ਮਨੁੱਖ ਹਾਰਨ ਲਈਂ ਨਹੀਂ ਬਣਿਆ
ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,
ਸਦੀਉਂ ਰਹਾ ਹੈ ਦੁਸ਼ਮਣ , ਦੋਰੇ ਜਹਾਂ ਹਮ਼ਾਰਾ।
- ਇਕਬਾਲ
ਮਨੁੱਖ ਦੇ ਇਸ ਧਰਤੀ ’ਤੇ ਜਨਮ ਨਾਲ ਹੀ ਉਸ ਦੀਆਂ ਕੁਝ ਜ਼ਰੂਰਤਾਂ ਵੀ ਜਨਮ ਲੈ ਲੈਂਦੀਆਂ ਹਨ। ਇਸ ਸਮੇਂ ਬੱਚਾ ਆਪ ਨਿਰਬਲ ਅਤੇ ਨਿਤਾਣਾ ਹੁੰਦਾ ਹੈ। ਇਸ ਲਈ ਉਹ ਖੁਦ ਇਨ੍ਹਾਂ ਜ਼ਰੂਰਤਾ ਨੂੰ ਪੂਰਾ ਨਹੀਂ ਕਰ ਸਕਦਾ। ਇਸ ਲਈ ਉਸ ਦੀਆਂ ਇਹ ਮੁਢਲੀਆਂ ਜ਼ਰੂਰਤਾਂ ਉਸ ਦੇ ਮਾਂ ਪਿਓ ਜਾਂ ਸਨਬੰਧੀ ਪੂਰਾ ਕਰਦੇ ਹਨ। ਬੱਚੇ ਦੀਆਂ ਇਰ ਜ਼ਰੂਰਤਾਂ ਪੂਰੀਆਂ ਕਰਨਾ ਉਸ ਦੀ ਜ਼ਿੰਦਗੀ ਨੂੰ ਕਾਇਮ ਰੱਖਣ ਲਈ ਲਾਜ਼ਮੀ ਹੁੰਦੀਆਂ ਹਨ। ਇਹ ਇਕ ਕਿਸਮ ਦੀਆਂ ਉਸ ਦੀਆਂ ਸਮੱਸਿਆਵਾਂ ਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਰੁਕਾਵਟਾਂ, ਅੜਿੱਕੇ ਅਤੇ ਚੁਣੌਤੀਆਂ ਵੀ ਕਹਿ ਸਕਦੇ ਹਾਂ। ਮਨੁਖ ਦੀ ਸਾਰੀ ਜ਼ਿੰਦਗੀ ਵਿਚ ਕਦਮ ਕਦਮ ਤੇ ਕਿਸੇ ਨਾ ਕਿਸੇ ਰੂਪ ਵਿਚ ਇਹ ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ ਹਨ। ਮਨੁੱਖ ਦੀ ਸਾਰੀ ਜ਼ਿੰਦਗੀ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਤੇ ਹੀ ਲੱਗ ਜਾਂਦੀ ਹੈ। ਇਨ੍ਹਾਂ ਚੁਣੌਤੀਆਂ ਤੇ ਰੁਕਾਵਟਾਂ ਨੂੰ ਪਾਰ ਕਰ ਕੇ ਹੀ ਮਨੁੱਖ ਦੇ ਆਤਮ-ਵਿਸ਼ਵਾਸ, ਬਲ ਅਤੇ ਬੁੱਧੀ ਦੀ ਪਰਖ ਹੁੰਦੀ ਹੈ। ਉਸ ਦਾ ਵਿਕਾਸ ਹੁੰਦਾ ਹੈ ਅਤੇ ਉਸ ਦੀ ਵਿਲੱਖਣ ਸ਼ਖਸੀਅਤ ਬਣਦੀ ਹੈ। ਉਹ ਸਮਾਜ ਵਿਚ ਸਿਰ ਉਠਾ ਕੇ ਵਿਚਰਦਾ ਹੈ ਅਤੇ ਅੱਗੋਂ ਹੋਰ ਵੀ ਕਠਿਨ ਕੰਮਾਂ ਨੂੰ ਹੱਥ ਪਾਉਣ ਦੀ ਦਲੇਰੀ ਕਰਦਾ ਹੈ। ਉਸ ਦੀ ਜ਼ਿੰਦਗੀ ਸਫ਼ਲ ਮੰਨੀ ਜਾਂਦੀ ਹੈ ਅਤੇ ਲੋਕਾਂ ਦਾ ਉਸ ’ਤੇ ਭਰੋਸਾ ਵਧਦਾ ਹੈ। ਕਿਸੇ ਕੰਮ ਵਿਚ ਅਸਫ਼ਲ ਹੋਣ ਵਾਲਾ ਬੰਦਾ ਹਾਰਿਆ ਨਹੀਂ ਮੰਨਿਆ ਜਾਂਦਾ ਸਗੋਂ ਕਿਸੇ ਕੰਮ ਨੂੰ ਸ਼ੁਰੂ ਨਾ ਕਰਨ ਵਾਲਾ ਬੰਦਾ ਹੀ ਹਾਰਿਆ ਮੰਨਿਆ ਜਾਂਦਾ ਹੈ। ਇਸ ਲਈ ਅਸਫ਼ਲ ਹੋਣ ਦੇ ਡਰ ਤੋਂ ਕਿਸੇ ਕੰਮ ਨੂੰ ਬਿਲਕੁਲ ਸ਼ੁਰੂ ਹੀ ਨਾ ਕਰਨਾ ਠੀਕ ਨਹੀਂ। ਇਸੇ ਲਈ ਕਹਿੰਦੇ ਹਨ:
ਗ਼ਿਰਤੇ ਹੈਂ ਸ਼ਾਹ ਸਵਾਰ ਮੈਦਾਨੇ ਜੰਗ ਮੇਂ,
ਵੋਹ ਤਿਫ਼ਲ ਕਿਆ ਗ਼ਿਰੇਂਗੇ ਜੋ ਘੁਟਨੇ ਕੇ ਬਲ ਚਲੋਂ।
ਛੋਟੇ ਛੋਟੇ ਬੱਚਿਆਂ ਨੂੰ ਵੀ ਉਨ੍ਹਾਂ ਦੀਆਂ ਮਾਵਾਂ ਇਹ ਕਹਿ ਕੇ ਮਜ਼ਬੂਤ ਬਣਾਉਂਦੀਆਂ ਹਨ, “ਕੋਈ ਗੱਲ ਨਹੀਂ ਬੇਟਾ, ਬੱਚੇ ਡਿੱਗ ਡਿੱਗ ਕੇ ਹੀ ਵੱਡੇ ਹੁੰਦੇ ਹਨ।” ਬੱਚਾ ਉੱਠਦਾ ਹੈ ਅਤੇ ਫਿਰ ਤੋਂ ਦੋ ਪੈਰਾਂ ਦੇ ਭਾਰ ’ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਉਹ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਨਾਲ ਦਸਤ ਪੰਜਾ ਲੈਣ ਲਈ ਤਿਆਰ ਹੁੰਦਾ ਹੈ। ਮਨੁੱਖ ਦੀ ਉੱਤਪਤੀ ਅਤੇ ਵਿਕਾਸ ਦਾ ਇਤਿਹਾਸ ਇਸ ਗੱਲ ਦਾ ਗੁਵਾਹ ਹੈ ਕਿ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰਦਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਦਿਆਂ ਉਸ ਨੇ ਜ਼ਿੰਦਗੀ ਵਿਚ ਕਦੀ ਹਾਰ ਨਹੀਂ ਮੰਨੀ। ਜਨਮ ਤੋਂ ਹੀ ਮਨੁੱਖ ਨੇ ਸ਼ੇਰ, ਚੀਤੇ ਅਤੇ ਹਾਥੀਆਂ ਜਿਹੇ ਖੁੰਖਾਰ ਜਾਨਵਰਾਂ ਅਤੇ ਕੁਦਰਤ ਦੇ ਮਾਰੂ ਹੱਲਿਆਂ ਦਾ ਆਪਣੀ ਜਾਨ ਜੋਖਿਮ ਵਿਚ ਪਾ ਕੇ ਮੁਕਾਬਲਾ ਕੀਤਾ ਅਤੇ ਅੰਤ ਜੇਤੂ ਹੋ ਕਿ ਨਿਤੱਰਿਆ। ਉਸ ਨੇ ਇਸ ਧਰਤੀ ਤੋਂ ਆਪਣੀ ਨਸਲ ਨੂੰ ਖਤਮ ਨਹੀਂ ਹੋਣ ਦਿੱਤਾ ਅਤੇ ਆਪਣੀ ਹੋਂਦ ਕਾਇਮ ਰੱਖੀ। ਇੱਥੇ ਹੀ ਬੱਸ ਨਹੀਂ ਉਸ ਨੇ ਇਨ੍ਹਾਂ ਜੁੱਗ ਗਰਦੀਆਂ ਤੋਂ ਬਚਣ ਅਤੇ ਆਪਣੀ ਰੱਖਿਆ ਲਈ ਕਈ ਤਰ੍ਹਾਂ ਦੇ ਹੱਥਿਆਰ ਬਣਾਏ ਅਤੇ ਨਵੀਆਂ ਤੋਂ ਨਵੀਆਂ ਕਾਢਾਂ ਕੱਢੀਆਂ। ਇਨ੍ਹਾਂ ਉਪਲੱਭਦੀਆਂ ਨਾਲ ਉਸ ਦੇ ਬਲ ਅਤੇ ਬੁੱਧੀ ਦਾ ਵਿਕਾਸ ਹੋਇਆ। ਫਿਰ ਉਸ ਨੇ ਧਰਤੀ ਤੇ ਖੇਤੀ ਕਰ ਕੇ ਅਨਾਜ, ਸਬਜੀਆਂ ਅਤੇ ਫ਼ਲ ਫਰੂਟ ਉਗਾਉਣੇ ਸ਼ੁਰੂ ਕੀਤੇ ਤਾਂ ਕੇ ਉਸ ਦਾ ਪੇਟ ਭਰ ਸੱਕੇ ਅਤੇ ਉਸ ਦਾ ਸਰੀਰ ਮਜ਼ਬੂਤ ਹੋ ਸੱਕੇ। ਫਿਰ ਉਸ ਨੇ ਖੁੰਖਾਰ ਜਾਨਵਰਾਂ ਤੇ ਕਾਬੂ ਪਾਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਪਿੰਜਰੇ ਵਿਚ ਬੰਦ ਕਰ ਕੇ ਆਪਣਾ ਮਨੋਰੰਜਨ ਕਰਨ ਲੱਗਾ। ਕੁਝ ਜਾਨਵਰਾਂ ਨੂੰ ਉਸ ਨੇ ਪਾਲਤੂ ਬਣਾ ਲਿਆ। ਉਹ ਗਾਂ, ਮੱਝ ਅਤੇ ਬੱਕਰੀ ਦਾ ਦੁੱਧ ਪੀਣ ਲੱਗਾ। ਘੋੜੇ ਤੋਂ ਉਹ ਸਵਾਰੀ ਦਾ ਕੰਮ ਲੈਣ ਲੱਗਾ। ਬੈਲਾਂ ਅਤੇ ਝੋਟਿਆਂ ਤੋਂ ਖੇਤੀਬਾੜੀ ਦਾ ਕੰਮ ਲਿਆ ਜਾਣ ਲੱਗਾ। ਕੁੱਤੇ ਤੋਂ ਉਸ ਨੇ ਰਾਖੀ ਦਾ ਕੰਮ ਲੈਣਾ ਸ਼ੁਰੂ ਕੀਤਾ। ਇਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਇਸ ਧਰਤੀ ’ਤੇ ਸੌਖੀ ਅਤੇ ਸੁਰੱਖਿਅਤ ਹੋਈ। ਮਨੁੱਖ ਦੀ ਤ੍ਰਿਸ਼ਨਾ ਇਥੇ ਹੀ ਖਤਮ ਨਹੀਂ ਹੋਈ। ਉਸਨੇ ਜਾਨਵਰਾਂ ਅਤੇ ਪੰਛੀਆਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਖਾਣਾ ਸ਼ੁਰੂ ਕਰ ਦਿੱਤਾ। ਇਹ ਸਭ ਮਨੁੱਖ ਦੀ ਅਘਿਰਤਘਨਤਾ ਹੀ ਸੀ। ਇਹ ਧਰਤੀ ਸਾਰੇ ਜੀਵ ਜੰਤੂਆਂ ਦੀ ਹੈ ਇਸ ’ਤੇ ਮਨੁੱਖ ਨੇ ਕੇਵਲ ਆਪਣਾ ਹੱਕ ਜਤਾਉਂਣਾ ਸ਼ੁਰੂ ਕਰ ਦਿੱਤਾ। ਮਨੁੱਖ ਨੇ ਧਰਤੀ ’ਤੇ ਵੱਡੇ ਵੱਡੇ ਕਾਰਖਾਨੇ ਅਤੇ ਇਮਾਰਤਾਂ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਪਸ਼ੂਆਂ ਅਤੇ ਪੰਛੀਆਂ ਲਈ ਇਹ ਧਰਤੀ ਘਟਣ ਲੱਗੀ। ਸ਼ੌਰ ਸ਼ਰਾਬੇ ਅਤੇ ਪਲੀਤ ਵਾਤਾਵਰਨ ਕਾਰਨ ਉਨ੍ਹਾਂ ਦਾ ਦਮ ਘੁੱਟਣ ਲੱਗਾ। ਉਨ੍ਹਾਂ ਨੂੰ ਸ਼ਹਿਰ ਛੱਡ ਕੇ ਜੰਗਲਾਂ ਵੱਲ ਪਰਵਾਸ ਕਰਨ ਲਈ ਮਜ਼ਬੂਰ ਹੋਣਾ ਪਿਆ।
ਧਰਤੀ ਦੇ ਵੱਡੇ ਹਿੱਸੇ ਤੇ ਮੱਲ ਮਾਰ ਕੇ ਵੀ ਮਨੁੱਖ ਦੀ ਭੁੱਖ ਨਹੀਂ ਮਿਟੀ। ਉਸ ਨੇ ਸਮੁੰਦਰ ਨੂੰ ਵੀ ਹੰਗਾਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਵਿਚੋਂ ਹੀਰੇ ਮੋਤੀ ਅਤੇ ਹੋਰ ਖ਼ਜ਼ਾਨੇ ਕੱਢ ਕੇ ਆਪਣੇ ਘਰ ਭਰਨੇ ਸ਼ੁਰੂ ਕਰ ਦਿੱਤੇ। ਸਮੁੰਦਰ ਨੂੰ ਉਸ ਨੇ ਆਵਾਜਾਈ ਅਤੇ ਮਾਲ ਦੀ ਢੋਆ ਢੁਆਈ ਲਈ ਵਰਤਣ ਲਈ ਪਹਿਲਾਂ ਛੋਟੀਆਂ ਬੇੜੀਆਂ ਬਣਾਈਆਂ ਅਤੇ ਫਿਰ ਵੱਡੇ ਵੱਡੇ ਜਹਾਜ ਬਣਾਏ। ਉਸ ਨੂੰ ਹਾਲੀ ਵੀ ਸਬਰ ਨਹੀਂ ਆਇਆ। ਉਸ ਨੇ ਸਮੁੰਦਰੀ ਜੀਵਾਂ ਦਾ ਵੀ ਮਾਸ ਖਾਣਾ ਸ਼ੁਰੂ ਕਰ ਦਿੱਤਾ ਅਤੇ ਸਮੁੰਦਰ ਵਿਚ ਹੀ ਆਪਣੀ ਗੰਦਗੀ ਸੁੱਟ ਕੇ ਇਸ ਦੇ ਪਾਣੀਆਂ ਨੂੰ ਪਲੀਤ ਕੀਤਾ। ਇਸ ਨਾਲ ਬਾਕੀ ਬਚੇ ਸਮੁੰਦਰੀ ਜੀਵਾਂ ਦਾ ਜਿਉਣਾ ਦੁਰਭਰ ਹੋ ਗਿਆ।
ਮਨੁੱਖ ਦੀਆਂ ਆਕਾਂਸ਼ਾਵਾਂ ਅਤੇ ਲਾਲਸਾਵਾਂ ਦਾ ਕੋਈ ਅੰਤ ਨਹੀਂ। ਆਸਮਾਨ ਵਿਚ ਉੱਡਦੇ ਪੰਛੀਆਂ ਨੂੰ ਦੇਖ ਕੇ ਉਸ ਵਿਚ ਵੀ ਉੱਡਣ ਦੀ ਲਾਲਸਾ ਪੈਦਾ ਹੋਈ। ਚੰਨ ਤਾਰਿਆਂ ਨੂੰ ਦੇਖ ਕੇ ਮਨੁੱਖ ਵਿਚ ਉਨ੍ਹਾਂ ਬਾਰੇ ਜਾਣਨ ਦੀ ਅਤੇ ਉੱਥੇ ਪਹੁੰਚਣ ਦੀ ਇੱਛਾ ਪੈਦਾ ਹੋਈ। ਇਸ ਲਈ ਉਸ ਨੇ ਹਵਾਈ ਜਹਾਜ ਅਤੇ ਰਾਕਟ ਦੀ ਕਾਢ ਕੱਢੀ। ਇਸੇ ਲਈ ਕਹਿੰਦੇ ਹਨ ਕਿ ਜ਼ਰੂਰਤ ਕਾਂਢ ਦੀ ਜਨਨੀ ਹੈ। ਇਸ ਤਰ੍ਹਾਂ ਮਨੁੱਖ ਨੇ ਆਸਮਾਨ ਵਿਚ ਉਡਾਰਆਂ ਲਾਈਆਂ ਅਤੇ ਚੰਨ ’ਤੇ ਆਪਣੇ ਕਦਮ ਰੱਖੇ। ਹੁਣ ਉਹ ਮੰਗਲ ਗ੍ਰਹਿ ਤੇ ਪਹੁੰਚ ਕੇ ਇਹ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉੱਥੇ ਮਨੁੱਖ ਦੇ ਜਿਉਣ ਲਈ ਯੋਗ ਵਾਤਾਵਰਨ ਹੈ ਜਾਂ ਨਹੀਂ ਤਾਂ ਕਿ ਉੱਥੇ ਉਹ ਆਪਣੇ ਘਰ ਪਾ ਕੇ ਰਹਿ ਸੱਕੇ। ਸ਼ਾਇਦ ਉਸ ਦੀ ਕਰਮ ਭੂਮੀ ਲਈ ਇਹ ਧਰਤੀ ਹੁਣ ਤੰਗ ਪੈ ਗਈ ਹੈ। ਜੇ ਤੁਸੀਂ ਸਫ਼ਰ ਵਿਚ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸਮਾਨ ਦਾ ਬੋਝ ਘੱਟ ਰੱਖੋ ਅਤੇ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਸਫ਼ਰ ਵਿਚ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਖਾਹਿਸ਼ਾਂ ਦਾ ਬੋਝ ਘੱਟ ਰੱਖੋ। ਜਿੰਦਗੀ ਵਿਚ ਸਾਡੀਆਂ ਜ਼ਰੂਰਤਾਂ ਬਹੁਤ ਘੱਟ ਹਨ ਪਰ ਸਾਡੀਆਂ ਲਾਲਸਾਵਾਂ ਹੀ ਸਾਨੂੰ ਸਾਰੀ ਉਮਰ ਭਜਾਈ ਰੱਖਦੀਆਂ ਹਨ ਅਤੇ ਮਨ ਦਾ ਸਕੂਨ ਉੱਡਾਈ ਰੱਖਦੀਆਂ ਹਨ।
ਪਰ ਹੁਣ ਮਨੁੱਖ ਨੇ ਆਪਣੀ ਜ਼ਰੂਰਤ ਤੋਂ ਉੱਪਰ ਉੱਠ ਕੇ ਆਪਣੇ ਲਾਲਚ ਅਤੇ ਲਾਲਸਾ ਕਾਰਨ ਧਰਤੀ ਆਕਾਸ਼ ਅਤੇ ਸਮੁੰਦਰ ’ਤੇ ਪੂਰੀ ਤਰ੍ਹਾਂ ਆਪਣਾ ਸਾਮਰਾਜ ਕਾਇਮ ਕਰ ਲਿਆ। ਹੁਣ ਤੱਕ ਉਹ ਵੱਡੀਆਂ ਵੱਡੀਆਂ ਸੁਨਾਮੀਆਂ, ਭੁਚਾਲਾਂ ਅਤੇ ਦਾਵਾਨਲ ਦਾ ਵੀ ਮੁਕਾਬਲਾ ਕਰ ਚੁੱਕਾ ਹੈ। ਇਸ ਲਈ ਉਹ ਕੁਦਰਤ ਨੂੰ ਵੀ ਆਪਣੇ ਅਧੀਨ ਹੀ ਸਮਝਣ ਲੱਗ ਪਿਆ ਹੈ। ਹੁਣ ਤਾਂ ਬੰਦਾ ਦੂਜੇ ਬੰਦੇ ਨੂੰ ਹੀ ਬੰਦਾ ਨਹੀਂ ਸਮਝੁਦਾ। ਉਸ ਵਿਚ ਬਹੁਤ ਘੁਮੰਢ ਆ ਗਿਆ ਹੈ। ਇਹ ਉਸ ਦੀ ਹਉਮੇ ਦੀ ਸਿਖ਼ਰ ਹੈ। ਜਿਸ ਪ੍ਰਮਾਤਮਾ ਨੇ ਮਨੁੱਖ ਨੂੰ ਪੈਦਾ ਕੀਤਾ ਉਹ ਤਾਂ ਉਸ ਦੀ ਹੋਂਦ ਤੋਂ ਵੀ ਇਨਕਾਰੀ ਹੋ ਗਿਆ ਹੈ। ਮਨੁੱਖ ਆਪਣੇ ਆਪ ਨੂੰ ਹੀ ਇਸ ਸ੍ਰਿਸ਼ਟੀ ਦਾ ਰੱਬ ਸਮਝਣ ਲੱਗ ਪਿਆ ਹੈ। ਉਸ ਦਾ ਲਾਲਚ ਮੁੱਕ ਹੀ ਨਹੀਂ ਰਿਹਾ। ਉਸ ਨੇ ਹਰ ਵਸਤੂ ਆਪਣੀ ਜ਼ਰੂਰਤ ਤੋਂ ਜ਼ਿਆਦਾ ਇਕੱਠੀ ਕਰ ਲਈ ਹੈ। ਜੋ ਵਸਤੂ ਕਿਸੇ ਦੀ ਜ਼ਰੂਰਤ ਤੋਂ ਜ਼ਿਆਦਾ ਹੋਵੇ ਉਹ ਉਸ ਲਈ ਇਕ ਮਿੱਠਾ ਜ਼ਹਿਰ ਹੈ। ਇਹ ਜ਼ਹਿਰ ਲੱਗਦਾ ਤਾਂ ਮਿੱਠਾ ਹੈ ਪਰ ਜਿਸ ਅੰਦਰ ਜਾਂਦਾ ਹੈ ਹੋਲੀ ਹੋਲੀ ਉਸ ਨੂੰ ਹੀ ਬਰਬਾਦ ਕਰ ਦਿੰਦਾ ਹੈ। ਭੁੱਖੇ ਬੰਦੇ ਨੂੰ ਤੁਸੀਂ ਰੋਟੀ ਖੁਵਾ ਕੇ ਉਸ ਦਾ ਢਿੱਡ ਭਰ ਸਕਦੇ ਹੋ ਪਰ ਲਾਲਚੀ ਬੰਦੇ ਦਾ ਢਿੱਡ ਕਦੀ ਨਹੀਂ ਭਰ ਸਕਦੇ। ਜ਼ਰੂਰਤ ਤਾਂ ਇਕ ਫਕੀਰ ਦੀ ਵੀ ਪੂਰੀ ਹੋ ਸਕਦੀ ਹੈ ਪਰ ਤ੍ਰਿਸ਼ਨਾ ਇਕ ਰਾਜੇ ਦੀ ਵੀ ਅਧੂਰੀ ਰਹਿ ਸਕਦੀ ਹੈ। ਮਨੁੱਖ ਦੀਆਂ ਜ਼ਰੂਰਤਾਂ ਬਹੁਤ ਥੋੜ੍ਹੀਆਂ ਹਨ। ਉਸ ਕੋਲ ਜੀਵਨ ਨਿਰਬਾਹ ਲਈ ਕਾਫ਼ੀ ਧਨ ਇਕੱਠਾ ਹੋ ਜਾਂਦਾ ਹੈ ਪਰ ਉਹ ਫਿਰ ਵੀ ਆਉਣ ਵਾਲੀਆਂ ਪੀੜ੍ਹੀਆਂ ਲਈ ਹੋਰ ਧਨ ਇਕੱਠਾ ਕਰਨ ਵਿਚ ਰੁੱਝਿਆ ਰਹਿੰਦਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਏਨੀਆਂ ਹੀ ਨਲਾਇਕ ਹੋਣਗੀਆਂ ਕਿ ਉਹ ਆਪਣੀ ਰੋਟੀ ਰੋਜ਼ੀ ਦਾ ਆਪ ਪ੍ਰਬੰਧ ਕਰਨ ਦੇ ਕਾਬਲ ਨਹੀਂ ਹੋਣਗੀਆਂ? ਕੀ ਅਸੀਂ ਉਨ੍ਹਾਂ ਨੂੰ ਐਸੇ ਸੰਸਕਾਰ ਦੇ ਰਹੇ ਹਾਂ ਕਿ ਉਹ ਨਿਠੱਲੇ ਬੈਠ ਜਾਣ ਅਤੇ ਕੇਵਲ ਸਾਡੀ ਜੋੜੀ ਹੋਈ ਪੂੰਜੀ ’ਤੇ ਹੀ ਨਿਰਭਰ ਕਰਨ? ਜੇ ਉਹ ਸੱਚੀ ਹੀ ਏਨੇ ਨਲਾਇਕ ਹੋਏ ਤਾਂ ਉਹ ਸਾਡੀ ਛੱਡੀ ਹੋਈ ਪੂੰਜੀ ਨੂੰ ਵੀ ਨਸ਼ਿਆਂ ਅਤੇ ਗ਼ਲਤ ਆਦਤਾਂ ਵਿਚ ਉੱਡਾ ਦੇਣਗੇ ਅਤੇ ਜਲਦੀ ਹੀ ਨੰਗ ਹੋ ਜਾਣਗੇ। ਜੇ ਉਹ ਲਾਇਕ ਨਿਕਲੇ ਤਾਂ ਉਹ ਆਪਣੀ ਮਿਹਨਤ ਨਾਲ ਆਪ ਕਮਾ ਕੇ ਖਾਣਗੇ। ਫਿਰ ਉਨ੍ਹਾਂ ਨੂੰ ਸਾਡੇ ਜੋੜੇ ਹੋਏ ਧਨ ਦੀ ਜ਼ਰੂਰਤ ਨਹੀਂ ਪਵੇਗੀ। ਇਸ ਲਈ ਬੱਚਿਆਂ ਨੂੰ ਦੂਸਰੇ ਦੇ ਕਮਾਏ ਹੋਏ ਪੈਸੇ ਤੇ ਨਿਰਭਰ ਕਰਨ ਦੀ ਥਾਂ ਉਨ੍ਹਾਂ ਨੂੰ ਮਿਹਨਤ ਕਰ ਕੇ ਖ਼ੁਦ ਕਮਾਈ ਕਰਨ ਦੇ ਕਾਬਲ ਬਣਾਓ।
ਕੁਦਰਤ ਅਤੇ ਅੱਤ ਦਾ ਵੈਰ ਹੁੰਦਾ ਹੈ। ਇਸੇ ਲਈ ਕਹਿੰਦੇ ਹਨ ਕਿ ਪਾਪੀ ਕੋ ਮਾਰਨੇ ਕੋ ਪਾਪ ਮਹਾਂ ਬਲੀ। ਮਨੁੱਖ ਜਿਨ੍ਹੀਂ ਮਰਜ਼ੀ ਉਨਤੀ ਕਰ ਲਏ ਫਿਰ ਵੀ ਉਹ ਕੁਦਰਤ ਦਾ ਮੁਕਾਬਲਾ ਨਹੀਂ ਕਰ ਸਕਦਾ।
ਪੱਥਰ ਘੜੇ ’ਤੇ ਵੱਜੇ ਜਾਂ ਘੜਾ ਪੱਥਰ ਤੇ ਵੱਜੇ, ਟੁੱਟਣਾ ਤਾਂ ਘੜੇ ਨੇ ਹੀ ਹੁੰਦਾ ਹੈ। ਮੁਰਖ ਲੋਕ ਆਪਣੇ ਪੈਰਾਂ ’ਤੇ ਆਪ ਕੁਹਾੜਾ ਮਾਰ ਲੈਂਦੇ ਹਨ ਪਰ ਮਨੁੱਖ ਨੇ ਤਾਂ ਜਾਣ ਬੁੱਝ ਕੇ ਹੀ ਕੁਹਾੜੇ ’ਤੇ ਆਪਣਾ ਪੈਰ ਮਾਰ ਕੇ ਆਪਣੀ ਬਰਬਾਦੀ ਨੂੰ ਸੱਦਾ ਦੇ ਦਿੱਤਾ। ਉਸ ਨੇ ਦਰਖ਼ਤਾਂ ਨੂੰ ਅੰਨੇਹ ਵਾਹ ਵੱਢ ਕੇ ਜੰਗਲ ਦੇ ਜੰਗਲ ਸਾਫ ਕਰ ਦਿੱਤੇ ਅਤੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਅਤੇ ਕਾਰਖਾਨੇ ਉਸਾਰ ਲਏ। ਇਸ ਨਾਲ ਵਾਤਾਵਰਨ ਵਿਚ ਆਕਸੀਜਨ ਦੀ ਕਮੀ ਪੈਦਾ ਹੋ ਗਈ।
ਕਾਰਖਾਨਿਆਂ ਅਤੇ ਗੱਡੀਆਂ ਦੇ ਧੂਵੇਂ ਨਾਲ ਹਵਾ ਹੋਰ ਪਲੀਤ ਹੋ ਗਈ। ਮਨੁੱਖਾਂ ਅਤੇ ਪਸ਼ੂ ਪੰਛੀਆਂ ਨੂੰ ਸਾਹ ਲੈਣਾ ਹੀ ਮੁਸ਼ਕਲ ਹੋ ਗਿਆ। ਮਨੁੱਖ ਨੇ ਫ਼ਸਲਾਂ ਦਾ ਝਾੜ ਵਧਾਉਣ ਲਈ ਜ਼ਹਿਰੀਲੇ ਕੈਮੀਕਲਾਂ ਅਤੇ ਖਾਦਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਉਸ ਨੇ ਸਭ ਤਰ੍ਹਾਂ ਦੇ ਜਾਨਵਰਾਂ, ਪੰਛੀਆਂ ਅਤ ਕੀੜੇ ਮਕੌੜਿਆਂ ਨੂੰ ਮਾਰ ਕੇ ਖਾਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਜਰਮ ਵੀ ਮਨੁੱਖ ਅੰਦਰ ਖਤਰਨਾਕ ਬੀਮਾਰੀਆਂ (ਕੈਂਸਰ ਅਤੇ ਕਿਡਨੀ ਆਦਿ) ਨਾਲ ਘਿਰ ਗਿਆ। ਇਸ ਤਰ੍ਹਾਂ ਕੁਦਰਤ ਦਾ ਤਵਾਜ਼ਨ ਵਿਗੜ ਗਿਆ। ਇਸ ਤਵਾਜ਼ਨ ਨੂੰ ਠੀਕ ਕਰਨ ਲਈ ਕੁਦਰਤ ਨੇ ਪਲਟਾ ਮਾਰਿਆ ਜੋ ਕਰੋਨਾ ਦੇ ਰੂਪ ਵਿਚ ਪ੍ਰਗਟ ਹੋਇਆ। ਜੇ ਮਨੁੱਖ ਹਾਲੀ ਵੀ ਨਾ ਸੰਭਲਿਆ ਤਾਂ ਇਕ ਦਿਨ ਸਾਰੀ ਮਨੁੱਖ ਜਾਤੀ ਇਸ ਧਰਤੀ ਤੋਂ ਅਲੋਪ ਹੋ ਜਾਵੇਗੀ। ਫਿਰ ਜਾਨਵਰ ਆਪਣੇ ਬੱਚਿਆਂ ਨੂੰ ਕਹਾਣੀਆਂ ਸੁਣਾਇਆਂ ਕਰਨਗੇ ਕਿ ‘ਬਹੁਤ ਸਮਾਂ ਪਹਿਲਾਂ ਇਸ ਧਰਤੀ ਤੇ ਦੋ ਪੈਰਾਂ ਨਾਲ ਚੱਲਣ ਵਾਲਾ ‘ਮਨੁੱਖ’ ਨਾਮ ਦਾ ਇਕ ਖਤਰਨਾਕ ਜਾਨਵਰ ਹੁੰਦਾ ਸੀ ਜਿਸਨੇ ਆਪਣੀ ਤੇਜ਼ ਬੁੱਧੀ ਨਾਲ ਹੀ ਆਪਣੀ ਸਾਰੀ ਨਸਲ ਨੂੰ ਆਪ ਹੀ ਖਤਮ ਕਰ ਲਿਆ।’
