ਲੇਖਕਾਂ ਕੋਲ ਇਕ ਉਦਾਹਰਨ ਹੈ, ਜਦੋਂ ਜਿਯਪਾਲ ਸਾਰਤਰ, ਜਿਨ੍ਹਾਂ ਨੇ ਵਿਸ਼ਵ ਦਾ ਸਰਵ-ਉੱਚ ਪੁਰਸਕਾਰ, ਨੋਬਲ ਪ੍ਰਾਈਜ਼ ਲੈਣ ਤੋਂ ਇਨਕਾਰ ਕਰ ਦਿੱਤਾ। ਅਜੋਕੇ ਮਾਹੌਲ ਵਿਚ ਕੋਈ ਕਹਿ ਸਕਦਾ ਹੈ ਕਿ ਉਸ ਨੇ ਇਸ ਖ਼ਬਰ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਤਾਂ ਜੋ ਉਸ ਦਾ ਨਾਂਅ ਚਰਚਾ ਵਿਚ ਆ ਸਕੇ ਤੇ ਉਸ ਦੀਆਂ ਲਿਖਤਾਂ ਦਾ ਵੀ ਨਾਂਅ ਅੱਗੇ ਵਧੇਗਾ, ਪਰ ਉਹ ਮਹਾਨ ਦਾਰਸ਼ਨਿਕ ਪਹਿਲਾ ਹੀ ਚਰਚਿਤ ਸੀ ਤੇ ਇਸ ਵਿਸ਼ਵ-ਵਿਆਪੀ ਸੰਸਥਾ ਨੇ ਉਸ ਨੂੰ ਸਨਮਾਨਿਤ ਕਰਨਾ ਹੀ ਸੀ, ਜਿਵੇਂ ਕਿਹਾ ਜਾਂਦਾ ਕਿ ਕਿਸੇ ਲੇਖਕ ਨੂੰ ਸਨਮਾਨਿਤ ਕਰ ਕੇ ਸੰਸਥਾ ਖੁਦ ਸਨਮਾਨਿਤ ਹੋ ਰਹੀ ਹੈ।
ਸਾਡੇ ਲੇਖਕਾਂ ਵਿਚ ਵੀ ਕਈ ਰਾਜ-ਪੱਧਰੀ ਅਤੇ ਦੇਸ਼ ਪੱਧਰੀ ਸਨਮਾਨ ਹਨ। ਇਕ ਸਮਾਗਮ ਵਿਚ ਹਾਜ਼ਰ ਲੋਕਾਂ ਦੀ ਹਾਜ਼ਰੀ ਲਗਵਾਉਂਦੇ ਹੋਏ ਮੰਚ ਸੰਚਾਲਕ ਨੇ ਕਿਸੇ ਦਾ ਨਾਂਅ ਲਿਆ, ਜਿਵੇਂ ਕਿ ਉਹ ਸ਼ੁਰੂ ਤੋਂ ਹੀ ਕਰ ਰਿਹਾ ਸੀ, ਤਾਂ ਉਹ ਲੇਖਕ ਨਰਾਜ਼ ਹੋ ਗਿਆ ਕਿ ਮੇਰੇ ਨਾਂਅ ਦੇ ਨਾਲ ਸ਼੍ਰੋਮਣੀ ਕਵੀ ਨਹੀਂ ਬੋਲਿਆ ਗਿਆ।
ਲੇਖਕਾਂ ਦੀਆਂ ਪੰਜਾਬੀ ਵਿਚ ਕਈ ਸਿਰਮੌਰ ਜਥੇਬੰਦੀਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕਾਡਮੀ। ਮੈਂ ਦੋਵਾਂ ਸੰਸਥਾਵਾਂ ਦੀ ਚੋਣ ਪ੍ਰਕਿਰਿਆ ਦਾ ਹਿੱਸਾ ਰਿਹਾ ਹਾਂ। ਪਹਿਲੀ ਵਾਰੀ ਕੇਂਦਰੀ ਪੰਜਾਬੀ ਲੇਖਕ ਦੀ ਚੋਣ ਵੇਲੇ ਮੇਰੀਆਂ ਕੁੱਝ ਕੁ ਲਿਖਤਾਂ ਅਖ਼ਬਾਰਾਂ ਵਿਚ ਛਪਣੀਆਂ ਸ਼ੁਰੂ ਹੋਈਆਂ ਸਨ ਤੇ ਮੈਂ ਕਈ ਸਥਾਨਕ ਤੇ ਰਾਜ-ਪੱਧਰੀ ਸਾਹਿਤ ਸਭਾਵਾਂ ਦਾ ਮੈਂਬਰ ਬਣ ਰਿਹਾ ਸੀ। ਉਸ ਸਮੇਂ ਮੇਰੇ ਮਿੱਤਰ ਡਾ. ਅਨੂਪ ਸਿੰਘ ਨੇ ਮੇਰੇ ਕੋਲ ਆ ਕੇ ਕੇਂਦਰੀ ਲੇਖਕ ਸਭਾ ਦੇ ਮੀਤ ਪ੍ਰਧਾਨੀ ਕਈ ਫਾਰਮ ਭਰਵਾ ਲਿਆ। ਉਸ ਸਮੇਂ ਉਹਨਾਂ ਚੋਣਾਂ ਨੂੰ ਹੁੰਦੇ ਦੇਖਿਆ ਤੇ ਜਾਣਿਆ ਕਿ ਕਿਵੇਂ ਜਾਲ੍ਹੀ ਵੋਟਾਂ ਬਣਾਉਣੀਆਂ ਹਨ ਤੇ ਭੁਗਤਾਉਣੀਆਂ ਹਨ। ਭਾਵੇਂ ਪਹਿਲੀ ਵਾਰ ਇਸ ਤਰ੍ਹਾਂ ਦਾ ਹਿਸਾਬ-ਕਿਤਾਬ ਦੇਖਿਆ ਸੀ, ਭਾਵੇਂ ਮੈਂ ਚੋਣ ਜਿੱਤ ਗਿਆ, ਪਰ ਮੇਰੀ ਨਾਮਜ਼ਦਗੀ ਸਮੇਂ ਇਹ ਸਵਾਲ ਉੱਠਿਆ ਸੀ ਕਿ ਕਹਿਣ ‘ਤੇ ਮੈਨੂੰ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲੜਾਈ ਗਈ ਤੇ ਮੈਂ ਉਹ ਚੋਣ ਵੀ ਜਿੱਤ ਗਿਆ, ਭਾਵੇਂ ਵਿਰੋਧ ਵਿਚ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਨੇ ਕਾਗਜ਼ ਭਰੇ ਸੀ। ਉਦੋਂ ਮੈਂਨੂੰ ਅਹਿਸਾਸ ਹੋਇਆ ਕਿ ਚੋਣ ਦਾ ਤੌਰ-ਤਰੀਕਾ ਕੇਂਦਰੀ ਪੰਜਾਬੀ ਲੇਖਕ ਸਭਾ ਵਰਗਾ ਹੀ ਹੈ, ਪਰ ਮੈਨੂੰ ਲੱਗਿਆ ਕਿ ਲੇਖਕਾਂ ਦੀ ਜਥੇਬੰਦੀ ਵਿਚ ਚੋਣਾਂ ਲੇਖਕਾਂ ਦੇ ਵਿਵੇਕ ਨਾਲ ਹੋਣੀਆਂ ਚਾਹੀਦੀਆਂ ਹਨ, ਨਾ ਕਿ ਜੁਗਾੜ ਨਾਲ।
ਹੁਣੇ-ਹੁਣੇ ਸਾਲ ਦੇ ਚੜ੍ਹਦਿਆਂ ਅਕੈਡਮੀ ਦੀਆਂ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਇਸ ਵਾਰੀ ਨਵੇਂ ਤੋਂ ਨਵੇਂ ਤਜ਼ਰਬੇ ਦੇਖਣ- ਸੁਣਨ ਨੂੰ ਮਿਲੇ।
ਜਦੋਂ ਦਾ ਮੈਂ ਲਿਖਣਾ ਸ਼ੁਰੂ ਕੀਤਾ ਜਾਂ ਇਸ ਪਾਸੇ ਵੱਲ ਆਇਆ ਅਤੇ ਵਕਤ ਲਾਇਆ ਹੈ, ਮੈਂ ਇਹ ਗੱਲ ਸੋਚਦਾ ਰਿਹਾ ਹਾਂ ਕਿ ਮੈਂ ਇਸ ਪਾਸੇ ਕਿਉਂ ਪਿਆ? ਕਿਸੇ ਨੇ ਮੇਰੇ ਮਗਰ ਪੈ ਕੇ, ਮੇਰੇ ’ਤੇ ਦਬਾਅ ਪਾ ਕੇ ਇਹ ਕੰਮ ਕਰਨ ਲਈ ਹੁਕਮ ਦਿੱਤਾ। ਜਿਵੇਂ ਕਿ ਅੱਜ- ਕੱਲ੍ਹ ਮਾਪੇ ਆਪਣੇ ਬੱਚਿਆਂ ਦੇ ਵਿਸ਼ਾ ਚੋਣ ਵਿਚ ਆਪਣੀ ਮਨਮਰਜ਼ੀ ਦੱਸਦੇ ਹੀ ਨਹੀਂ, ਸਗੋਂ ਉੱਪਰ ਦਬਾਅ, ਜ਼ੋਰ ਪਾ ਕੇ ਫੈਸਲਾ ਸਹਿਜ ਹੀ ਮੇਰੇ ਕੋਲ ਆਪ-ਮੁਹਾਰੇ ਹੋ ਗਿਆ ਸੀ। ਮੈਂ ਇਸ ਦਾ ਸਿਲਸਿਲਾ ਜਾਂ ਸਿਰਾ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਉਹ ਉਸ ਪੜਾਅ ’ਤੇ ਪਹੁੰਚ ਜਾਂਦਾ ਹੈ, ਜਦੋਂ ਮੈਂ ਕੁੱਝ ਲਿਖਣਾ ਚਾਹੁੰਦਾ। ਉਹ ਵੀ ਤਦ ਜਦੋਂ ਸਮਾਜ ਦੀ ਕੋਈ ਘਟਨਾ ਮੈਨੂੰ ਪ੍ਰਭਾਵਿਤ ਕਰਦੀ। ਉਹ ਬੇਚੈਨੀ ਤੇ ਪ੍ਰੇਸ਼ਾਨੀ ਤੋਂ ਛੁਟਕਾਰਾ ਮੇਰਾ ਇਲਾਜ਼ ਸੀ, ਜਦੋਂ ਮੈਂ ਲਿਖਦਾ ਤੇ ਲੋਕਾਂ ਨਾਲ ਉਹ ਸਾਂਝਾ ਕਰਦਾ। ਮੇਰੇ ਮਨ ਵਿਚ ਇਹ ਕਦੇ ਨਹੀਂ ਆਇਆ ਕਿ ਕੋਈ ਮੇਰੀਆਂ ਲਿਖਤਾਂ ਪੜ੍ਹ ਕੇ ਮੇਰਾ ਮਾਣ- ਸਨਮਾਨ ਕਰੇ ਜਾਂ ਮੈਂਨੂੰ ਕਿਸੇ ਸੰਸਥਾ ਵਿਚ ਕੋਈ ਅਹੁਦਾ ਮਿਲੇ। ਲਿਖਣਾ ਮੈਨੂੰ ਹਮੇਸ਼ਾ ਆਪਣੇ-ਆਪ ਲਈ ਇਕ ਵਧੀਆ ਜ਼ਰੀਆ ਲੱਗਿਆ ਤੇ ਇਹ ਇਸ ਤਰ੍ਹਾਂ ਫ਼ਿਕਰਮੰਦੀ ਜਿਤਾਉਣੀ ਹੌਲੀ-ਹੌਲੀ ਮੇਰੇ ਸਰੋਕਾਰ ਵਿਚ ਸ਼ਾਮਲ ਹੋ ਗਈ।
ਇਨਾਮ-ਸਨਮਾਨ ਅਤੇ ਸਰਕਾਰੀ ਸੰਸਥਾਵਾਂ ਦੇ, ਖਾਸਕਰ ਅਹੁਦਿਆਂ ‘ਤੇ ਬਿਰਾਜਮਾਨ ਹੋਣਾ, ਮੈਂਨੂੰ ਤਿਕੜਮਬਾਜ਼ੀ ਵੱਧ ਲੱਗੀ ਹੈ। ਹਰ ਸਾਲ ਮਿਲਣ ਵਾਲੇ ਇਨਾਮ ਜ਼ਿਆਦਾਤਰ ਸਵਾਲਾਂ ਦੇ ਘੇਰੇ ਵਿਚ ਆਉਂਦੇ ਹਨ। ਲਿਖਣ ਲਈ ਅਤੇ ਸਨਮਾਨ ਲਈ ਤਿਕੜਮਬਾਜ਼ੀ ਆਪਸ ਵਿਚ ਕਿੱਥੇ ਮੇਲ ਖਾਂਦੇ ਹਨ?ਜਿਯਾਪਾਲ ਸਾਰਤਰ ਨੇ ਇਹ ਸਨਮਾਨ, ਇਹ ਕਹਿ ਕੇ ਵਾਪਸ ਕੀਤਾ ਕਿ ਉਹ ਸੱਤਾ ਦੀਆਂ ਵਧੀਕੀਆਂ, ਜ਼ਿਆਦਤੀਆਂ ਅਤੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹੈ। ਜਿਸ ਸਰਕਾਰ ਦੇ ਵਿਰੁੱਧ ਉਹ ਲਿਖਦਾ ਹੈ, ਉਨ੍ਹਾਂ ਤੋਂ ਉਹ ਸਨਮਾਨ ਹਾਸਲ ਨਹੀਂ ਕਰ ਸਕਦਾ। ਉਨ੍ਹਾਂ ਨੇ ਆਪਣੀ ਗੱਲ ਸਪੱਸ਼ਟ ਕਰਦੇ ਹੋਏ, ਪਾਬਲੋ ਨਾਰੂਦਾ, ਲੂਈ ਅਰਮੋਨ ਅਤੇ ਸਲੋਕੋਵ ਦਾ ਨਾਂਅ ਲੈ ਕੇ ਸਾਫ਼ ਸ਼ਬਦਾਂ ਵਿਚ ਕਿਹਾ, ਇਹ ਸਾਰੇ ਵੱਡੇ ਲੇਖਕ ਹਨ ਅਤੇ ਇਨ੍ਹਾਂ ਦੀਆਂ ਰਚਨਾਵਾਂ ਦੁਨੀਆਂ ਭਰ ਵਿਚ ਸਨਮਾਨਿਤ ਨਜ਼ਰਾਂ ਨਾਲ ਪੜ੍ਹੀਆਂ ਜਾਂਦੀਆਂ ਹਨ। ਇਸ ਤਰ੍ਹਾਂ ਉਸ ਨੇ ਆਪਣੀ ਲੇਖਕੀ ਮਰਿਆਦਾ ਨੂੰ ਉਭਾਰਦੇ ਹੋਏ ਕਿਹਾ ਕਿ ਜਦੋਂ ਉਹ ਨੋਬਲ ਪ੍ਰਾਈਜ਼ ਜੇਤੂ ਜਿਯਾਪਾਲ ਸੈਰਤਰ ਵਜੋਂ ਕਿਸੇ ਦੇ ਹੱਕ ਵਿਚ ਦਸਤਖਤ ਕਰੇਗਾ, ਤਾਂ ਉਸ ਦੇ ਪਾਠਕ ਮੇਰੀ ਪ੍ਰਤੀਬੱਧਤਾ ‘ਤੇ ਸਵਾਲ ਖੜੇ ਕਰਨਗੇ ਅਤੇ ਮੇਰੇ ਪ੍ਰਤੀ ਨਿਰਾਸ਼ਾ ਵਿਚ ਡੁੱਬ ਜਾਣਗੇ। ਇਹੀ ਭਾਵ ਪੰਜਾਬੀ ਦੇ ਰਿਸ਼ੀ ਲੇਖਕ, ਪੰਜਾਬ ਤੋਂ ਬਾਹਰ ਬੈਠੇ ਸੁਖਬੀਰ ਦੇ ਮੂੰਹੋਂ ਆਪਣੇ-ਆਪ ਬਾਰੇ ਵੀ ਸੁਣੇ।
ਸਾਰਤਰ ਤਾਂ ਬਹੁਤ ਵੱਡੀ ਗੱਲ ਕਹਿੰਦਾ ਹੈ, ਪਰ ਹਰੇਕ ਲੇਖਕ ਨੂੰ ਆਪਣਾ ਲੇਖਕੀ ਫਰਜ਼ ਜ਼ਰੂਰ ਪਛਾਨਣਾ ਚਾਹੀਦਾ ਹੈ, ਜੋ ਕਿ ਅਜੋਕੇ ਮਾਹੌਲ ਵਿਚ ਨੀਵੇਂ ਤੋਂ ਨੀਵੇਂ ਪੱਧਰ ਦਾ ਹੋ ਰਿਹਾ ਹੈ। ਪਿਛਲੇ ਸਾਲ ਇਕ ਉਮੀਦਵਾਰ ਦੇ ਹਮਦਰਦ ਨੇ ਕਿਹਾ ਕਿ ਲੋਕੀਂ ਆਪਣੀਆਂ ਨਿੱਜੀ ਕਾਰਾਂ ਜਾਂ ਕੋਈ ਹੋਰ ਬੰਦੋਬਸਤ ਕਰਕੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਆਉਣ ਤੇ ਉਨ੍ਹਾਂ ਨੂੰ ਆਉਣ-ਜਾਣ ਦਾ ਕਿਰਾਇਆ ਜਾਂ ਤੇਲ, ਪੈਟਰੋਲ ਦਾ ਖਰਚਾ ਮਿਲ ਜਾਵੇਗਾ। ਭਾਵੇਂ ਕਿ ਵਾਪਸੀ ‘ਤੇ ਸਾਰਿਆਂ ਦੀ ਥਕਾਵਟ ਉਤਾਰਨ ਦਾ ਇੰਤਜ਼ਾਮ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਅਜੋਕੀ ਰਾਜਨੀਤੀ ਦੀ ਝਲਕ।
ਸ਼ੁਰੂ-ਸ਼ੁਰੂ ਵਿਚ ਇਹ ਕਾਰ- ਵਿਹਾਰ ਦੇਖ ਕੇ ਮੈਂ ਸੋਚਦਾ ਸੀ ਕਿ ਲੇਖਕਾਂ ਨੂੰ ਅੱਗੇ ਲੱਗ ਕੇ ਰਾਜਨੀਤਕ ਦੌਰਾਨ ਹੋ ਰਹੀ ਚੋਣ ਪ੍ਰਕਿਰਿਆ ਦੌਰਾਨ ਹੋ ਰਹੇ ਗਲਤ ਤਰੀਕਿਆਂ ਤੇ ਉਂਗਲ ਧਰਨੀ ਚਾਹੀਦੀ ਹੈ ਤੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਪ੍ਰਗਤੀਸ਼ੀਲ ਲੇਖਕ ਸੰਘ ਦੇ ਸੰਸਥਾਪਕ ਮੁਨਸ਼ੀ ਪ੍ਰੇਮ ਚੰਦ ਨੇ ਕਿਹਾ ਸੀ ਕਿ ਲੇਖਕ ਨੂੰ ਅੱਗੇ ਲੱਗਣਾ ਚਾਹੀਦਾ ਹੈ ਤੇ ਬਾਕੀ ਸਮਾਜ ਉਸ ਦੇ ਪਿੱਛੇ ਤੁਰੇ, ਪਰ ਅਜੋਕੇ ਹਾਲਾਤ, ਇਸ ਤਰ੍ਹਾਂ ਬਣ ਗਏ ਹਨ ਕਿ ਲੇਖਕ ਖੁਦ ਪਿਛਲੱਗੂ ਹੋ ਗਿਆ ਹੈ ਤੇ ਦਿਨ-ਬ-ਦਿਨ ਇਹ ਹਾਲਾਤ ਇਸ ਪੱਧਰ ਦੇ ਹੋ ਗਏ ਹਨ ਕਿ ਲੇਖਕ ਖੁਦ ਉਨ੍ਹਾਂ ਸਾਰੀਆਂ ਅਲਾਮਤਾਂ ਦਾ ਸ਼ਿਕਾਰ ਹੋ ਗਿਆ ਹੈ, ਜਿਸ ‘ਤੇ ਉਸ ਨੂੰ ਪਹਿਰਾ ਦੇਣਾ ਚਾਹੀਦਾ ਸੀ।
