ਨਵੀਂ ਦਿੱਲੀ, 17 ਨਵੰਬਰ : ਆਰਟੀਫੀਸ਼ੀਅਲ ਇੰਟੈਲੀਂਜੈਂਸ (ਏਆਈ) ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਚੌਕਸ ਕੀਤਾ। ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿੱਚ ਪੱਤਰਕਾਰਾਂ ਨਾਲ ਇੱਕ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਇੱਕ ਉਦਾਹਰਣ ਦਿੰਦਿਆ ਕਿਹਾ ਕਿ ਉਨ੍ਹਾਂ ਦਾ ਇੱਕ ਗਰਬਾ ਵੀਡੀਓ ਪ੍ਰਸਾਰਿਤ ਹੋ ਰਿਹਾ ਹੈ, ਜਦਕਿ ਸੱਚਾਈ ਇਹ ਹੈ ਕਿ ਸਕੂਲ ਦੇ ਬਾਅਦ ਉਨ੍ਹਾਂ ਨੇ ਇਹ ਕੀਤਾ ਹੀ ਨਹੀਂ ਹੈ। ਪਰ ਏਆਈ ਨਾ ਤਿਆਰ ਕੀਤੀ ਵੀਡੀਓ ਨਾਲ ਇਹ ਸਭ ਸੱਚ ਵਾਂਗ ਦਿਖਦਾ ਹੈ। ਲੋਕ ਇਸਨੂੰ ਸ਼ੇਅਰ ਵੀ ਕਰ ਰਹੇ ਹਨ। ਇਸਦੇ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ। ਨਾਲ ਹੀ ਪੀਐੱਮ ਨੇ ਵਿਕਸਤ ਭਾਰਤ ਬਣਾਉਣ ’ਚ ਹਰ ਕਿਸੇ ਦੀ ਮਦਦ ਮੰਗੀ। ਏਆਈ ਤੇ ਡੀਪਫੇਕ ਦੇ ਖਤਰੇ ਦੇ ਪ੍ਰਤੀ ਚੌਕਸ ਕਰਦੇ ਹੋਏ ਪੀਐੱਮ ਨੇ ਕਿਹਾ ਕਿ ਇਹ ਬਹੁਤ ਵੱਡੇ ਖਤਰੇ ਵੱਲ ਲਿਜਾ ਸਕਦਾ ਹੈ ਤੇ ਸਮਾਜ ’ਚ ਬਦਅਮਨੀ ਫੈਲਾ ਸਕਦਾ ਹੈ। ਸਮੱਸਿਆ ਇਹ ਹੈ ਕਿ ਬਹੁਤ ਵੱਡੀ ਅਬਾਦੀ ਕੋਲ ਅਜਿਹੇ ਵੀਡੀਓ ਦੀ ਤਸਦੀਕ ਲਈ ਕੋਈ ਸਿਸਟਮ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਹੀ ਮੀਡੀਆ ਨੂੰ ਅਜਿਹੇ ਡੀਪਫੇਕ ਵੀਡੀਓ ਦੇ ਪ੍ਰਸਾਰਣ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਜ ਜਿਸ ਤਰ੍ਹਾਂ ਵਿਭਿੰਨਤਾ ਭਰਿਆ ਤੇ ਜਾਗਰੂਕ ਸਮਾਜ ਹੈ, ਉਸ ਨਾਲ ਡੀਪਫੇਕ ਵੀਡੀਓ ਕਾਰਨ ਕਿਤੇ ਵੀ ਬਦਅਮਨੀ ਫੈਲਾਈ ਜਾ ਸਕਦੀ ਹੈ ਤੇ ਸਰਕਾਰ ਵੱਲੋਂ ਕਾਰਵਾਈ ਕਰਨ ਤੱਕ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਭਾਰਤ ਵਿਚ ਨਵੇਂ ਉਭਰਦੇ ਹੋਣਹਾਰ ਵਰਗ ਤੇ ਉਸ ਦੀਆਂ ਸਮਰੱਥਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ 2047 ਤੱਕ ਵਿਕਸਤ ਭਾਰਤ ਦਾ ਨਿਰਮਾਣ ਪੂਰੀ ਤਰ੍ਹਾਂ ਸੰਭਵ ਹੈ। ਭਾਰਤ ਦੀ ਆਰਥਿਕ ਸਮਰੱਥਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿਰਫ਼ ਦੀਵਾਲੀ ਵਾਲੇ ਹਫ਼ਤੇ ਦੌਰਾਨ 4.3 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ, ਇਹ ਬਹੁਤ ਵੱਡਾ ਅੰਕੜਾ ਹੈ। ‘ਵੋਕਲ ਫਾਰ ਲੋਕਲ’ ਦੇ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਕਿਹਾ ਕਿ ਜੇ ਆਮ ਜਨਤਾ ਨੂੰ ਇਸ ਬਾਰੇ ਪੂਰੀ ਤਰ੍ਹਾਂ ਜਾਗਰੂਰਕ ਕੀਤਾ ਜਾਵੇ ਤਾਂ ਇਸ ਨਾਲ ਜੁੜੇ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਸੁਆਰਿਆ ਜਾ ਸਕਦਾ ਹੈ। ਮੱਧ ਪ੍ਰਦੇਸ਼ ’ਚ ਸ਼ਹਿਡੋਲ ਦੇ ਨਜ਼ਦੀਕ ਇਕ ਆਦਿਵਾਸੀ ਪਿੰਡ ਦੀਆਂ ਔਰਤਾਂ ਨਾਲ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਵਾਂ ਭਾਰਤ ਹੁਣ ਰੁਕਣ ਵਾਲਾ ਨਹੀਂ ਹੈ, ਸਿਰਫ਼ ਉਸ ਨੂੰ ਸਕਾਰਾਤਮਕ ਮਾਹੌਲ ਦੇਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਛੋਟੇ-ਛੋਟੇ ਸ਼ਹਿਰਾਂ ਦੀ ਆਰਥਿਕਤਾ ਨੂੰ ਬਦਲਣ ਲਈ ਸਥਾਨਕ ਪੱਧਰ ’ਤੇ ਵਿਚਾਰ ਵਟਾਂਦਰਾ ਸ਼ੁਰੂ ਕਰਨ ਦੀ ਲੋੜ ਦੱਸੀ ਤੇ ਉਸ ਵਿਚ ਮੀਡੀਆ ਨੂੰ ਸਹਿਯੋਗ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ 2020 ਤੋਂ ਬਾਅਦ ਪਹਿਲੀ ਵਾਰੀ ਕੋਰੋਨਾ ਦੀ ਕਾਲੀ ਛਾਂ ਤੋਂ ਮੁਕਤ ਹੋ ਕੇ ਤਿਉਹਾਰ ਮਨਾਉਣ ’ਤੇ ਤਸੱਲੀ ਪ੍ਰਗਟਾਈ।