ਹੁਣ ਤਾਂ ਆਪਣੇ ਆਪ ਨੂੰ ਜ਼ਿਆਦਾ ਵੱਡਾ ਸਿਆਣਾ, ਅਮੀਰ ਅਤੇ ਤਾਕਤਵਰ ਦਿਖਾਉਣ ਲਈ ਬੰਦਾ ਹੀ ਬੰਦੇ ਦਾ ਵੈਰੀ ਬਣਦਾ ਜਾ ਰਿਹਾ ਹੈ। ਹਰ ਬੰਦਾ ਦੂਜੇ ਨੂੰ ਨੀਵਾਂ ਦਿਖਾਉਣ ਲਈ ਉਸ ਨੂੰ ਦਬਾ ਰਿਹਾ ਹੈ। ਹਰ ਦੇਸ਼ ਆਪਣਾ ਸਾਮਰਾਜ ਵਧਾਉਣ ਲਈ ਦੂਸਰੇ ਦੇਸ਼ ਦੇ ਸੰਪਨ ਸਾਧਨਾ ਤੇ ਕਬਜ਼ਾ ਕਰਨ ਲਈ ਉਸ ਨਾਲ ਨਜਾਇਜ਼ ਉੱਲਝ ਰਿਹਾ ਹੈ। ਇਸ ਲਈ ਉਸ ਨੇ ਮਾਰੂ ਹਥਿਆਰ ਬਣਾ ਲਏ ਹਨ। ਉਸ ਨੇ ਆਤਮ ਰੱਖਿਆ ਦੇ ਨਾਮ ਤੇ ਭਾਲੇ, ਖੰਜਰ, ਤਲਵਾਰਾਂ ਅਤੇ ਬੰਦੂਕਾਂ ਬਣਾ ਲਈਆਂ ਹਨ। ਫਿਰ ਉਸ ਨੇ ਪ੍ਰਮਾਣੂ ਬੰਬ, ਹਾਈਡਰੋਜਨ ਬੰਬ ਅਤੇ ਦੂਰੋਂ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਬਣਾਈਆਂ। ਉਹ ਕਦੀ ਅਮਨ ਨਾਲ ਟਿਕ ਕੇ ਨਹੀਂ ਬੈਠਿਆ, ਜਿਸ ਦਾ ਸਿੱਟਾ ਉਸ ਨੂੰ ਦੋ ਆਲਮੀ ਜੰਗਾਂ ਵਿਚ ਭੁਗਤਣਾ ਪਿਆ। ਇਨ੍ਹਾਂ ਜੰਗਾਂ ਵਿਚ ਦੁਨੀਆਂ ਦੇ ਕਰੀਬ ਕਰੀਬ ਸਾਰੇ ਹੀ ਦੇਸ਼ ਉੱਲਝ ਕੇ ਰਹਿ ਗਏ। ਇਨ੍ਹਾਂ ਜੰਗਾਂ ਦੇ ਨਤੀਜੇ ਵੱਜੋਂ ਭਾਰੀ ਤਬਾਹੀ ਮੱਚੀ। ਲੱਖਾਂ ਬੇਗੁਨਾਹ ਲੋਕ ਮਾਰੇ ਗਏ। ਉਨ੍ਹਾਂ ਦੇ ਬੱਚੇ ਯਤੀਮ ਹੋ ਗਏ ਅਤੇ ਔਰਤਾਂ ਵਿਧਵਾ ਹੋ ਗਈਆਂ। ਜਿਹੜੇ ਲੋਕ ਬਚੇ ਵੀ, ਉਹ ਉਮਰ ਭਰ ਲਈ ਅਪੰਗ ਹੋ ਕੇ ਰਹਿ ਗਏ। ਧਨ ਅਤੇ ਸੰਪਤੀ ਦੀ ਵੀ ਬਹੁਤ ਬਰਬਾਦੀ ਹੋਈ। ਆਉਣ ਵਾਲੀਆਂ ਨਸਲਾਂ ਨੂੰ ਇਨ੍ਹਾਂ ਜੰਗਾਂ ਕਾਰਨ ਤਬਾਹੀ, ਮੌਤ ਤੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਅਮ੍ਰੀਕਾ ਦੇ ਐਟਮ ਬੰਬਾਂ ਦੇ ਹਮਲਿਆਂ ਕਾਰਨ ਜਪਾਨ ਦੇ ਦੋ ਪ੍ਰਮੁੱਖ ਸ਼ਹਿਰ ਨਾਗਾਸਾਕੀ ਅਤੇ ਹੀਰੋਸ਼ੀਮਾ ਪੂਰੀ ਤਰ੍ਹਾਂ ਨਸ਼ਟ ਹੋ ਗਏ। ਇਸ ਘਟਨਾਂ ਦੇ 75 ਸਾਲ ਬੀਤ ਜਾਣ ਪਿੱਫੋਂ ਉੱਥੇ ਹਾਲੇ ਵੀ ਇਸ ਬਰਬਾਦੀ ਦੇ ਮੰਜਰ ਦੇਖੇ ਜਾ ਸਕਦੇ ਹਨ। ਇਸ ਤਬਾਰੀ ਤੋਂ ਮਨੁੱਖ ਨੇ ਹਾਲੀ ਵੀ ਕੁਝ ਨਹੀਂ ਸਿੱਖਿਆ। ਉਹ ਅਜੇ ਵੀ ਅੰਨ੍ਹਾਂ ਹੋ ਕੇ ਇਸ ਤਬਾਹੀ ਦੇ ਰਸਤੇ ਤੇ ਤੁਰਿਆ ਹੋਇਆ ਹੈ। ਹੁਣ ਉਰ ਕਿਟਾਣੂ ਬੰਬ ਬਣਾਉਣ ਦੇ ਰਸਤੇ ਤੇ ਸੀ। ਜਿਸ ਵੀ ਦੇਸ਼ ਵਿਚ ਇਹ ਸੁੱਟਿਆ ਜਾਂਦਾ ਉੱਥੇ ਇਨ੍ਹਾਂ ਛੋਟੇ ਛੋਟੇ ਕਿਟਾਣੂਆਂ ਨੇ ਪੂਰੀ ਮਨੁੱਖ ਜਾਤੀ ਨੂੰ ਹੀ ਨਹੀਂ ਸਗੋ ਬਾਕੀ ਪਸ਼ੂ ਪੰਛੀਆਂ, ਸਮੁੰਦਰੀ ਜੀਵਾਂ ਅਤੇ ਸਾਰੀ ਬਨਸਪਤੀ ਨੂੰ ਆਪਣੀ ਲਪੇਟ ਵਿਚ ਲੈ ਕੇ ਪੂਰੀ ਤਰ੍ਹਾਂ ਨਸ਼ਟ ਕਰ ਦੇਣਾ ਸੀ। ਪਰ ਕੁਦਰਤ ਦੇ ਰੰਗ ਦੇਖੋ, ਇਹ ਬੰਬ ਪਹਿਲਾਂ ਹੀ ਲੀਕ ਹੋ ਗਿਆ ਜਿਸ ਦੀ ਲਾਗ ਨੇ ਸਾਰੀ ਦੁਨੀਆਂ ਨੂੰ ਆਪਣੇ ਸੰਕਰਮਣ ਵਿਚ ਜਕੜ ਲਿਆ। ਇਨ੍ਹਾਂ ਕਿਟਾਣੂਆਂ ਦਾ ਨਾਮ ਹੈ ਕੋਰੋਨਾ। ਇਸ ਦੀ ਲਾਗ ਨੂੰ ਕੋਵਿਡ-19 ਦਾ ਨਾਮ ਵੀ ਦਿੱਤਾ ਗਿਆ ਹੈ ਕਿਉਂਕਿ ਇਹ ਸਾਲ 2019 ਦੇ ਅੰਤ ਵਿਚ ਸ਼ੁਰੂ ਹੋਇਆ ਹੈ। ਇਸ ਕਰੋਨਾ ਦੇ ਕਿਟਾਣੂਆਂ ਨੂੰ ਖਤਮ ਕਰਨ ਲਈ ਹਾਲੇ ਕਿਸੇ ਦੇਸ਼ ਕੋਲੋਂ ਵੀ ਕੋਈ ਦਵਾਈ ਨਹੀਂ ਬਣੀ। ਇਸ ਲਈ ਲੋਕ ਧੜਾ ਧੜ ਤੜਫ ਤੜਫ ਕੇ ਮਰ ਰਹੇ ਹਨ। ਇਹ ਲਾਗ ਦੀ ਬੀਮਾਰੀ ਹੈ। ਇਕ ਦੂਜੇ ਦੇ ਸਪਰਸ਼ ਨਾਲ ਹੀ ਫੈਲ੍ਹਦੀ ਹੈ। ਮਨੁੱਖ ਸਮਾਜਿਕ ਪ੍ਰਣੀ ਹੋਣ ਕਰ ਕੇ ਇਕ ਦੂਜੇ ਦੇ ਸੰਪਰਕ ਵਿਚ ਆਉਂਦਾ ਹੀ ਹੈ ਇਸ ਲਈ ਇਹ ਬੜੀ ਤੇਜ਼ੀ ਨਾਲ ਹਰ ਇਕ ਨੂੰ ਆਪਣੇ ਕਲਾਵੇ ਵਿਚ ਜਕੜ ਰਹੀ ਹੈ। ਕੋਰੋਨਾ ਦੇ ਇਸ ਕਹਿਰ ਤੋਂ ਕੌਣ ਬਚੇਗਾ ਅਤੇ ਕੌਣ ਮਰੇਗਾ? ਇਸ ਬਾਰੇ ਹਾਲੀ ਕੁਝ ਨਹੀਂ ਕਿਹਾ ਜਾ ਸਕਦਾ। ਤੂਫ਼ਾਨ ਦਾ ਆਉਣ ਤੋਂ ਬਾਅਦ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਅਸੀਂ ਇਸ ਵਿਚ ਕੀ ਬਚਾਇਆ ਹੈ ਅਤੇ ਕੀ ਗੁਵਾਇਆ ਹੈ?