ਇਸ ਸਾਲ ਲੇਖਕਾਂ ਦੀ ਚੋਣ ਮੁਹਿੰਮ ਵਿਚ ਜੋ ਮਾਹੌਲ ਉਸਾਰਿਆ ਜਾ ਰਿਹਾ ਹੈ,ਉਹ ਸਾਡੇ ਰਾਜਨੀਤੀ ਮਾਹੌਲ ਨੂੰ ਵੀ ਮਾਤ ਪਾ ਰਿਹਾ ਹੈ। ਇਕ ਲੇਖਕ ਵੋਟਾਂ ਦੀ ਗੱਲ ਕਰਦਾ ਹੋਇਆ ਤੇ ਆਪਣੀ ਧਿਰ ਨਾਲ ਜੁੜਨ ਲਈ ਇਸ ਗੱਲ ਦੀ ਤਾਈਦ ਕਰਦਾ ਹੈ ਕਿ ਸਾਡੀ ਧਿਰ ਬਣਨ ਵਿਚ ਤੁਹਾਨੂੰ ਕੀ-ਕੀ ਫਾਇਦੇ ਹੋਣਗੇ। ਉਸ ਦਾ ਕਹਿਣਾ ਹੈ, ਇਹ ਕੋਈ ਚੋਣਾਂ ਤੱਕ ਹੀ ਮਹਿਦੂਦ ਸੰਬੰਧ ਨਹੀਂ ਹੈ। ਸਾਡਾ ਵਾਹ ਭਾਸ਼ਾ ਵਿਭਾਗ ਵਰਗੀਆਂ ਸਰਕਾਰੀ ਸੰਸਥਾਵਾਂ ਤੋਂ ਲੈ ਕੇ ਹੋਰ ਦੇਸ਼-ਪੱਧਰੀ ਸਾਹਿਤਕ ਸੰਸਥਾਵਾਂ ਨਾਲ ਹੈ, ਜੋ ਕਿ ਲੰਬੇ ਸਮੇਂ ਵਿਚ ਤੁਹਾਨੂੰ ਫਾਇਦਾ ਪਹੁੰਚਾ ਸਕਦੀਆਂ ਹਨ, ਜਿਵੇਂ ਵੱਡੇ ਇਨਾਮ- ਸਨਮਾਨ। ਇਸ ਤੋਂ ਇਲਾਵਾ ਇਹਨਾਂ ਲੇਖਕੀ ਚੋਣਾਂ ਤਹਿਤ ਇਹ ਵੀ ਭੁੱਲਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਲੇਖਕ ਹਨ, ਨਾ ਕਿ ਕਿਸੇ ਖਾਸ ਫ਼ਿਰਕੇ, ਇਲਾਕੇ ਅਤੇ ਜਾਤ-ਧਰਮ ਨਾਲ ਸੰਬੰਧਤ ਹਨ, ਜੋ ਕਿ ਵੱਡੀਆਂ ਸਮਾਜਿਕ ਬੁਰਾਈਆਂ ਹਨ ਤੇ ਜਿਸ ਨੇ ਸਮਾਜ ਨੂੰ ਤੋੜ ਰੱਖਿਆ ਹੈ ਤੇ ਲੇਖਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਦੇ ਖਿਲਾਫ਼ ਆਵਾਜ਼ ਬੁਲੰਦ ਕਰੋ।
ਇਨ੍ਹਾਂ ਚੋਣਾਂ ਵਿੱਚ ਕੋਈ ਕਹਿ ਰਿਹਾ ਸੀ ਇਕ ਬੰਦੇ ਕੋਲ ਦਸ-ਦਸ ਪ੍ਰਧਾਨਗੀਆਂ, ਕੀ ਬਾਕੀ ਸਾਰੇ ਮਰ ਗਏ ਨੇ। ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਸੁਣਾ ਰਿਹਾ ਹੋਵੇ ਤਾਂ ਜਤਾ ਰਿਹਾ ਹੋਵੇ ਭਾਵੇਂ ਮੈਂ ਇਸ ਵਾਰੀ ਚੋਣ ਮੁਹਿੰਮ ਦਾ ਸਰਗਰਮ ਹਿੱਸਾ ਨਹੀਂ ਬਣ ਸਕਿਆ। ਉਹ ਵੀ ਕਾਰਨ ਰਿਹਾ ਮੇਰੀ ਸਿਹਤ, ਸੋਚਿਆ ਕੋਈ ਨਹੀਂ ਅਗਲੀ ਵਾਰੀ ਸਹੀ। ਮੈਂ ਇਸ ਗੱਲ ਨੂੰ ਆਪਣੇ ‘ਤੇ ਢੁਕਵਾਂ ਸਮਝਦਾ ਹਾਂ, ਕਿਉਂਕਿ ਮੈਂ ਭਾਰਤ ਗਿਆਨ- ਵਿਗਿਆਨ ਸੰਮਤੀ ਪੰਜਾਬ ਦਾ ਪ੍ਰਧਾਨ ਹਾਂ, ਆਲ ਇੰਡੀਆ ਸੇਵ-ਐਜੂਕੇਸ਼ਨ ਪੰਜਾਬ ਦਾ ਪ੍ਰਧਾਨ ਵੀ ਹਾਂ ਤੇ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦਾ ਪ੍ਰਧਾਨ ਵੀ। ਆਪਣੇ ਮੈਡੀਕਲ ਵਿਸ਼ੇ ਸੰਬੰਧੀ ਸੰਸਥਾ ਵਿਚ ਵੀ ਮੈਂ ਲੰਬਾ ਸਮਾਂ ਸਕੱਤਰ ਰਿਹਾਂ ਹਾਂ। ਜੇਕਰ ਸਥਾਨਕ ਪੱਧਰ ‘ਤੇ ਅੰਮ੍ਰਿਤਸਰ ਦੀਆਂ ਸੰਸਥਾਵਾਂ ਦੀ ਗੱਲ ਕਰੀਏ ਤਾਂ ਅਨੇਕਾਂ ਸੰਸਥਾਵਾਂ ਨਾਲ ਜੁੜਿਆ ਹੋਇਆ ਹਾਂ। ਕੀ ਇਹ ਕੋਈ ਨੁਕਸ ਹੈ ਜਾਂ ਮੇਰੀ ਕੰਮ ਕਰਨ ਪ੍ਰਤੀ ਸਮਰੱਥਾ ਹੈ ਅਤੇ ਸਮਰਪਨ ਦੇ ਮੱਦੇਨਜ਼ਰ ਸੰਭਵ ਹੋਇਆ ਹੈ। ਲੇਖਕ ਪੱਧਰ ਦਾ ਸਮਾਜਿਕ ਕਾਰਕੁੰਨ, ਮੇਰੇ ਹਿਸਾਬ ਨਾਲ ਕਈ-ਕਈ ਸੰਸਥਾਵਾਂ ਵਿਚ ਕੰਮ ਕਰਦਾ, ਹਾਜ਼ਰੀ ਲਗਵਾਉਂਦਾ ਦੇਖਿਆ ਜਾ ਸਕਦਾ ਹੈ ਤੇ ਇਹ ਜ਼ਰੂਰੀ ਵੀ ਹੈ। ਲੇਖਕ ਨੂੰ ਆਪਣੀ ਨਰੋਈ ਸੋਚ ਕਰਕੇ ਮਾਰਗ ਦਰਸ਼ਕ ਹੋਣਾ ਚਾਹੀਦਾ ਹੈ, ਜੋ ਉਹ ਨਹੀਂ ਹੈ ਤਾਂ ਇਹ ਘਾਟ ਉਸ ਦੀ ਆਪਣੀ ਹੈ।
ਮਾਣ- ਸਨਮਾਨ, ਅਹੁਦੇਦਾਰੀਆਂ ਨੂੰ ਲੈ ਕੇ ਜੋ ਤਿਕੜਮਬਾਜ਼ੀ ਹੋ ਰਹੀ ਹੈ ਤੇ ਉਹ ਜਿਸ ਦਿਸ਼ਾ ਵਿਚ ਜਾ ਰਹੀ ਹੈ, ਉਸ ਦੀ ਲੋੜ ਕਿਉਂ? ਲੇਖਕ ਨੂੰ ਆਪਣੇ ਚੁਣੇ ਇਸ ਕਾਰਜ ਲਈ ਇਹ ਸਭ ਲਾਲਚ ਕਿਸ ਗੱਲ ਦਾ ਤੇ ਕਿਸ ਵਾਸਤੇ? ਜਦੋਂ ਮੇਰੀ ਕੋਈ ਲਿਖਤ ਕਿਤੇ ਛਪਦੀ ਹੈ ਤਾਂ ਇਸ ਦਿਨ ਜਾਂ ਬਾਅਦ ਵਿਚ ਕਈ ਫੋਨ ਆਉਂਦੇ ਰਹਿੰਦੇ ਹਨ, ਜੋ ਕਿ ਮੈਂ ਸਮਝਦਾ ਹਾਂ ਕਿ ਇਹ ਕਾਰਜ ਸਾਰੇ ਲੇਖਕਾਂ ਨਾਲ ਵਾਪਰਦਾ ਹੋਵੇਗਾ। ਉਸ ਪਾਠਕ ਦੇ ਬੋਲ ਮੈਨੂੰ ਤੈਂ ਮਾਣ-ਸਨਮਾਨ ਤੇ ਕਦੇ ਘੱਟ ਨਹੀਂ ਲੱਗੇ। ਇਕ ਵਾਰੀ ਮੈਂ ਆਪਣੇ ਵਿਚਾਰ ਹਰਿਆਣਾ ਦੀ ਪੰਜਾਬੀ ਸਾਹਿਤ ਸਭਾ ਕਰਨਾਲ ਵਿਖੇ ਦੇਣੇ ਸੀ। ਵਿਸ਼ਾ ਸੀ ‘ਸਮਾਜ ਤੇ ਵਿਗਿਆਨ’। ਇਸ ਦੀ ਪ੍ਰਧਾਨਗੀ ਕਰ ਰਹੇ ਸੀ ਅੰਬਾਲੇ ਤੋਂ ਪੰਜਾਬੀ ਦੇ ਬੁੱਧੀਜੀਵੀ। ਡਾ. ਰਤਨ ਸਿੰਘ ਢਿੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਹਿਣ ਲੱਗੇ ਕਿ ਇਕ ਵਾਰੀ ਉਨ੍ਹਾਂ ਕੋਲ ਕੁਝ ਕਿਤਾਬਾਂ ਨੂੰ ਲੈ ਕੇ ਸਨਮਾਨ ਦੀ ਚੋਣ ਦਾ ਫੈਸਲਾ ਕਰਨ ਵਾਸਤੇ ਭੇਜਿਆ ਗਿਆ ਸੀ। ਮੂਹਰਲੀਆਂ ਕਿਤਾਬਾਂ ਦੇ ਨਾਂਅ, ਵਿਚ ਡਾ. ਦੀਪਤੀ ਦਾ ਨਾਂਅ ਸੀ, ਅੱਜ ਮੈਨੂੰ ਇਨ੍ਹਾਂ ਵਿਚਾਰ ਸੁਣ ਕੇ ਲੱਗਿਆ ਕਿ ਇਨ੍ਹਾਂ ਦਾ ਨਾਂਅ ਇਨਾਮ ਲਈ ਸਵੀਰਕਾਰਨ ਤੋਂ ਕਿਉਂ ਰੋਕ ਲੱਗੀ। ਮੇਰੇ ਮੂੰਹ ਵਿੱਚੋਂ ਇੱਕ-ਦਮ ਨਿਕਲਿਆ, ਉਹ ਮੇਰੇ ਸਨਮਾਨ ਦੀ ਗਵਾਹੀ ਭਰ ਰਹੀ ਹੈ।
ਮੈਂ ਸਮਝਦਾ ਹਾਂ ਕਿ ਸਮਾਜ ਵਿਚ ਸਭ ਤੋਂ ਵਿਵੇਕਸ਼ੀਲ ਜੇ ਕੋਈ ਸ਼ਖਸ਼ ਹੈ ਤਾਂ ਉਹ ਲੇਖਕ ਹੈ। ਉਹ ਕਲਾਕਾਰ ਦੀ ਸ਼੍ਰੇਣੀ ਵਿਚ ਅਉਂਦਾ ਹੈ, ਜਿਸ ਦੇ ਮੱਥੇ ਵਿਚ ਤੀਸਰੀ ਅੱਖ ਵਜੋਂ ਤਸਵੀਰ ਉਭਾਰੀ ਜਾਂਦੀ ਹੈ, ਇਹ ਉਹ ਅੱਖ ਚਿੰਤਨ ਅਤੇ ਵਿਸ਼ਲੇਸ਼ਣ ਹੈ,ਜੋ ਸਮਾਜ ਨੂੰ ਕਈ ਪੱਖਾਂ ਤੋਂ ਆਰ-ਪਾਰ ਦੇਖਦੀ ਹੈ। ਇਹ ਅੱਖ ਟੈਲੀਸਕੋਪ ਦਾ ਕੰਮ ਕਰਦੀ ਹੈ ਤੇ ਪ੍ਰਜੋਮ ਦਾ ਵੀ, ਇਸ ਤਰਾਂ ਲੇਖਕ ਦੂਰ-ਅੰਦੇਸ਼ੀ ਵੀ ਹੈ ਤੇ ਸਮਾਜ ਦੀ ਪੁਣ-ਛਾਣ ਕਰਨ ਵਾਲਾ ਵੀ। ਜਿਵੇਂ ਆਪਾ ਮੁਨਸ਼ੀ ਪ੍ਰੇਮ ਚੰਦ ਦੀ ਗੱਲ ਕੀਤੀ ਹੈ ਕਿ ਲੇਖਕ ਨੂੰ ਰੌਸ਼ਨੀ ਦੀ ਮਿਸਾਲ ਲੈ ਕੇ ਅੱਗੇ ਤੁਰਨਾ ਚਾਹੀਦਾ ਹੈ ਤੇ ਬਾਕੀ ਉਸ ਦੀ ਰੌਸ਼ਨੀ ਵਿਚ ਉਹਦਾ ਅਨੁਸ਼ਰਨ ਕਰਨ। ਦੇਖਣ ਵਿਚ ਆ ਰਿਹਾ ਹੈ ਜਿਸ ਸ਼ਖਸ ਨੇ ਸਮਾਜ ਵਿਚ, ਸਮਾਜ ਪ੍ਰਤੀ ਲੋਕਾਂ ਵਿਚ ਆਪਸੀ ਮੇਲ-ਮਿਲਾਪ ਤੇ ਪਿਆਰ ਪ੍ਰਤੀ ਭਰੋਸਾ ਪੈਦਾ ਕਰਨਾ ਹੈ। ਉਹ ਆਪ ਹੀ, ਬੇ-ਵਿਸ਼ਵਾਸੀ ਵਿਚ ਜੀਅ ਰਿਹਾ ਹੈ। ਖੁਦ ਤੇ ਬੇ-ਵਿਸ਼ਵਾਸੀ ਵਾਲੇ ਵਿਅਕਤੀ ਤੋਂ ਕਿਸੇ ਤਰ੍ਹਾਂ ਦੀ ਸੇਧ ਦੀ ਆਸ ਨਹੀਂ ਰੱਖੀ ਜਾ ਸਕਦੀ।
