ਸਿਰਸਾ, 24 ਨਵੰਬਰ : ਸਿਰਸਾ ਦੇ ਚੌਪਾਟਾ ਜਮਾਲ ਰੋਡ 'ਤੇ ਰਾਏਪੁਰ-ਰੂਪਵਾਸ ਨੇੜੇ ਹੁੱਕ ਨਿਕਲਣ ਕਾਰਨ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਗੋਗਾਮੇੜੀ ਜਾ ਰਹੇ ਪੰਜਾਬ ਦੇ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਟਿਆਲਾ ਜ਼ਿਲ੍ਹੇ ਦੇ ਪਾਤੜਾ ਨਿਵਾਸੀ ਕਰਨੈਲ ਸਿੰਘ (60), ਦੇਗਨਾ ਨਿਵਾਸੀ ਗੁਰਿੰਦਰ ਸਿੰਘ (8), ਗੁਰਦੀਪ ਸਿੰਘ (17) ਤੇ ਪਾਤੜਾਂ ਨਿਵਾਸੀ ਆਕਾਸ਼ਦੀਪ (18) ਸ਼ਾਮਲ ਹਨ, 3 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਟਰਾਲੀ ਵਿੱਚ ਕਰੀਬ 40 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਕੈਥਲ ਅਤੇ ਕੁਰੂਕਸ਼ੇਤਰ ਦੇ ਲੋਕ ਵੀ ਸ਼ਾਮਲ ਸਨ। ਪਟਿਆਲਾ ਜ਼ਿਲ੍ਹੇ ਦੀ ਪਾਤੜਾ ਤਹਿਸੀਲ ਤੋਂ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਸ਼ਰਧਾਲੂ ਟਰੈਕਟਰ ਟਰਾਲੀ ਅਤੇ ਕੈਂਟਰ 'ਤੇ ਸਵਾਰ ਹੋ ਕੇ ਰਾਜਸਥਾਨ ਦੇ ਗੋਗਾਮੇੜੀ ਢੋਕ ਨੂੰ ਜਾਂਦੇ ਹਨ। ਰਾਏਪੁਰ- ਰੂਪਾਵਾਸ ਨੇੜੇ ਟਰੈਕਟਰ ਦੇ ਪਿੱਛੇ ਲੱਗੀ ਟਰਾਲੀ ਦੀ ਹੁੱਕ ਨਿਕਲ ਗਈ, ਜਿਸ ਕਾਰਨ ਟਰਾਲੀ ਪਲਟ ਗਈ। ਟਰਾਲੀ ਵਿੱਚ ਸਵਾਰ ਬੱਚੇ, ਬਜ਼ੁਰਗ ਅਤੇ ਔਰਤਾਂ ਹੇਠਾਂ ਦੱਬ ਗਏ। ਟਰਾਲੀ ਹੇਠਾਂ ਕੁਚਲੇ ਜਾਣ ਕਾਰਨ ਚਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਈ ਔਰਤਾਂ ਦੇ ਮੱਥੇ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਟਰਾਲੀ ਹੇਠੋਂ ਲੋਕਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਜ਼ਖਮੀਆਂ ਨੂੰ ਐਂਬੂਲੈਂਸ ਅਤੇ ਡਾਇਲ 112 ਰਾਹੀਂ ਚੌਪਾਟਾ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਫਸਟ ਏਡ ਤੋਂ ਬਾਅਦ ਜ਼ਖਮੀਆਂ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ। ਸਿਰਸਾ ਦੇ ਸਿਵਲ ਹਸਪਤਾਲ ਤੋਂ ਕਈ ਐਂਬੂਲੈਂਸਾਂ ਚੌਪਾਟਾ ਲਈ ਭੇਜੀਆਂ ਗਈਆਂ। ਦਸਿਆ ਜਾ ਰਿਹਾ ਹੈ ਕਿ ਕਈ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਰਖਵਾਇਆ ਗਿਆ ਹੈ। ਲਾਸ਼ਾਂ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।