- ਪੀਐੱਮ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ
ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ 'ਗਵਰਨਰ ਆਫ ਦਿ ਈਅਰ' ਐਵਾਰਡ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਅਜਿਹਾ ਸਨਮਾਨ ਮਿਲਣਾ ਦੇਸ਼ ਲਈ ਬੜੇ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 'ਗਵਰਨਰ ਆਫ ਦਿ ਈਅਰ' ਐਵਾਰਡ 2023 ਦਾ ਐਲਾਨ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੂੰ ਕੋਰੋਨਾ ਅਤੇ ਫਿਰ ਰੂਸ-ਯੂਕਰੇਨ ਯੁੱਧ ਦੇ ਦੋ ਸਾਲਾਂ ਦੌਰਾਨ ਅਰਥਵਿਵਸਥਾ ਨੂੰ ਬਿਹਤਰ ਤਰੀਕੇ ਨਾਲ ਸੰਭਾਲਣ ਲਈ ਸਨਮਾਨਿਤ ਕੀਤਾ ਗਿਆ ਹੈ। ਸ਼ਕਤੀਕਾਂਤ ਦਾਸ ਦਾ ਜਨਮ 26 ਫਰਵਰੀ 1957 ਨੂੰ ਹੋਇਆ ਸੀ। ਉਹ 1980 ਬੈਂਚ ਦੇ ਤਾਮਿਲਨਾਡੂ ਕੇਡਰ ਦੇ ਆਈਏਐਸ ਅਧਿਕਾਰੀ ਹਨ। ਉਨ੍ਹਾਂ ਨੇ ਦਸੰਬਰ 2018 ਵਿੱਚ ਆਰਬੀਆਈ ਦੇ 25ਵੇਂ ਗਵਰਨਰ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ, ਉਹ ਪੰਦਰਵੇਂ ਵਿੱਤ ਕਮਿਸ਼ਨ ਦੇ ਮੈਂਬਰ ਅਤੇ ਜੀ-20 ਵਿੱਚ ਭਾਰਤ ਦੀ ਤਰਫੋਂ ਸ਼ੇਰਪਾ ਸਨ। ਇੱਕ ਆਈਏਐਸ ਅਧਿਕਾਰੀ ਵਜੋਂ ਆਪਣੇ ਕਰੀਅਰ ਦੌਰਾਨ, ਦਾਸ ਨੇ ਆਰਥਿਕ ਮਾਮਲਿਆਂ ਦੇ ਸਕੱਤਰ, ਮਾਲ ਸਕੱਤਰ, ਖਾਦ ਸਕੱਤਰ ਆਦਿ ਸਮੇਤ ਕਈ ਅਹੁਦਿਆਂ 'ਤੇ ਕੰਮ ਕੀਤਾ ਹੈ। ਦਾਸ ਨੇ ਭਾਰਤ ਸਰਕਾਰ ਅਤੇ ਤਾਮਿਲਨਾਡੂ ਸਰਕਾਰ ਦੋਵਾਂ ਲਈ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ। ਦੇਸ਼ ਵਿੱਚ ਜਨਤਕ ਖੇਤਰ ਦੇ ਬੈਂਕਾਂ ਵਿੱਚ ਐਨਪੀਐਮ ਨੂੰ ਘਟਾਉਣ ਵਿੱਚ ਦਾਸ ਦੀ ਭੂਮਿਕਾ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਬੈਂਕਿੰਗ ਖੇਤਰ ਨੂੰ ਲੈ ਕੇ ਕਈ ਮਹੱਤਵਪੂਰਨ ਬਦਲਾਅ ਕੀਤੇ ਹਨ।
ਪੀਐੱਮ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ
ਇਸ ਮੌਕੇ 'ਤੇ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਵਧਾਈ ਦਿੰਦੇ ਹੋਏ, ਪੀਐਮ ਮੋਦੀ ਨੇ ਟਵੀਟ ਕੀਤਾ ਕਿ ਇਹ ਸਾਡੇ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਸ਼ਕਤੀਕਾਂਤ ਦਾਸ ਨੂੰ ਸੈਂਟਰਲ ਬੈਂਕਿੰਗ ਅਵਾਰਡ 2023 ਵਿੱਚ 'ਗਵਰਨਰ ਆਫ ਦਿ ਈਅਰ' ਪੁਰਸਕਾਰ ਦਿੱਤਾ ਗਿਆ ਹੈ। ਇਸ ਲਈ ਉਸ ਨੂੰ ਬਹੁਤ-ਬਹੁਤ ਵਧਾਈਆਂ।