ਬਨਿਹਾਲ, 01 ਅਕਤੂਬਰ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਇਕ ਅਤਿਵਾਦੀ (ਨਾਰਕੋ-ਟੈਰਰ) ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਕ ਗੱਡੀ ’ਚੋਂ 30 ਕਿਲੋ ਕੋਕੀਨ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਕੋਕੀਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 300 ਕਰੋੜ ਰੁਪਏ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਮੁਤਾਬਕ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ਦੇ ਨਾਲ ਲਗਦੇ ਬਨਿਹਾਲ ਇਲਾਕੇ ਤੋਂ ਕੋਕੀਨ ਦੀ ਬਰਾਮਦਗੀ ਤੋਂ ਬਾਅਦ ਪੰਜਾਬ ਦੇ ਦੋ ਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੰਮੂ ਖੇਤਰ ਦੇ ਐਡੀਸ਼ਨਲ ਡੀ.ਜੀ.ਪੀ. ਮੁਕੇਸ਼ ਸਿੰਘ ਨੇ ਦਸਿਆ, ‘‘ਸ਼ਨਿਚਰਵਾਰ ਰਾਤ ਕਰੀਬ 10:30 ਵਜੇ ਸੀਨੀਅਰ ਪੁਲਿਸ ਸੁਪਰਡੈਂਟ ਮੋਹਿਤਾ ਸ਼ਰਮਾ ਦੀ ਅਗਵਾਈ ’ਚ ਰਾਮਬਨ ਪੁਲਿਸ ਨੇ ਬਨਿਹਾਲ ਰੇਲਵੇ ਚੌਕ ਨੇੜੇ ਕਸ਼ਮੀਰ ਤੋਂ ਜੰਮੂ ਆ ਰਹੀ ਇਕ ਗੱਡੀ ਨੂੰ ਰੋਕਿਆ, ਜਿਸ ’ਚੋਂ 30 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਹੈ।’’
ਉਨ੍ਹਾਂ ਦਸਿਆ ਕਿ ਫੜੇ ਗਏ ਨਸ਼ੀਲੇ ਪਦਾਰਥਾਂ ਦੀ ਕੌਮਾਂਤਰੀ ਬਜ਼ਾਰ ’ਚ ਕੀਮਤ 300 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਕੋਕੀਨ ਦੀ ਸਫਲਤਾਪੂਰਵਕ ਬਰਾਮਦਗੀ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਇਕ ਵੱਡੇ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਥਾਣਾ ਬਨਿਹਾਲ ਵਿਖੇ ਨਸ਼ੀਲੀਆਂ ਦਵਾਈਆਂ ਅਤੇ ਮਨਪ੍ਰਭਾਵੀ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਬਨਿਹਾਲ ਥਾਣਾ ਇੰਚਾਰਜ ਮੁਹੰਮਦ ਅਫਜ਼ਲ ਵਾਨੀ ਨੇ ਦਸਿਆ ਕਿ ਫੜੇ ਗਏ ਤਸਕਰਾਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਜਲੰਧਰ ਅਤੇ ਫਗਵਾੜਾ ਦੇ ਹਨੀ ਬਸਰਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਗੱਡੀ ਦੀ ਛੱਤ ’ਤੇ ਤਿੰਨ ਕਿਲੋਗ੍ਰਾਮ ਕੋਕੀਨ ਛੁਪਾ ਕੇ ਰੱਖੀ ਗਈ ਸੀ, ਜਦੋਂ ਕਿ ਉਨ੍ਹਾਂ ਦੇ ਸਾਮਾਨ ’ਚੋਂ 27 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਵਾਨੀ ਨੇ ਦਸਿਆ ਕਿ ਜਦੋਂ ਤਸਕਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੱਛਾ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਅਧਿਕਾਰੀ ਨੇ ਦਸਿਆ ਕਿ ਕੋਕੀਨ ਦੀ ਸਰਹੱਦ ਪਾਰ ਤੋਂ ਤਸਕਰੀ ਕਰ ਕੇ ਉੱਤਰੀ ਕਸ਼ਮੀਰ ਤੋਂ ਪੰਜਾਬ ’ਚ ਲਿਆਂਦੀ ਜਾ ਰਹੀ ਸੀ।