ਗਾਂਧੀਨਗਰ, 18 ਅਗਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੇ ਭਲੇ ਲਈ ਤਕਨਾਲੋਜੀ ਨੂੰ ‘ਬਰਾਬਰ ਪਹੁੰਚ’ ਅਤੇ ਨਵੀਆਂ ਕਾਢਾਂ ਨੂੰ ਸਾਰਿਆਂ ਤਕ ਪਹੁੰਚਯੋਗ ਬਣਾਉਣ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ’ਚ ਵੀਡੀਉ ਲਿੰਕ ਰਾਹੀਂ ਜੀ-20 ਸਿਹਤ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਸਾਰਿਆਂ ਨੂੰ ਅਗਲੀ ਸਿਹਤ ਐਮਰਜੈਂਸੀ ਨੂੰ ਰੋਕਣ, ਉਸ ਲਈ ਤਿਆਰੀ ਕਰਨ ਅਤੇ ਜਵਾਬ ਦੇਣ ਲਈ ਤਿਆਰ ਰਹਿਣ ਦਾ ਸੱਦਾ ਦਿਤਾ। ਉਨ੍ਹਾਂ ਨੇ ਹਾਜ਼ਰੀਨ ਨੂੰ ਦਸਿਆ ਕਿ ਭਾਰਤ ਤਪਦਿਕ (ਟੀ.ਬੀ.) ਨੂੰ ਗਲੋਬਲ ਸਮਾਂ ਸੀਮਾ ਤੋਂ ਪਹਿਲਾਂ ਹੀ ਖ਼ਤਮ ਕਰ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਗਲੋਬਲ ਹੈਲਥ ’ਤੇ ਗਲੋਬਲ ਪਹਿਲਕਦਮੀ ਵੱਖ-ਵੱਖ ਡਿਜੀਟਲ ਸਿਹਤ ਪਹਿਲਕਦਮੀਆਂ ਨੂੰ ਇਕ ਸਾਂਝੇ ਪਲੇਟਫਾਰਮ ’ਤੇ ਲਿਆਵੇਗੀ। ਆਉ ਜਨਤਾ ਦੇ ਭਲੇ ਲਈ ਅਪਣੀਆਂ ਕਾਢਾਂ ਨੂੰ ਖੋਲ੍ਹੀਏ। ਆਊ ਫੰਡਿੰਗ ਦੇ ਦੁਹਰਾਅ ਤੋਂ ਬਚੀਏ।’’ ਸਿਹਤ ਸੇਵਾ ਨੂੰ ਸਾਰਿਆਂ ਲਈ ਪਹੁੰਚਯੋਗ ਬਣਾਉਣ ’ਚ ਡਿਜੀਟਲ ਹੱਲਾਂ ਅਤੇ ਨਵੀਆਂ ਕਾਢਾਂ ਦੀ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ, ਮੋਦੀ ਨੇ ਕਿਹਾ ਕਿ ਇਹ ਸਾਡੇ ਯਤਨਾਂ ਨੂੰ ਨਿਆਂਸੰਗਤ ਅਤੇ ਸਮਾਵੇਸ਼ੀ ਬਣਾਉਣ ਲਈ ਇਕ ਉਪਯੋਗੀ ਸਾਧਨ ਹਨ ਕਿਉਂਕਿ ਦੂਰ-ਦੁਰਾਡੇ ਦੇ ਖੇਤਰਾਂ ਦੇ ਮਰੀਜ਼ ਟੈਲੀ-ਮੈਡੀਸਨ ਰਾਹੀਂ ਮਿਆਰੀ ਸਿਹਤ ਦੇਖਭਾਲ ਪ੍ਰਾਪਤ ਕਰ ਸਕਦੇ ਹਨ। ਉਸਨੇ ਕਿਹਾ, ‘‘ਆਉ ਅਸੀਂ ਤਕਨਾਲੋਜੀ ਤਕ ਬਰਾਬਰ ਪਹੁੰਚ ਦੀ ਸਹੂਲਤ ਦੇਈਏ। ਇਹ ਪਹਿਲਕਦਮੀ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਹੈਲਥਕੇਅਰ ਡਿਲੀਵਰੀ ’ਚ ਪਾੜੇ ਨੂੰ ਘਟਾਉਣ ਦੀ ਆਗਿਆ ਦੇਵੇਗੀ। ਇਹ ਸਾਨੂੰ ਯੂਨੀਵਰਸਲ ਹੈਲਥ ਕਵਰੇਜ (UHC) ਨੂੰ ਪ੍ਰਾਪਤ ਕਰਨ ਦੇ ਸਾਡੇ ਟੀਚੇ ਦੇ ਇਕ ਕਦਮ ਦੇ ਨੇੜੇ ਲੈ ਜਾਵੇਗਾ।’’ ਉਨ੍ਹਾਂ ਨੇ ਜੀ-20 ਮੈਂਬਰਾਂ ਨੂੰ ਕਿਹਾ ਕਿ ਭਾਰਤ ਲੋਕਾਂ ਦੀ ਭਾਗੀਦਾਰੀ ਨਾਲ ਵਿਸ਼ਵਵਿਆਪੀ ਸਮਾਂ ਸੀਮਾ ਤੋਂ ਪਹਿਲਾਂ ਹੀ ਤਪਦਿਕ (ਟੀ.ਬੀ.) ਨੂੰ ਖ਼ਤਮ ਕਰ ਦੇਵੇਗਾ। ਸਿਹਤ ਪਹਿਲਕਦਮੀਆਂ ਦੀ ਸਫਲਤਾ ਵਿਚ ਇਕ ਮੁੱਖ ਕਾਰਕ ਵਜੋਂ ਜਨਤਕ ਭਾਗੀਦਾਰੀ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੀ ਕੋੜ੍ਹ ਦੇ ਖਾਤਮੇ ਦੀ ਮੁਹਿੰਮ ਦੀ ਸਫਲਤਾ ਦਾ ਇਕ ਮੁੱਖ ਕਾਰਨ ਸੀ। ਉਨ੍ਹਾਂ ਕਿਹਾ ਕਿ ਟੀ.ਬੀ. ਦੇ ਖਾਤਮੇ ਬਾਰੇ ਦੇਸ਼ ਦਾ ਅਭਿਲਾਸ਼ੀ ਪ੍ਰੋਗਰਾਮ ਵੀ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ। ਮੋਦੀ ਨੇ ਕਿਹਾ, ‘‘ਅਸੀਂ ਦੇਸ਼ ਦੇ ਲੋਕਾਂ ਨੂੰ ਟੀ.ਬੀ. ਦੇ ਖਾਤਮੇ ਲਈ ਨਿਕਸ਼ਯ ਮਿੱਤਰ ਬਣਨ ਦਾ ਸੱਦਾ ਦਿਤਾ ਹੈ। ਇਸ ਤਹਿਤ ਕਰੀਬ 10 ਲੱਖ ਮਰੀਜ਼ਾਂ ਨੂੰ ਨਾਗਰਿਕਾਂ ਨੇ ਗੋਦ ਲਿਆ ਹੈ। ਅਸੀਂ ਹੁਣ 2030 ਦੇ ਗਲੋਬਲ ਟੀਚੇ ਤੋਂ ਕਾਫੀ ਅੱਗੇ, ਟੀਬੀ ਨੂੰ ਖਤਮ ਕਰਨ ਦੇ ਰਾਹ ’ਤੇ ਹਾਂ।’’ ਕੋਵਿਡ-19 ਮਹਾਂਮਾਰੀ ਦੌਰਾਨ ਲਚਕੀਲੇਪਨ ਨੂੰ ਸਭ ਤੋਂ ਵੱਡੇ ਸਬਕ ਵਜੋਂ ਸਿੱਖਣ ਦਾ ਵਰਣਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਸਿਹਤ ਪ੍ਰਣਾਲੀਆਂ ਨੂੰ ਲਚਕੀਲਾ ਹੋਣਾ ਚਾਹੀਦਾ ਹੈ।