ਰਾਏਪੁਰ, 29 ਅਕਤੂਬਰ : ਛੱਤੀਸਗੜ੍ਹ ਦੌਰੇ 'ਤੇ ਆਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਦੂਜੇ ਦਿਨ ਵੀ ਚੋਣ ਰੈਲੀ 'ਚ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਇਸ ਦੌਰਾਨ ਰਾਜਨੰਦਗਾਓਂ ਅਤੇ ਕਵਰਧਾ ਵਿੱਚ ਚੋਣ ਰੈਲੀਆਂ ਤੋਂ ਪਹਿਲਾਂ ਰਾਹੁਲ ਅੱਜ ਨਵਾਂ ਰਾਏਪੁਰ ਦੇ ਕੋਲ ਕਾਟੀਆ ਪਿੰਡ ਵਿੱਚ ਖੇਤਾਂ ਵਿੱਚ ਪਹੁੰਚੇ। ਰਾਹੁਲ ਨੇ ਖੇਤਾਂ 'ਚ ਜਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਨੇ ਮਜ਼ਦੂਰਾਂ ਨਾਲ ਰਲ ਕੇ ਝੋਨਾ ਵਢਣਾ ਸ਼ੁਰੂ ਕਰ ਦਿੱਤਾ। ਰਾਹੁਲ ਗਾਂਧੀ ਜਿਵੇਂ ਹੀ ਖੇਤਾਂ 'ਚ ਗਏ ਤਾਂ ਉਨ੍ਹਾਂ ਨੇ ਆਪਣਾ ਪਰਨਾ ਸਿਰ 'ਤੇ ਬੰਨ੍ਹ ਕੇ ਝੋਨੇ ਦੀ ਕਟਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਸਾਨਾਂ ਨਾਲ ਝੋਨੇ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ। ਰਾਸ਼ਟਰੀ ਨੇਤਾ ਦੇ ਨਾਲ-ਨਾਲ ਮੁੱਖ ਮੰਤਰੀ ਭੁਪੇਸ਼ ਬਘੇਲ, ਉਪ ਮੁੱਖ ਮੰਤਰੀ ਟੀ.ਐੱਸ. ਸਿੰਘਦੇਵ, ਵਿਧਾਨ ਸਭਾ ਸਪੀਕਰ ਚਰਨਦਾਸ ਮਹੰਤ, ਗ੍ਰਹਿ ਮੰਤਰੀ ਤਾਮਰਧਵਾਜ ਸਾਹੂ ਨੇ ਵੀ ਵਰਕਰਾਂ ਦੇ ਕੰਮ ਨੂੰ ਸਮਰਥਨ ਦਿੱਤਾ। ਰਾਹੁਲ ਗਾਂਧੀ ਸੂਬੇ 'ਚ ਵੱਖ-ਵੱਖ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ। ਗਾਰੰਟੀ ਵਜੋਂ ਇੱਥੋਂ ਕੁਝ ਨਵਾਂ ਐਲਾਨ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰਾਹੁਲ ਨੇ ਕਿਹਾ ਕਿ ਪੰਜ ਸਾਲ ਪਹਿਲਾਂ ਮੈਂ, ਸੀਐੱਮ ਭੁਪੇਸ਼ ਅਤੇ ਕਾਂਗਰਸ ਦੇ ਕਈ ਸੀਨੀਅਰ ਨੇਤਾਵਾਂ ਨੇ ਛੱਤੀਸਗੜ੍ਹ ਦੇ ਲੋਕਾਂ ਨਾਲ ਤਿੰਨ-ਚਾਰ ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਅਸੀਂ ਪੂਰਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਸਭ ਤੋਂ ਵੱਡਾ ਵਾਅਦਾ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਸੀ ਅਤੇ ਉਹ ਵੀ ਪੂਰਾ ਹੋ ਗਿਆ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਛੱਤੀਸਗੜ੍ਹ ਦੇ ਕਿਸਾਨਾਂ ਨੂੰ ਝੋਨੇ ਦਾ ਭਾਅ 2500 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਂਦਾ ਸੀ ਪਰ ਅੱਜ ਅਸੀਂ ਸੂਬੇ ਦੇ ਕਿਸਾਨਾਂ ਨੂੰ 2640 ਰੁਪਏ ਪ੍ਰਤੀ ਕੁਇੰਟਲ ਦੇ ਰਹੇ ਹਾਂ। ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਨੂੰ 3000 ਰੁਪਏ ਪ੍ਰਤੀ ਕੁਇੰਟਲ ਤੱਕ ਲੈ ਜਾਵਾਂਗੇ।