ਨਵੀਂ ਦਿੱਲੀ, 26 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 107ਵੇਂ ਐਡੀਸ਼ਨ ਨੂੰ ਸੰਬੋਧਨ ਕਰ ਰਹੇ ਹਨ। ਇਸ ਪ੍ਰੋਗਰਾਮ ਰਾਹੀਂ ਪੀਐਮ ਮੋਦੀ ਦੇਸ਼-ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਪੀਐਮ ਮੋਦੀ ਨੇ ਮੁੰਬਈ ਹਮਲੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ, ਮੇਰੇ ਪਿਆਰੇ ਦੇਸ਼ ਵਾਸੀਓ, 'ਮਨ ਕੀ ਬਾਤ' ਵਿੱਚ ਤੁਹਾਡਾ ਸੁਆਗਤ ਹੈ, ਪਰ ਅੱਜ 26 ਨਵੰਬਰ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਦੇਸ਼ ਵਿੱਚ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਹੋਇਆ। ਅੱਤਵਾਦੀਆਂ ਨੇ ਮੁੰਬਈ ਅਤੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਕਿਹਾ, "ਇਹ ਭਾਰਤ ਦੀ ਤਾਕਤ ਹੈ ਕਿ ਅਸੀਂ ਉਸ ਹਮਲੇ ਤੋਂ ਉਭਰ ਆਏ ਹਾਂ ਅਤੇ ਹੁਣ ਪੂਰੀ ਹਿੰਮਤ ਨਾਲ ਅੱਤਵਾਦ ਨੂੰ ਕੁਚਲ ਰਹੇ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਮੁੰਬਈ ਹਮਲੇ ਵਿੱਚ ਆਪਣੀਆਂ ਜਾਨਾਂ ਗਵਾਈਆਂ। ਸਾਡੇ ਬਹਾਦਰਾਂ ਨੇ ਇਸ ਹਮਲੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਦੇਸ਼ ਅੱਜ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਅੱਜ ਦੇਸ਼ ਭਰ ਵਿੱਚ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਾ ਜ਼ਿਕਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, "26 ਨਵੰਬਰ ਇੱਕ ਕਾਰਨ ਕਰਕੇ ਖਾਸ ਦਿਨ ਹੈ। ਇਸ ਦਿਨ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਸੀ। 2015 ਵਿੱਚ, ਜਦੋਂ ਸੰਵਿਧਾਨ ਨਿਰਮਾਤਾ ਬੀ ਆਰ ਅੰਬੇਡਕਰ ਦੀ 125ਵੀਂ ਜਯੰਤੀ ਮਨਾਈ ਜਾ ਰਹੀ ਸੀ। ਅਸੀਂ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਵਧਾਈਆਂ ਦਿੰਦਾ ਹਾਂ।" ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਝ ਵੱਡੇ ਪਰਿਵਾਰਾਂ ਵਲੋਂ ਵਿਦੇਸ਼ਾਂ 'ਚ ਵਿਆਹ ਕਰਵਾਉਣ ਦੇ ਰੁਝਾਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੀ ਧਰਤੀ 'ਤੇ ਅਜਿਹੇ ਪ੍ਰੋਗਰਾਮ ਕਰਨ ਤਾਂ ਜੋ ਦੇਸ਼ ਦਾ ਪੈਸਾ ਇਸ ਤੋਂ ਬਾਹਰ ਨਾ ਜਾਵੇ। ਉਨ੍ਹਾਂ ਨੇ ਦਸਿਆ ਕਿ ਕਿਵੇਂ ਤਿਉਹਾਰਾਂ ਦੇ ਸੀਜ਼ਨ ਦੌਰਾਨ 4 ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਇਆ ਅਤੇ 'ਵੋਕਲ ਫਾਰ ਲੋਕਲ' ਨੂੰ ਹੁਲਾਰਾ ਮਿਲਿਆ। ਇਸ ਦੌਰਾਨ ’ਚ ਮੋਦੀ ਨੇ ਮੁੰਬਈ ਹਮਲੇ 'ਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿਤੀ ਅਤੇ ਕਿਹਾ ਕਿ ਇਸ ਘਿਨਾਉਣੇ ਹਮਲੇ ਤੋਂ ਉਭਰਨ ਤੋਂ ਬਾਅਦ ਭਾਰਤ ਅੱਜ ਪੂਰੀ ਹਿੰਮਤ ਨਾਲ ਅਤਿਵਾਦ ਨੂੰ ਕੁਚਲ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ 26 ਨਵੰਬਰ ਨੂੰ ਕਦੇ ਨਹੀਂ ਭੁੱਲ ਸਕਦੇ। ਇਸ ਦਿਨ ਦੇਸ਼ 'ਤੇ ਸਭ ਤੋਂ ਘਿਨਾਉਣਾ ਅਤਿਵਾਦੀ ਹਮਲਾ ਹੋਇਆ ਸੀ। ਅਤਿਵਾਦੀਆਂ ਨੇ ਮੁੰਬਈ, ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ। ਪਰ ਇਹ ਭਾਰਤ ਦੀ ਤਾਕਤ ਹੈ ਕਿ ਅਸੀਂ ਉਸ ਹਮਲੇ ਤੋਂ ਉਭਰ ਗਏ ਹਾਂ ਅਤੇ ਪੂਰੀ ਹਿੰਮਤ ਨਾਲ ਅਤਿਵਾਦ ਨੂੰ ਕੁਚਲ ਵੀ ਰਹੇ ਹਾਂ।’’ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਵੋਕਲ ਫਾਰ ਲੋਕਲ’ ਮੁਹਿੰਮ ਨੂੰ ਸਿਰਫ ਤਿਉਹਾਰਾਂ ਤਕ ਸੀਮਤ ਨਾ ਰੱਖਣ ਅਤੇ ਉਨ੍ਹਾਂ ਨੂੰ ਵਿਆਹਾਂ ਦੇ ਸੀਜ਼ਨ ਦੌਰਾਨ ਵੀ ਸਥਾਨਕ ਉਤਪਾਦਾਂ ਨੂੰ ਮਹੱਤਵ ਦੇਣ ਦੀ ਅਪੀਲ ਕੀਤੀ। ‘ਮਨ ਕੀ ਬਾਤ’ ਦੇ ਪਿਛਲੇ ਐਪੀਸੋਡ 'ਚ ਲੋਕਾਂ ਨੂੰ ਸਥਾਨਕ ਉਤਪਾਦ ਖਰੀਦਣ 'ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ‘‘ਪਿਛਲੇ ਕੁੱਝ ਦਿਨਾਂ 'ਚ ਦੀਵਾਲੀ, ਭਾਈ ਦੂਜ ਅਤੇ ਛੱਠ 'ਤੇ ਦੇਸ਼ 'ਚ ਚਾਰ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਇਆ ਹੈ ਅਤੇ ਇਸ ਦੌਰਾਨ ਲੋਕਾਂ 'ਚ ਭਾਰਤ 'ਚ ਬਣੇ ਉਤਪਾਦਾਂ ਨੂੰ ਖਰੀਦਣ ਲਈ ਭਾਰੀ ਉਤਸ਼ਾਹ ਸੀ।’’ ਉਨ੍ਹਾਂ ਕਿਹਾ ਕਿ ਹੁਣ ਤਾਂ ਘਰ ਦੇ ਬੱਚਿਆਂ ਨੇ ਵੀ ਦੁਕਾਨ 'ਤੇ ਕੁਝ ਖਰੀਦਦੇ ਸਮੇਂ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਸ 'ਤੇ ‘ਮੇਡ ਇਨ ਇੰਡੀਆ’ ਲਿਖਿਆ ਹੈ ਜਾਂ ਨਹੀਂ। ਉਨ੍ਹਾਂ ਕਿਹਾ, ‘‘ਇੰਨਾ ਹੀ ਨਹੀਂ, ਆਨਲਾਈਨ ਸਾਮਾਨ ਖਰੀਦਦੇ ਸਮੇਂ ਵੀ ਲੋਕ ਹੁਣ ਇਹ ਵੇਖਣਾ ਨਹੀਂ ਭੁਲਦੇ ਕਿ ਉਤਪਾਦ ਕਿਸ ਦੇਸ਼ 'ਚ ਬਣਦਾ ਹੈ।’’ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਵੱਛ ਭਾਰਤ ਅਭਿਆਨ ਦੀ ਸਫਲਤਾ ਇਸ ਦੀ ਪ੍ਰੇਰਣਾ ਬਣ ਰਹੀ ਹੈ, ਉਸੇ ਤਰ੍ਹਾਂ ‘ਵੋਕਲ ਫਾਰ ਲੋਕਲ’ ਦੀ ਸਫਲਤਾ ਵਿਕਸਤ ਭਾਰਤ ਅਤੇ ਖੁਸ਼ਹਾਲ ਭਾਰਤ ਦੇ ਦਰਵਾਜ਼ੇ ਖੋਲ੍ਹ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਵੋਕਲ ਫਾਰ ਲੋਕਲ’ ਮੁਹਿੰਮ ਪੂਰੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ, ‘‘ਇਹ ਰੁਜ਼ਗਾਰ ਦੀ ਗਰੰਟੀ ਹੈ। ਇਹ ਵਿਕਾਸ ਦੀ ਗਰੰਟੀ ਹੈ, ਇਹ ਦੇਸ਼ ਦੇ ਸੰਤੁਲਿਤ ਵਿਕਾਸ ਦੀ ਗਰੰਟੀ ਹੈ। ਇਹ ਸ਼ਹਿਰੀ ਅਤੇ ਪੇਂਡੂ ਦੋਹਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ। ਇਸ ਨਾਲ ਸਥਾਨਕ ਉਤਪਾਦਾਂ ’ਚ ਗੁਣਾਤਮਕ ਵਾਧਾ ਹੁੰਦਾ ਹੈ ਅਤੇ ਕਈ ਵਾਰ ਜਦੋਂ ਗਲੋਬਲ ਆਰਥਿਕਤਾ ’ਚ ਉਤਰਾਅ-ਚੜ੍ਹਾਅ ਹੁੰਦਾ ਹੈ, ਤਾਂ ‘ਵੋਕਲ ਫਾਰ ਲੋਕਲ’ ਦਾ ਮੰਤਰ ਸਾਡੀ ਆਰਥਿਕਤਾ ਨੂੰ ਵੀ ਸੁਰੱਖਿਅਤ ਰਖਦਾ ਹੈ।’’ ਕੁਝ ਵਪਾਰਕ ਸੰਗਠਨਾਂ ਦੇ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਵਿਆਹਾਂ ਦੇ ਸੀਜ਼ਨ ਦੌਰਾਨ ਲਗਭਗ 5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੇਸ਼ ਵਾਸੀਆ ਨੂੰ ਕਿਹਾ, ‘‘ਭਾਰਤੀ ਉਤਪਾਦਾਂ ਨੂੰ ਖਰੀਦਣ ਦੀ ਭਾਵਨਾ ਸਿਰਫ ਤਿਉਹਾਰਾਂ ਤਕ ਸੀਮਤ ਨਹੀਂ ਹੋਣੀ ਚਾਹੀਦੀ। ਵਿਆਹ ਦਾ ਸੀਜ਼ਨ ਹੁਣੇ ਸ਼ੁਰੂ ਹੋਇਆ ਹੈ... ਵਿਆਹਾਂ ਨਾਲ ਜੁੜੀ ਖਰੀਦਦਾਰੀ ’ਚ ਵੀ ਤੁਹਾਨੂੰ ਭਾਰਤ 'ਚ ਬਣੇ ਸਾਰੇ ਉਤਪਾਦਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ।’’