ਹਿੰਦੀ ਦੇ ਸ਼ਾਇਰ, ਸਾਡੇ ਆਪਣੇ ਹੀ ਲੇਖਕ ਭਰਾ, ਦੁਸ਼ਅੰਤ ਕੁਮਾਰ ਦਾ ਇਕ ਸ਼ੇਅਰ ਸਾਨੂੰ ਇਸ ਬੇ-ਵਿਸ਼ਵਾਸੀ ਤੋਂ ਬਾਹਰ ਕੱਢਣ ਦੀ ਸਮਰੱਥਾ ਰੱਖਦਾ ਹੈ, ਜਿਸ ਦੀ ਕਿ ਆਸ ਸਾਰੇ ਲੇਖਕ ਤੋਂ ਕੀਤੀ ਜਾਂਦੀ ਹੈ।
ਕੌਣ ਕਹਤਾ ਹੈ ਅਕਾਸ਼ ਮੇਂ ਛੇਦ ਨਹੀਂ ਹੋ ਸਕਤਾ‚
ਏਕ ਪੱਥਰ ਜੋਂ ਤਬੀਅਤ ਸੇ ਉਛਾਲੋ ਯਾਰੋ।
ਜਥੇਬੰਦੀ ਦੀ ਆਪਣੀ ਤਾਕਤ ਹੁੰਦੀ ਹੈ ਤੇ ਉਸ ਦੇ ਫਾਇਦੇ ਵੀ ਹੁੰਦੇ ਹਨ। ਇਸ ਦੌਰਾਨ ਪੰਜਾਬੀ ਦੀ ਸੰਵੇਦਨਸ਼ੀਲ ਕਵਿੱਤਰੀ ਅਰਤਿੰਦਰ ਸੰਧੂ ਮਿਲਣ ਆਏ ਤੇ ਚੋਣਾਂ ਨੂੰ ਲੈ ਕੇ ਕਹਿਣ ਲੱਗੇ ਬੜਾ ਅਜੀਬ ਜਿਹਾ ਮਾਹੌਲ ਬਣ ਰਿਹਾ ਹੈ, ਇਸ ਵਾਰੀ ਅਕਾਡਮੀ ਦੇ ਅਹੁਦਿਆਂ ਨੂੰ ਲੈ ਕੇ। ਕੋਈ ਕਹਿ ਰਿਹਾ ਹੈ ਕਾਮਰੇਡ ਇਕੱਠੇ ਹੋਣ, ਕੋਈ ਕਹਿ ਰਿਹਾ ਹੈ ਦਲਿਤ ਲੇਖਕ ਤਾਂ ਇਕੱਠੇ ਹਨ ਹੀ ਗੱਲਾਂ ਕਰਦੇ-ਕਰਦੇ ਕਹਿਣ ਲੱਗੇ ਇਹ ਸਾਰੇ ਲੇਖਕ ਖਾਸ ਤੌਰ ਤੇ ਖੱਬੇ ਪੱਖੀ, ਖੁਦ ਜਾਂ ਆਪਣੇ ਬੱਚਿਆੰ ਨੂੰ ਸੈੱਟ ਕਰਨਾ ਹੋਵੇ ਤਾਂ ਅਮਰੀਕਾ ਜਾਂ ਕੈਨੇਡਾ ਵੱਲ ਦੇਖਦੇ ਹਨ। ਉਹ ਕਦੇ ਵੀ ਕਿਊਬਾ, ਚੀਨ ਜਾਂ ਰੂਸ ਦੀ ਗੱਲ ਨਹੀਂ ਕਰਦੇ।
ਗੱਲ ਤਾਂ ਉਹੀ ਹੈ, ਆਪਣੀ ਵਿਚਾਰਧਾਰਾ ’ਤੇ ਵਿਸ਼ਵਾਸ ਦੀ। ਜੋ ਹੌਲੀ-ਹੌਲੀ ਲੇਖਕਾਂ ਵਿੱਚੋਂ ਖੁਰ ਰਿਹਾ ਹੈ।
ਹੁਣ ਜਦੋਂ ਲੇਖਕਾਂ ਨੇ ਬਾਕੀ ਸੰਸਥਾਵਾਂ ਦੀ ਤਰਜ਼ ’ਤੇ ਇਕੱਠੇ ਹੋਣ ਦਾ ਮਨ ਬਣਾ ਹੀ ਲਿਆ ਹੈ ਤਾਂ ਇਹ ਕੰਮ ਬਾਕੀ ਸੰਸਥਾਵਾਂ ਤੋਂ ਨਿਵੇਕਲਾ ਅਤੇ ਉਸਾਰੂ ਹੋਵੇ ਤੇ ਹੋਰਾਂ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਵਿਚਾਰਾਂ ਨੂੰ ਭਟਕਾਉਣ ਅਤੇ ਧੁੰਧਲੇਪਨ ਦਾ ਸ਼ਿਕਾਰ ਕਰਨ ਵਾਲਾ।