉਸ ਇਕੱਠ ਵਿਚ “ਪਿੰਡ ਦੇ ਵੱਗ ਵਿਚ ਬੁੜ੍ਹੀ ਦੀ ਵੱਛੀ” ਵਾਂਗ ਤੁਰਿਆ ਫਿਰਦਾ ਨਜ਼ਰ ਆਉਂਦਾ ਹੈ, ਇਸ ਤੋਂ ਵੱਧ ਕੁੱਝ ਵੀ ਨਹੀਂ। ਆਪਣੇ ਆਪ ਨੂੰ ਛੋਟਾ ਕਰਨ ਦਾ ਇਹ ਰਾਹ ਵੀ ਛਡਣਾ ਪਊ। ਆਪਣੇ ਹੱਥੀਂ ਆਪਣੀ ਹੀ ਕਦਰ ਘਟਾਈ ਜਚਦੀ ਨਹੀਂ।
ਲੋਕਾਂ ਨੂੰ ਸੋਚਣਾ ਪਵੇਗਾ-ਆਖਰ ਹੁਣ “ਮੈਰਿਜ ਪੈਲਸਾਂ” ਤੋਂ ਜੰਝ-ਘਰਾਂ ਵੱਲ ਮੁੜਨਾ ਹੀ ਪਵੇਗਾ ਤਾਂ ਕਿ ਆਪਣੇ ਵਿਰਸੇ ਨਾਲ ਵੀ ਜੁੜੇ ਰਹਿ ਸਕੀਏ ਅਤੇ ਝੂਠੀ ਸ਼ਾਨ ਖਾਤਰ ਕਰਜ਼ੇ ਚੁੱਕ-ਚੁੱਕ ਕੇ ਧੀਆਂ ਦੇ ਵਿਆਹਾਂ ਦੇ ਕਾਰਜ ਨਿਭਾਏ ਜਾਣ ਕਰਕੇ ਚਾਦਰ ਬਾਹਰੋਂ ਪੈਰ ਪਸਾਰਨ ਤੋਂ ਬਾਅਦ ਆਪਣੀ ਕੀਤੀ ਮੂਰਖਤਾ ਉੱਤੇ ਪਛਤਾਉਣਾ ਨਾ ਪਵੇ ਅਤੇ ਕਈਆਂ ਨੂੰ ਆਤਮ- ਹੱਤਿਆਵਾਂ ਨਾ ਕਰਨੀਆਂ ਪੈਣ। ਆਪਣੇ ਹੀ ਪਰਵਾਰਾਂ ਨੂੰ ਬੇਸਹਾਰਾ ਛੱਡ ਕੇ ਜੀਵਨ ਅਜਾਈਂ ਗੁਆ ਜਾਣ ਵਰਗੇ ਕਦਮ ਵੀ ਨਾ ਚੁੱਕਣੇ ਪੈਣ ਇਹ ਕਠੋਰ ਮਜਬੂਤੀ ਤੱਕ ਪਹੁੰਚਣ ਦੇ ਕਾਰਨ ਦੀ ਨਿਸ਼ਨਦੇਹੀ ਹੀ ਨਾ ਕੀਤੀ ਜਾਵੇ, ਉਨ੍ਹਾਂ ਨੂੰ ਦੂਰ ਕਰਨ ਦੇ ਯਤਨ ਵੀ ਕੀਤੇ ਜਾਣੇ ਚਾਹੀਦੇ ਹਨ। ਇਸ ਬਾਰੇ ਕੋਈ ਸਾਂਝੀ ਸਮਾਜਿਕ ਲਹਿਰ (ਆਤਮ ਹੱਤਿਆਵਾਂ ਦੇ ਕਾਰਨ ਹੋਰ ਵੀ ਕਈ ਹਨ, ਪਰ ਆਤਮਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ) ਬਹਾਦਰ ਪੰਜਾਬੀਉ ਇਸ ਲਾਅਨਤ ਤੋਂ ਬਚਣ ਦੇ ਹੀਲੇ ਸੋਚੋ। ਪਿੰਡਾਂ ਦੀਆਂ ਪੰਚਾਇਤਾਂ ਇਸ ਵਿਚ ਲੋਕਾਂ ਨੂੰ ਸਿਖਿਅਤ ਕਰਕੇ ਜਾਗਰੂਕ ਕਰਨ ਕਿ ਅਜਿਹੇ ਭਾਣੇ ਨਾ ਵਰਤਣ-ਵੈਣਾਂ ਤੋਂ ਛੁਟਕਾਰਾ ਮਿਲੇ। ਪਰ ਪੰਚਾਇਤਾਂ ਨੂੰ ਆਪਣੀ ਜੁੰਮੇਵਾਰੀ ਸਮਝ, ਅੱਗੇ ਹੋ ਕੇ ਅਜਿਹੀ ਸਮਾਜਿਕ ਲਹਿਰ ਦੀ ਅਗਵਾਈ ਕਰਨੀ ਪਵੇਗੀ।
ਪਿੰਡਾਂ ਵਿੱਚ ਨਵੇਂ ਜੰਝ ਘਰ ਉਸਾਰੇ ਜਾਣੇ ਚਾਹੀਦੇ ਹਨ। ਇੱਥੇ ਵਧੀਆ ਰਸੋਈ (ਕਿਚਨ) ਦਾ ਪ੍ਰਬੰਧ ਹੋਵੇ। ਜਿਸ ਨਾਲ ਮੈਰਿਜ ਪੈਲਸਾਂ ਵਿਚ ਵਰਤਾਈਆਂ ਜਾਦੀਆਂ ਖਾਣੇ ਦੀਆਂ “ਮਹਿੰਗੀਆਂ ਥਾਲੀਆਂ” ਤੋ ਛੁਟਕਾਰਾ ਮਿਲੇਗਾ। ਇਸ ਕਾਰਜ ਵਾਸਤੇ ਆਰਥਿਕ ਪੱਖੋਂ ਕਮਜ਼ੋਰ ਪੰਚਾਇਤਾਂ ਨੂੰ ਸਰਕਾਰ ਵੱਲੋਂ ਹਰ ਹੀਲੇ ਗਰਾਂਟ ਦਿੱਤੀ ਜਾਣੀ ਚਾਹੀਦੀ ਹੈ-ਖੈਰਾਤ ਸਮਝ ਕੇ ਨਹੀਂ, ਇਹ ਲੋਕਾਂ ਦਾ ਹੱਕ ਹੈ। ਐੱਨ ਆਰ ਆਈ ਹੁਣ ਲੋਕਾਂ ਨੂੰ ਇਸ ਪਾਸੇ ਪ੍ਰੇਰਨ ਤਾਂ ਕਿ ਲੋਕ ਆਵਾਗੇਣ ਪਰਚਿਆ ਤੋਂ ਬਚ ਸਕਣ। ਜੰਝ ਘਰਾਂ ਵੱਲ ਮੁੜਨਾ ਪਿਛਾਂਹ ਮੁੜਨ ਦਾ ਕਦਮ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਵਧੀਆ ਭਵਿੱਖ ਦਾ ਰਾਹ ਬਣ ਸਕਦਾ ਹੈ, ਜਿਸ ਨਾਲ ਫੇਰ ਤੋਂ ਪਿੰਡਾਂ ਵਿੱਚ ਪਹਿਲਾਂ ਵਰਗੀ ਸਾਂਝ ਬਣੇਗੀ। ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਅਜਿਹੇ ਕਾਰਜਾਂ ਵਾਸਤੇ ਵੱਡੇ ਕਰਜੇ ਨਹੀਂ ਚੁੱਕਣੇ ਪੈਣਗੇ, ਉਨ੍ਹਾਂ ਲਈ ਵੱਡੀ ਰਾਹਤ ਹੋਵੇਗੀ। ਗਰੀਬ ਜਾਂ ਆਰਥਿਕ ਪੱਖੇ ਕਮਜ਼ੋਰ ਲੋਕਾਂ ਤੋਂ ਜੰਝ ਘਰਾਂ ਦੇ ਵਰਤਣ ਵਾਲੇ ਸਮੇਂ ਘੱਟ ਤੋਂ ਘੱਟ ਪੈਸੇ ਵਸੂਲੇ ਜਾਣ। (ਜੇ ਹੋ ਸਕੇ ਨਾ ਹੀ ਲਏ ਜਾਣ) ਇਸ ਬਾਰੇ ਸੋਚਿਆ ਜਾਵੇਂ ਤਾਂ ਸੁਖਾਵਾਂ ਰਾਹ ਜਰੂਰ ਨਿਕਲ ਆਵੇਗਾ।
ਅੱਜ ਹਾਲਤ ਦੇਖਦੇ ਹਾਂ ਤਾਂ ਮਨ ਮਸੋਸ ਜਾਂਦਾ ਹੈ ਕਿ ਕੀ ਹੋ ਗਿਆ ਸਾਡੇ ਸਮਾਜੀ ਤਾਣੇ-ਬਾਣੇ ਨੂੰ, ਕਿੰਨੇ ਫਿੱਕੇ ਹੋ ਗਏ ਹਨ ਸਾਡੇ ਸਮਾਜੀ ਰਿਸ਼ਤੇ। ਇਨ੍ਹਾਂ ਵਿਚੋਂ ਗੁਆਚ ਗਿਆ ਮੋਹ-ਪਿਆਰ, ਅਸੀਂ ਆਪਣਿਆਂ ਵਿਚ ਹੀ ਬੇਗਾਨੇ ਹੋ ਗਏ ਨਜ਼ਰ ਆ ਰਹੇ ਹਾਂ। ਉੱਚਿਆਂ ਕੱਦਾਂ ਦੀ ਝੂਠੀ ਸ਼ਾਨੋ-ਸ਼ੋਕਤ ਵਾਲੀ ਦੁਹਾਈ ਪਿੱਟਣ ਵਾਲੇ ਹੁਣ ਬੋਣੇ ਨਜ਼ਰ ਆਉਂਦੇ ਹਨ। ਬੋਣੇ ਹੀ ਆਪਣੇ ਆਪ ਨੂੰ ਸਮਾਜ ਦੇ ਆਗੂ ਸਮਝਦੇ ਹਨ-ਇਹ ਅੱਜ ਦਾ ਸਭ ਤੋਂ ਵੱਡਾ ਦੁਖਾਤ ਹੈ - ਇਸ ਦੁਖਾਂਤ ਦਾ ਅੰਤ ਹੋਣਾ ਚਾਹੀਦਾ ਹੈ ਤਾਂ ਕਿ ਪਿੰਡਾਂ ਦੇ ਸਾਧਾਰਨ ਲੋਕ ਵੀ ਆਪਣੇ ਸਮਾਜਿਕ ਕਾਰਜਾਂ ਦਾ ਆਨੰਦ ਮਾਣ ਸਕਣ।
ਦਾਜ ਦੀ ਲਾਅਨਤ ਵੀ ਸਮਾਜ ਨੂੰ ਬਰਬਾਦ ਕਰ ਰਹੀ ਹੈ - ਆਖਰ ਵਿਚ ਇਕ ਬੇਨਤੀ ਬਚਦੀ ਹੈ, ਜੋ ਕੀਤੀ ਜਾ ਸਕਦੀ ਹੈ ਕਿ:
“ਪੰਜਾਬੀਉ। ਆਪਣੇ ਪੁੱਤ ਵੇਚਣੇ ਬੰਦ ਕਰ ਦਿਓ ਤਾਂ ਕਿ ਪੰਜਾਬ ਦੀਆਂ ਧੀਆਂ-ਭੈਣਾਂ ਤੇ ਮਾਪੇ ਸੁਖੀ ਵਸ ਸਕਣ” ।
ਕੇਹਰ ਸ਼ਰੀਫ