ਇਸ ਸਮੇਂ (26 ਅਪ੍ਰੈਲ 2020) ਵਿਚ ਸਾਰੀ ਦੁਨੀਆਂ ਬਾਰੂਦ ਦੇ (ਕੋਰੋਨਾ ਦੇ ਕਿਟਾਣੂਆਂ ਦੇ) ਢੇਰ ਤੇ ਬੈਠੀ ਹੈ। ਕੋਈ ਵੀ ਦੇਸ਼ ਇਸ ਤੋਂ ਨਹੀਂ ਬਚਿਆ। ਸਭ ਪਾਸੇ ਤਬਾਹੀ ਹੀ ਤਬਾਹੀ ਹੈ। ਸਭ ਸਰਕਾਰਾਂ ਬੇਬੱਸ ਹਨ। ਹਰ ਦੇਸ਼ਾਂ ਵਿਚ ਕਰਫਿਉ ਜਾਂ ਲੋਕਡਾਉਨ ਹੈ ਤਾਂ ਕਿ ਲੋਕ ਦੂਜੇ ਕੋਰੋਨਾ ਦੇ ਮਰੀਜ਼ਾਂ ਦੇ ਸੰਪਰਕ ਵਿਚ ਨਾ ਆਉਣ ਅਤੇ ਇਹ ਬੀਮਾਰੀ ਅੱਗੋਂ ਘੱਟ ਫੈਲ੍ਹੇ। ਸਭ ਦਫ਼ਤਰ ਅਤੇ ਕਾਰੋਬਾਰ ਬੰਦ ਹਨ। ਦੁਕਾਨਾਂ ਨੂੰ ਤਾਲੇ ਲੱਗੇ ਹੋਏ ਹਨ। ਸਭ ਸ਼ਹਿਰ, ਗਲੀਆਂ ਅਤੇ ਬਾਜ਼ਾਰ ਸੂੰਨੇ ਹਨ। ਬੱਸਾਂ, ਕਾਰਾਂ, ਸਕੂਟਰ ਅਤੇ ਰੇਲਾਂ ਗੀ ਆਵਾਜਾਈ ਵੀ ਬੰਦ ਹੈ। ਸਾਰੇ ਲੋਕ ਸਹਿਮੇ ਸਹਿਮੇ ਹਨ ਅਤੇ ਆਪਣੇ ਆਪਣੇ ਘਰਾਂ ਵਿਚ ਕੈਦ ਹਨ। ਹਰ ਕੋਈ ਡਰ ਰਿਹਾ ਹੈ ਕਿ ਕਿੱਧਰੇ ਅਗਲਾ ਨੰਬਰ ਉਸ ਦਾ ਹੀ ਨਾ ਲੱਗ ਜਾਏ। ਜਿਸ ਨੂੰ ਇਸ ਬੀਮਾਰੀ ਦਾ ਸੰਕਰਮਣ ਹੋ ਜਾਏ, ਉਸ ਦਾ ਬਚਣਾ ਮੁਸ਼ਕਲ ਹੈ। ਫਿਰ ਉਸ ਨੂੰ ਮੌਤ ਦੇ ਭਿਆਨਕ ਜਬਾੜਿਆਂ ਚੋਂ ਕੋਈ ਨਹੀਂ ਬਚਾ ਸਕਦਾ। ਸਾਰੇ ਕਾਰੋਬਾਰਾਂ ਦੇ ਬੰਦ ਹੋਣ ਕਾਰਨ ਦੁਨੀਆਂ ਭਰ ਦੇ ਕਰੌੜਾਂ ਮਜ਼ਦੂਰ ਬੇਰੁਜ਼ਗਾਰ ਹੋਏ ਬੈਠੇ ਹਨ। ਉਨ੍ਹਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਕਈ ਲੋਕ ਡਰ ਰਹੇ ਹਨ ਕਿ ਕਿਧਰੇ ਇਸ ਭਿਆਨਕ ਮਹਾਂਮਾਰੀ ਨਾਲ ਸਾਰੀ ਮਨੁੱਖ ਜਾਤੀ ਹੀ ਨਾ ਖਤਮ ਹੋ ਜਾਏ। ਸਭ ਧਾਰਮਿਕ ਸਥਾਨ ਮੰਦਿਰ, ਮਸਜਿਦ, ਗੁਰਦਵਾਰੇ ਅਤੇ ਗਿਰਜਾਘਰ ਬੰਦ ਪਏ ਹਨ। ਲੋਕ ਘਰਾਂ ਵਿਚ ਬੈਠ ਕੇ ਪ੍ਰਮਾਤਮਾ ਅੱਗੇ ਅਰਦਾਸਾਂ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਭੁੱਲਾਂ ਨੂੰ ਮੁਆਫ਼ ਕਰ ਕੇ ਮਨੁੱਖਤਾ ਨੂੰ ਸਿੱਧੇ ਰਾਹ ਪਾਇਆ ਜਾਏ ਅਤੇ ਕੋਰੋਨਾ ਦਾ ਕਹਿਰ ਖਤਮ ਕੀਤਾ ਜਾਏ। ਹੁਣ ਤਾਂ ਨਾਸਤਿਕ ਵੀ ਪ੍ਰਮਾਤਮਾ ਦੀ ਹਸਤੀ ਨੂੰ ਮੰਨਣ ਲੱਗ ਪਏ ਹਨ। ਅੱਜ ਮਨੁੱਖ ਕੋਰੋਨਾ ਤੋਂ ਬਚਣ ਲਈ ਸਭ ਥਾਵਾਂ ਤੇ ਸੈਨੇਟਾਈਜ਼ (ਕਿਟਾਨੂੰ ਨਾਸ਼ਕ ਛਿੜਕਾ) ਕਰ ਰਿਹਾ ਹੈ। ਕਾਸ਼ ਉਸ ਨੇ ਕਦੀ ਆਪਣੇ ਮਨ ਨੂੰ ਵੀ ਸੈਨੇਟਾਈਜ਼ ਕਰ ਲਿਆ ਹੁੰਦਾ। ਇਸ ਬੀਮਾਰੀ ਦੀ ਭਿਆਨਕਤਾ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਜ ਦੇ ਦਿਨ (27-4-2020) ਤੱਕ ਦੁਨੀਆਂ ਭਰ ਵਿਚ 2855761 ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 200000 ਲੋਕ ਮੌਤ ਦੀ ਭੇਂਟ ਚੜ੍ਹ ਚੁੱਕੇ ਰਨ। ਚੀਨ, ਅਮ੍ਰੀਕਾ, ਇਟਲੀ ਅਤੇ ਸਪੇਨ ਵਿਚ ਸਭ ਤੋਂ ਜ਼ਿਆਦਾ ਲੋਕ ਇਸ ਦਾ ਸ਼ਿਕਾਰ ਹੋਏ ਹਨ। ਇਸ ਸਮੇਂ ਭਾਰਤ ਵਿਚ 24992 ਲੋਕ ਕਰੋਨਾ ਦੀ ਬੀਮਾਰੀ ਨਾਲ ਗ੍ਰਸਤ ਹਨ ਅਤੇ 779 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਦੀ ਸਥਿਤੀ ਵੀ ਕੋਈ ਚੰਗੀ ਨਹੀਂ ਇੱਥੇ ਵੀ 309 ਲੋਕ ਇਸ ਭਿਆਨਕ ਬੀਮਾਰੀ ਨਾਲ ਗ੍ਰਸਤ ਹਨ ਅਤੇ 18 ਲੋਕ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਚੁੱਕੇ ਹਨ। ਦੁਨੀਆਂ ਦੇ ਸਾਰੇ ਦੇਸ਼ਾਂ ਦੀ ਆਰਥਿਕਤਾ ਕਰੋਨਾ ਕਾਰਨ ਤਬਾਹ ਹੋ ਕੇ ਰਹਿ ਗਈ ਹੈ। ਬੇਸ਼ੱਕ ਦੁਨੀਆਂ ਭਰ ਦੇ ਸਾਰੇ ਡਾਕਟਰ, ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਜੀਅ ਜਾਨ ਨਾਲ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾ ਕੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ ਪਰ ਉਨ੍ਹਾਂ ਦੀ ਵੀ ਮੌਤ ਅੱਗੇ ਕੋਈ ਪੇਸ਼ ਨਹੀਂ ਜਾ ਰਹੀ। ਉਹ ਹਰ ਪਲ ਆਪਣੇ ਮਰੀਜ਼ਾਂ ਨੂੰ ਇਸ ਭਿਆਨਕ ਬੀਮਾਰੀ ਨਾਲ ਤੜਫ ਤੜਫ ਕੇ ਮਰਦੇ ਹੋਏ ਦੇਖ ਰਹੇ ਹਨ।
