ਰੇਵਾੜੀ, 16 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਲੋਕ ਜੋ ਭਗਵਾਨ ਰਾਮ ਨੂੰ ਕਾਲਪਨਿਕ ਸਮਝਦੇ ਸਨ ਅਤੇ ਕਦੇ ਨਹੀਂ ਚਾਹੁੰਦੇ ਸਨ ਕਿ ਰਾਮ ਮੰਦਰ ਬਣੇ, ਉਨ੍ਹਾਂ ਨੇ ਵੀ ਜੈ ਸੀਆ ਰਾਮ ਦਾ ਨਾਅਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪੀਐਮ ਮੋਦੀ ਦੀ ਇਹ ਟਿੱਪਣੀ ਹਰਿਆਣਾ ਦੇ ਰੇਵਾੜੀ ਵਿੱਚ ਇੱਕ ਜਨਤਕ ਸਮਾਗਮ ਵਿੱਚ ਆਪਣੇ ਸੰਬੋਧਨ ਦੌਰਾਨ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਇੱਛਾ ਸੀ ਕਿ ਅਯੁੱਧਿਆ 'ਚ ਵਿਸ਼ਾਲ ਰਾਮ ਮੰਦਰ ਬਣੇ, ਅੱਜ ਪੂਰਾ ਦੇਸ਼ ਰਾਮ ਲੱਲਾ ਨੂੰ ਵਿਸ਼ਾਲ ਰਾਮ ਮੰਦਰ 'ਚ ਬੈਠੇ ਦੇਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ 22 ਜਨਵਰੀ ਨੂੰ ਅਯੁੱਧਿਆ ਰਾਮ ਮੰਦਰ ਦਾ ਉਦਘਾਟਨ ਕੀਤਾ ਸੀ। ਆਪਣੇ ਸੰਬੋਧਨ ਦੌਰਾਨ, ਪੀਐਮ ਮੋਦੀ ਨੇ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਲਈ ਆਪਣੇ ਤੀਜੇ ਕਾਰਜਕਾਲ ਲਈ ਜਨਤਾ ਦੇ ਆਸ਼ੀਰਵਾਦ ਦੀ ਮੰਗ ਕਰਦੇ ਹੋਏ "400 ਪਿੱਚ" ਨੂੰ ਵੀ ਦੁਹਰਾਇਆ। ਉਨ੍ਹਾਂ ਕਿਹਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਮੇਰੇ ਵਿਰੁਧ ਸਾਰੇ ਮੋਰਚੇ ਖੋਲ੍ਹ ਦਿਤੇ ਹਨ ਪਰ ਮੇਰੇ ਕੋਲ ਦੇਸ਼ ਦੇ ਲੋਕਾਂ ਦੀ ‘ਸੁਰੱਖਿਆ ਢਾਲ’ ਹੈ ਜੋ ਹਰ ਵਾਰ ਮੇਰੀ ਰੱਖਿਆ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਅੱਜ ਵਿਸ਼ਵ ’ਚ ਨਵੀਆਂ ਉਚਾਈਆਂ ਨੂੰ ਛੂਹਿਆ ਹੈ ਅਤੇ ਇਹ ਲੋਕਾਂ ਦੇ ਆਸ਼ੀਰਵਾਦ ਸਦਕਾ ਸੰਭਵ ਹੋਇਆ ਹੈ। ਇਸ ਹਫਤੇ ਸੰਯੁਕਤ ਅਰਬ ਅਮੀਰਾਤ ਅਤੇ ਕਤਰ ਦੀ ਅਪਣੀ ਯਾਤਰਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ਦੁਨੀਆਂ ਦੇ ਹਰ ਕੋਨੇ ਤੋਂ ਜੋ ਸਨਮਾਨ ਮਿਲ ਰਿਹਾ ਹੈ, ਉਹ ਸਿਰਫ ਮੋਦੀ ਦਾ ਹੀ ਨਹੀਂ ਬਲਕਿ ਹਰ ਭਾਰਤੀ ਦਾ ਹੈ। ਦੁਨੀਆਂ ’ਚ ਭਾਰਤ ਦੇ ਵਧਦੇ ਕੱਦ, ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ, ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ ਸਾਬਕਾ ਫ਼ੌਜੀਆਂ ਨੂੰ ‘ਵਨ ਰੈਂਕ, ਵਨ ਪੈਨਸ਼ਨ’ ਦੇਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਨੂੰ ਦਿਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅਪਣੇ ਤੀਜੇ ਕਾਰਜਕਾਲ ’ਚ ਭਾਰਤ ਨੂੰ ਦੁਨੀਆਂ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ’ਚ ਸ਼ਾਮਲ ਕਰਨ ਦੀ ‘ਗਾਰੰਟੀ’ ਨੂੰ ਪੂਰਾ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਤਕ ਕਾਂਗਰਸ ਨੇ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ’ਚ ਰੁਕਾਵਟਾਂ ਪੈਦਾ ਕੀਤੀਆਂ ਪਰ ਭਾਜਪਾ ਨੇ ਇਸ ਨੂੰ ਹਟਾਉਣ ਦੀ ਗਰੰਟੀ ਦਿਤੀ । ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਧਾਰਾ 370 ਨੂੰ ਖਤਮ ਕਰ ਕੇ ਉਸ ਗਰੰਟੀ ਨੂੰ ਪੂਰਾ ਕੀਤਾ। ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ‘ਇਕ ਪਰਵਾਰ’ ਦੇ ਮੋਹ ’ਚ ਅਪਣੇ ਇਤਿਹਾਸ ਦੇ ਸੱਭ ਤੋਂ ਦੁਖਦਾਈ ਦੌਰ ’ਚੋਂ ਲੰਘ ਰਹੀ ਹੈ ਅਤੇ ਅੱਜ ਇਸ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਇਸ ਕੋਲ ਵਰਕਰ ਵੀ ਨਹੀਂ ਬਚੇ ਹਨ। ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਵਲੋਂ ਕੀਤੇ ਗਏ ਵਾਅਦਿਆਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਅੱਜ ਦੋਹਾਂ ਸੂਬਿਆਂ ’ਚ ਉਨ੍ਹਾਂ ਦੀ ਸਰਕਾਰ ਹੈ ਪਰ ਉਹ ਵਾਅਦੇ ਪੂਰੇ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਕਿਹਾ, ‘‘ਅੱਜ ਹਿਮਾਚਲ ਦੇ ਲੋਕਾਂ ਨੂੰ ਤਨਖਾਹ ਅਤੇ ਪੈਨਸ਼ਨ ਦੇਣ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਸਰਕਾਰ ਕਰਨਾਟਕ ’ਚ ਵਿਕਾਸ ਯੋਜਨਾਵਾਂ ’ਤੇ ਕੰਮ ਨਹੀਂ ਕਰ ਪਾ ਰਹੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਪਾਸੇ ਕਾਂਗਰਸ ਦਾ ਕੁਸ਼ਾਸਨ ਹੈ ਅਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਰਕਾਰਾਂ ਦਾ ਚੰਗਾ ਸ਼ਾਸਨ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਪਿਛਲੇ 10 ਸਾਲਾਂ ਤੋਂ ‘ਡਬਲ ਇੰਜਣ’ ਵਾਲੀ ਸਰਕਾਰ ਹੈ ਅਤੇ ਅੱਜ ਇਹ (ਰਾਜ) ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਗਰੀਬਾਂ ਦੀ ਭਲਾਈ ਲਈ ਬਹੁਤ ਸਾਰੀਆਂ ਯੋਜਨਾਵਾਂ ਨੂੰ 100 ਫ਼ੀ ਸਦੀ ਲਾਗੂ ਕਰਨ ’ਚ ਸੂਬਿਆਂ ’ਚ ਸਿਖਰ ’ਤੇ ਹੈ। ਪ੍ਰਧਾਨ ਮੰਤਰੀ ਨੇ ਰੇਵਾੜੀ ’ਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦਾ ਨੀਂਹ ਪੱਥਰ ਰੱਖਿਆ ਅਤੇ 9,750 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰਾਜੈਕਟ ਸ਼ਹਿਰੀ ਆਵਾਜਾਈ, ਸਿਹਤ, ਰੇਲ ਅਤੇ ਸੈਰ-ਸਪਾਟਾ ਖੇਤਰਾਂ ’ਚ ਹਨ। ਇਸ ਮੌਕੇ ਉਨ੍ਹਾਂ ਕਿਹਾ, ‘‘‘ਵਿਕਸਤ ਭਾਰਤ’ ਲਈ ਹਰਿਆਣਾ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਨੂੰ ਧਿਆਨ ’ਚ ਰੱਖਦਿਆਂ ਅੱਜ ਰੇਵਾੜੀ ’ਚ ਸੂਬੇ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਨੀਂਹ ਪੱਥਰ ਰੱਖੇ ਗਏ ਹਨ।’’