ਅੰਗੁਲ, 24 ਨਵੰਬਰ : ਉਡੀਸ਼ਾ ਦੇ ਗੰਜਮ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਦੋ ਸਾਲ ਦੀ ਬੇਟੀ ਨੂੰ ਮਾਰਨ ਲਈ ਸਪੇਰੇ ਨੂੰ ਸੱਪ ਨੂੰ ਸੁਪਾਰੀ ਦਿੱਤੀ। ਉਸ ਨੂੰ ਪੁਲਿਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਮੁਤਾਬਕ ਇਹ ਘਟਨਾ ਡੇਢ ਮਹੀਨਾ ਪਹਿਲਾਂ ਬਰਹਮਪੁਰ ਤੋਂ ਕਰੀਬ 60 ਕਿਲੋਮੀਟਰ ਦੂਰ ਕਬੀਰ ਸੂਰਿਆ ਨਗਰ ਥਾਣਾ ਖੇਤਰ ਦੇ ਅਧੇਗਾਓਂ 'ਚ ਵਾਪਰੀ ਸੀ। ਮੁਲਜ਼ਮ ਦੀ ਪਛਾਣ 25 ਸਾਲਾ ਗਣੇਸ਼ ਪਾਤਰ ਵਜੋਂ ਹੋਈ ਹੈ। ਉਸ ਦਾ ਆਪਣੀ ਪਤਨੀ ਬਸੰਤੀ ਪਾਤਰਾ (23) ਨਾਲ ਤਕਰਾਰ ਚੱਲ ਰਿਹਾ ਸੀ। ਦੋਵਾਂ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਉਨ੍ਹਾਂ ਦੀ ਦੇਬਾਸਮਿਤਾ ਨਾਮ ਦੀ ਦੋ ਸਾਲ ਦੀ ਬੇਟੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਧਾਰਮਿਕ ਰਸਮ ਕਰਨ ਦੇ ਬਹਾਨੇ ਸਪੇਰੇ ਨੂੰ ਝੂਠ ਬੋਲ ਕੇ ਸੱਪ ਖਰੀਦਿਆ ਸੀ ਅਤੇ 6 ਅਕਤੂਬਰ ਨੂੰ ਉਹ ਸੱਪ ਨੂੰ ਪਲਾਸਟਿਕ ਦੇ ਡੱਬੇ ਵਿਚ ਲੈ ਕੇ ਆਇਆ ਅਤੇ ਸੱਪ ਨੂੰ ਕਮਰੇ ਵਿਚ ਛੱਡ ਗਿਆ, ਜਿੱਥੇ ਉਸ ਦੀ ਪਤਨੀ ਤੇ ਧੀ ਸੌਂ ਰਹੀ ਸੀ। ਅਗਲੀ ਸਵੇਰ ਦੋਵੇਂ ਸੱਪ ਦੇ ਡੰਗਣ ਕਾਰਨ ਮਰੇ ਹੋਏ ਪਾਏ ਗਏ, ਜਦੋਂ ਕਿ ਦੋਸ਼ੀ ਦੂਜੇ ਕਮਰੇ ਵਿਚ ਸੌਂ ਰਿਹਾ ਸੀ। ਗੰਜਮ ਦੇ ਐਸ.ਪੀ ਜਗਮੋਹਨ ਮੀਨਾ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਤਾਂ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਸੀ ਪਰ ਉਸਦੇ ਸਹੁਰੇ ਵੱਲੋਂ ਕਤਲ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਨ ਤੋਂ ਬਾਅਦ ਦੋਸ਼ੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਫਿਰ ਘਟਨਾ ਦੇ ਇੱਕ ਮਹੀਨੇ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਕਿਉਂਕਿ ਉਸਦੇ ਖ਼ਿਲਾਫ਼ ਸਬੂਤ ਇਕੱਠੇ ਕਰਨ ਵਿੱਚ ਕੁਝ ਦੇਰੀ ਹੋਈ ਸੀ। ਪੁੱਛਗਿੱਛ ਦੌਰਾਨ ਉਸ ਨੇ ਪਹਿਲਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਬਾਅਦ ਵਿੱਚ ਕਿਹਾ ਕਿ ਸੱਪ ਆਪਣੇ ਆਪ ਕਮਰੇ ਵਿੱਚ ਦਾਖ਼ਲ ਹੋ ਸਕਦਾ ਹੈ ਪਰ ਆਖਰਕਾਰ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਐਸਪੀ ਨੇ ਦੱਸਿਆ ਕਿ ਇਸ ਕਤਲ ਕੇਸ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।