ਹਰ ਕੰਮ ਦੇ ਦੋ ਪਹਿਲੂ ਹੁੰਦੇ ਹਨ ਇਕ ਚੰਗਾ ਅਤੇ ਦੂਜਾ ਮਾੜਾ। ਕੋਰੋਨਾ ਦੇ ਖ਼ੋਫ਼ ਕਾਰਨ ਬੇਸ਼ੱਕ ਮਨੁੱਖਤਾ ਇਸ ਸਮੇਂ ਮੌਤ ਦੇ ਕੰਡੇ ਤੇ ਖੜ੍ਹੀ ਹੈ ਪਰ ਇਸ ਦੇ ਕਈ ਚੰਗੇ ਨਤੀਜ਼ੇ ਵੀ ਨਿਕਲਕੇ ਸਾਹਮਣੇ ਆਏ ਹਨ। ਮਨੁੱਖ ਨੂੰ ਕਈ ਸਬਕ ਵੀ ਮਿਲੇ ਹਨ। ਪਹਿਲੀ ਗੱਲ ਇਹ ਕਿ ਉਸ ਦੀਆਂ ਜ਼ਰੂਰਤਾਂ ਘਟ ਗਈਆਂ ਹਨ ਅਤੇ ਉਸ ਨੂੰ ਸਾਦਾ ਜੀਵਨ ਜਿਉਣ ਦੀ ਫਿਰ ਤੋਂ ਆਦਤ ਪੈ ਰਹੀ ਹੈ। ਉਸ ਦੀ ਜ਼ਿੰਦਗੀ ਨਵੇਂ ਸਿਰੇ ਤੋਂ ਤਰਾਸ਼ੀ ਜਾ ਰਹੀ ਹੈ।
ਇਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਮਨੁੱਖ ਕੁਦਰਤ ਨੂੰ ਕਦੀ ਨਹੀਂ ਜਿੱਤ ਸਕਦਾ। ਮਨੁੱਖ ਦਾ ਸਾਰਾ ਘੁਮੰਢ ਕਿ ਉਹ ਬਹੁਤ ਸਿਆਣਾ, ਸਰਵਸ੍ਰੇਸ਼ਟ, ਅਮੀਰ, ਬੁੱਧੀਮਾਨ ਅਤੇ ਤਾਕਤਵਰ ਹੈ, ਚੂਰ ਹੋ ਕੇ ਰਹਿ ਗਿਆ ਹੈ। ਕੋਰੋਨਾ ਨੇ ਮਨੁੱਖ ਨੂੰ ਸ਼ੀਸ਼ੇ ਵਿਚੋਂ ਉਸ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ ਅਤੇ ਉਸ ਦੀ ਔਕਾਤ ਸਾਹਮਣੇ ਲਿਆ ਰੱਖੀ ਹੈ। ਉਹ ਫਿਰ ਤੋਂ ਨਕਲੀ ਦਿਖਾਵੇ ਤੋਂ ਹਟ ਕੇ ਕੁਦਰਤ ਦੇ ਕਾਫ਼ੀ ਨੇੜੇ ਆ ਗਿਆ ਹੈ। ਉਸ ਦੀ ਸਾਰੀ ਸ਼ਾਨੋ ਸ਼ੌਕਤ ਮਿੱਟੀ ਵਿਚ ਮਿਲ ਗਈ ਹੈ। ਮੌਤ ਰਾਜੇ ਅਤੇ ਰੰਕ, ਸਭ ਨੂੰ ਬਰਾਬਰ ਕਰ ਦਿੰਦੀ ਹੈ। ਮੈਰਿਜ ਪੈਲਿਸਾਂ ਵਿਚ ਵੱਡੇ ਵੱਡੇ ਇਕੱਠ, ਸ਼ਾਹੀ ਸ਼ਾਦੀਆਂ ਅਤੇ ਪਾਰਟੀਆਂ ਸਭ ਖਤਮ ਹੋ ਗਈਆਂ ਹਨ। ਵਿਆਹ ਬਿਲਕੁਲ ਸਧਾਰਨ ਢੰਗ ਨਾਲ ਹੋਣੇ ਸ਼ੁਰੂ ਹੋ ਗਏ ਹਨ। ਹਵਾ ਅਤੇ ਨਦੀਆਂ ਸਾਫ ਹੋ ਗਈਆਂ ਹਨ। ਮਨੁੱਖ ਅਤੇ ਜਾਨਵਰ ਸੌਖਾ ਸਾਹ ਲੈਣ ਲੱਗ ਪਏ ਹਨ। ਸੜਕਾਂ ਤੇ ਟਰੈਫਿਕ ਨਹੀਂ ਹੈ ਇਸ ਲਈ ਐਕਸੀਡੈਂਟ ਘਟ ਗਏ ਹਨ। ਲੜਾਈ ਝਗੜੇ ਅਤੇ ਨਸ਼ੇ ਵੀ ਘਟੇ ਹਨ। ਮਨੁੱਖ ਦੀ ਮੌਤ ਦਰ ਵੀ ਘਟ ਗਈ ਹੈ। ਹਸਪਤਾਲਾਂ ਅਤੇ ਕਚੈਹਰੀਆਂ ਵਿਚ ਵੀ ਭੀੜਾਂ ਘਟ ਗਈਆਂ ਹਨ। ਜਿਹੜਾ ਮਨੁੱਖ ਆਪਣੇ ਆਪ ਨੂੰ ਸਰਬ-ਸ਼ਕਤੀਮਾਨ ਸਮਝਦਾ ਸੀ ਉਹ ਘਰ ਵਿਚ ਕੈਦ ਹੋ ਕੇ ਰਹਿ ਗਿਆ ਹੈ। ਉਹ ਪ੍ਰਮਾਤਮਾ ਦੇ ਅਤੇ ਕੁਦਰਤ ਦੇ ਨੇੜੇ ਆ ਗਿਆ ਹੈ। ਕੋਠੀਆਂ, ਕਾਰਾਂ, ਬੈਂਕ ਬੈਲੈਂਸ ਦੀ ਕੀਮਤ ਘਟੀ ਹੈ। ਜੋ ਮਨੁੱਖ ਬਚੇਗਾ ਉਹ ਹੀ ਇਨ੍ਹਾਂ ਦੀ ਵਰਤੋਂ ਕਰ ਸਕੇਗਾ। ਲੋਕਾਂ ਵਿਚ ਦੇਸ਼ ਭਗਤੀ ਅਤੇ ਮਨੁੱਖਤਾ ਦਾ ਜਜ਼ਬਾ ਪੈਦਾ ਹੋ ਗਿਆ ਹੈ। ਸਾਰੇ ਡਾਕਟਰ, ਨਰਸਾਂ, ਪੈਰਾਮੈਡੀਕਲ ਸਟਾਫ, ਪੁਲਿਸ ਅਤੇ ਸਮਾਜ ਸੇਵਕ ਦਿਨੇ ਰਾਤੀ ਬਹਾਦੁਰ ਸੈਨਿਕਾਂ ਦੀ ਤਰ੍ਹਾਂ ਆਪਣੀ ਡਿਉਟੀ ਤੇ ਡਟੇ ਹੋਏ ਹਨ। ਮਨੁੱਖ ਦਾ ਦਿਲ ਕੋਮਲ ਹੈ ਪਰ ਉਸ ਦੇ ਇਰਾਦੇ ਫ਼ੌਲਾਦ ਦੀ ਤਰ੍ਹਾਂ ਮਜ਼ਬੂਤ ਹਨ। ਉਸ ਦਾ ਦਿਲ ਕਿਸੇ ਦੁਖੀ ਇਨਸਾਨ ਨੂੰ ਦੇਖ ਵਿਚ ਦੇਖ ਕੇ ਝੁੱਟ ਪੰਘਰ ਜਾਂਦਾ ਹੈ। ਉਸ ਕੋਲ ਹਰ ਸਮੱਸਿਆ ਦਾ ਹੱਲ ਹੈ। ਸਮਾਜ ਸੇਵਕ ਆਪਣੇ ਘਰਾਂ ਵਿਚੋਂ ਬਾਹਰ ਨਿਕਲਕੇ ਆਪਣੇ ਪੱਲਿਉਂ ਧਨ ਖ਼ਰਚ ਕੇ, ਗ਼ਰੀਬਾਂ ਨੂੰ ਭੋਜਨ ਛਕਾਉਣ ਤੇ ਲੱਗੇ ਹੋਏ ਹਨ। ਇਸ ਸਬੰਧ ਵਿਚ ਸਿੱਖਾਂ ਅਤੇ ਗੁਰਦਵਾਰਿਆਂ ਦਾ ਵਿਸ਼ੇਸ਼ ਯੋਗਦਾਨ ਹੈ। ਸਾਰੀ ਦੁਨੀਆਂ ਦੀਆਂ ਸਰਕਾਰਾਂ ਇਹ ਮੰਨ ਗਈਆਂ ਹਨ ਕਿ ਸਿੱਖ ਔਖੀ ਘੜੀ ਵਿਚ ਆਪਣੀ ਜਾਨ ਮਾਲ ਦੀ ਪਰਵਾਹ ਨਾ ਕਰਦੇ ਹੋਏ ਫਰਿਸ਼ਤਿਆਂ ਦੀ ਤਰ੍ਹਾਂ ਮਨੁੱਖੀ ਸੇਵਾ ਲਈ ਅੱਗੇ ਆਉਂਦੇ ਹਨ। ਉਨ੍ਹਾਂ ਦੀ ਸੇਵਾ ਲਈ ਇਕ ਸਿਜਦਾ ਤਾਂ ਬਣਦਾ ਹੀ ਹੈ।
ਸਾਨੂੰ ਇਸ ਸੰਕਟ ਦੀ ਘੜ੍ਹੀ ਵਿਚ ਵੀ ਹੌਸਲੇ ਵਿਚ ਰਹਿਣਾ ਚਾਹੀਦਾ ਹੈ ਅਤੇ ਉਮੀਦ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਦੁਨੀਆਂ ਉਮੀਦ ਤੇ ਹੀ ਕਾਇਮ ਹੈ। ਜਿਸ ਬੰਦੇ ਦੀ ਉਮੀਦ ਹੀ ਮਰ ਗਈ, ਸਮਝੋ ਫਿਰ ਉਹ ਵੀ ਮਰ ਗਿਆ। ਜੇ ਕਿਸੇ ਮਰੀਜ਼ ਦੀ ਰਾਜੀ ਹੋਣ ਦੀ ਇੱਛਾ ਹੀ ਖਤਮ ਹੋ ਜਾਏ ਤਾਂ ਉਸ ਨੂੰ ਪੋਸ਼ਟਿਕ ਖ਼ੁਰਾਕ, ਚੰਗੇ ਤੋਂ ਚੰਗੇ ਡਾਕਟਰ ਅਤੇ ਮਹਿੰਗੀਆਂ ਤੋਂ ਮਹਿੰਗੀਆਂ ਦੁਵਾਈਆਂ ਵੀ ਠੀਕ ਨਹੀਂ ਕਰ ਸਕਦੀਆਂ। ਆਪਣੇ ਆਤਮ ਬਲ ਤੇ ਭਰੋਸਾ ਰੱਖੋ। ਆਪਣੇ ਨਿਸ਼ਾਨੇ ਨੂੰ ਆਪਣੀ ਸਮਰੱਥਾ ਅਨੁਸਾਰ ਵੱਡੇ ਤੋਂ ਵੱਡਾ ਰੱਖੋ। ਆਪਣੀ ਉਮੀਦ ਨੂੰ ਹਮੇਸ਼ਾਂ ਜਿੰਦਾ ਰੱਖੋ।
ਪੱਥਰ ਹਮੇਸ਼ਾਂ ਆਖਰੀ ਚੋਟ ਨਾਲ ਹੀ ਟੁੱਟਦਾ ਹੈ ਪਰ ਉਸ ’ਤੋਂ ਪਹਿਲਾਂ ਮਾਰੀਆਂ ਗਈਆਂ ਚੋਟਾਂ ਵੀ ਐਵੇਂ ਨਹੀਂ ਜਾਂਦੀਆਂ। ਸੈਂਕੜੇ ਵਿਗਿਆਨੀ ਅਤੇ ਡਾਕਟਰ ਕੋਰੋਨਾ ਦੇ ਵਾਇਰਸ ਦੀ ਲਾਗ ਦਾ ਤੋੜ ਲੱਭਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਸਾਨੂੰ ਉਨ੍ਹਾਂ ਦੀ ਕਾਮਯਾਬੀ ’ਤੇ ਕੋਈ ਸ਼ੱਕ ਨਹੀਂ। ਦੁੱਖਾਂ ਦੀ ਕਾਲੀ ਰਾਤ ਤੋਂ ਬਾਅਦ ਇਕ ਦਿਨ ਸੁੱਖਾਂ ਦਾ ਸੁਨਹਿਰਾ ਸਵੇਰਾ ਜ਼ਰੂਰ ਚੜ੍ਹੇਗਾ। ਮਨੁੱਖ ਇਸ ਕੋਰੋਨਾ ਦੀ ਬੀਮਾਰੀ ’ਤੇ ਇਕ ਦਿਨ ਜ਼ਰੂਰ ਕਾਬੂ ਪਾ ਲਵੇਗਾ। ਉਹ ਇਸ ਵਾਇਰਸ ਨੂੰ ਖਤਮ ਕਰਨ ਦੀ ਦਵਾਈ ਜ਼ਰੂਰ ਤਿਆਰ ਕਰ ਲਵੇਗਾ। ਫਿਰ ਕੋਰੋਨਾ ਦਾ ਖ਼ੌਫ਼ ਵੀ ਖਤਮ ਹੋ ਜਾਵੇਗਾ ਪਰ ਇਸ ਬੀਮਾਰੀ ਦੇ ਖਤਮ ਹੋਣ ਤੱਕ ਬਹੁਤ ਕੁਝ ਬਦਲ ਚੁੱਕਾ ਹੋਵੇਗਾ ਮਨੁੱਖ ਨੂੰ ਭਿਆਨਕ ਆਰਥਿਕ ਸੰਕਟ, ਭੁੱਖਮਰੀ ਅਤੇ ਬੀਮਾਰੀ ਦਾ ਸਾਹਮਣਾ ਕਰਨਾ ਪਵੇਗਾ। ਉਸ ਨੂੰ ਬਦਲੇ ਹੋਏ ਹਾਲਾਤ ਅਨੁਸਾਰ ਆਪਣੀ ਸਮਾਜਿਕ ਅਤੇ ਨਿੱਜੀ ਜ਼ਿੰਦਗੀ ਬਸਰ ਕਰਨੀ ਪਵੇਗੀ।
ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਤੇ ਆਪਣਾ ਰੂਪ ਦੇ ਕੇ ਭੇਜਿਆ ਹੈ। ਉਹ ਕਦੀ ਨਹੀਂ ਚਾਹੁੰਦਾ ਕਿ ਇਸ ਧਰਤੀ ਤੋਂ ਮਨੁਖ ਦੀ ਹਸਤੀ ਸਦਾ ਲਈ ਖਤਮ ਹੋ ਜਾਏ। ਉਹ ਇਹ ਚਾਹੁੰਦਾ ਹੈ ਕਿ ਮਨੁੱਖ ’ਚੋਂ ਮਨੁੱਖਤਾ ਕਦੀ ਖਤਮ ਨਾ ਹੋਵੇ। ਇੱਥੇ ਮਨੁੱਖ, ਜੀਵ ਜੰਤੂ ਅਤੇ ਪੇੜ ਪੋਧਿਆਂ ਦਾ ਜਿਉਣ ਦਾ ਇਕੋ ਜਿਹਾ ਅਧਿਕਾਰ ਹੈ। ਇਸ ਗੱਲ ਨੂੰ ਮਨੁੱਖ ਭਲੀ ਭਾਂਤੀ ਸਮਝ ਲਏ। ਉਹ ਜੀਓ ਅਤੇ ਜਿਉਣ ਦਿਓ ਦੇ ਸਿਧਾਂਤ ’ਤੇ ਚੱਲੇ। ਉਹ ਕੁਦਰਤ ਨਾਲ ਖਿਲਵਾੜ ਨਾ ਕਰੇ। ਉਹ ਪ੍ਰਮਾਤਮਾ ਦੇ ਭੈਅ ਅਤੇ ਭਓ ਵਿਚ ਚੱਲੇ। ਪ੍ਰਮਾਤਮਾ ਨੇ ਮਨੁੱਖ ਨੂੰ ਹਾਰਨ ਲਈ ਨਹੀਂ ਬਣਾਇਆ। ਉਹ ਬਾਰ ਬਾਰ ਮਨੁੱਖ ਦਾ ਇਮਤਿਹਾਨ ਲੈਂਦਾ ਹੈ ਅਤੇ ਨਾਲ ਹੀ ਕਹਿੰਦਾ ਹੈ “ਹੌਸਲਾ ਰੱਖ, ਮੈਂ ਤੈਨੂੰ ਹਾਰਨ ਨਹੀਂ ਦਿੰਦਾ।