ਭੋਪਾਲ, 6 ਨਵੰਬਰ : ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਜੇ ਦਿਨ ਦੋ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਗ਼ਰੀਬਾਂ ਨੂੰ ਹਰ ਹਾਲਤ ਵਿੱਚ ਰਾਸ਼ਨ, ਰਿਹਾਇਸ਼ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਦੇਣ ਦਾ ਆਪਣਾ ਸੰਕਲਪ ਦੁਹਰਾਇਆ। ਖੰਡਵਾ ਜ਼ਿਲ੍ਹੇ ਦੇ ਛੈਗਾਓਂਮਖਾਨ 'ਚ ਉਨ੍ਹਾਂ ਕਿਹਾ ਕਿ ਮੇਰੇ ਲਈ ਗ਼ਰੀਬ ਇਸ ਦੇਸ਼ ਦੀ ਸਭ ਤੋਂ ਵੱਡੀ ਜਾਤ ਹੈ ਅਤੇ ਗਰੀਬਾਂ ਦੀ ਭਲਾਈ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਭਾਜਪਾ ਸਰਕਾਰ ਦੇ ਯਤਨਾਂ ਸਦਕਾ ਪੰਜ ਸਾਲਾਂ ਵਿਚ 13 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਜਦੋਂ 13 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆ ਸਕਦੇ ਹਨ ਤਾਂ ਪੂਰੇ ਦੇਸ਼ ਦੇ ਗਰੀਬ ਲੋਕ ਇਸ ਤੋਂ ਬਾਹਰ ਆ ਸਕਦੇ ਹਨ। ਅਸੀਂ ਉਸ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ। ਸਿਓਨੀ ਮੀਟਿੰਗ ਵਿਚ ਕਿਹਾ ਕਿ ਸਾਡੀ ਸਰਕਾਰ ਲੋਕਾਂ ਦਾ ਪੈਸਾ ਬਚਾਉਣ ਦਾ ਕੰਮ ਕਰ ਰਹੀ ਹੈ। ਭਾਜਪਾ ਸਰਕਾਰ ਦੀਆਂ ਚੰਗੀਆਂ ਨੀਤੀਆਂ ਕਾਰਨ ਮੋਬਾਈਲ ਫੋਨ ਅਤੇ ਡਾਟਾ ਸਸਤਾ ਹੋ ਗਿਆ ਹੈ। ਜਨ ਔਸ਼ਧੀ ਕੇਂਦਰਾਂ ਤੋਂ ਦਵਾਈਆਂ 80 ਫੀਸਦੀ ਛੋਟ 'ਤੇ ਉਪਲੱਬਧ ਹਨ। ਇਸ ਕਾਰਨ ਲੋਕਾਂ ਦੇ ਕਰੀਬ 25 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ। ਕਿਸਾਨਾਂ ਨੂੰ ਯੂਰੀਆ ਦੀਆਂ ਬੋਰੀਆਂ 300 ਰੁਪਏ ਤੋਂ ਘੱਟ ਵਿੱਚ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੇ ਰਾਜਕੁਮਾਰ ਰਾਮ ਨੂੰ ਪਰਮਾਤਮਾ ਰਾਮ ਬਣਾ ਦਿੱਤਾ। ਕਰੀਬ ਛੇ ਦਹਾਕਿਆਂ ਤੱਕ ਦਿੱਲੀ 'ਤੇ ਰਾਜ ਕਰਨ ਦੇ ਬਾਵਜੂਦ ਕਾਂਗਰਸ ਨੇ ਆਦਿਵਾਸੀ ਸ਼ਬਦ ਨਹੀਂ ਸੁਣਿਆ ਸੀ। ਜਦੋਂ ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਬਣੀ ਤਾਂ ਇੱਕ ਵੱਖਰਾ ਮੰਤਰਾਲਾ ਬਣਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਛੱਤੀਸਗੜ੍ਹ ਦੇ ਡੋਂਗਰਗੜ੍ਹ 'ਚ ਮਾਂ ਬਮਲੇਸ਼ਵਰੀ ਮੰਦਰ 'ਚ ਪਹੁੰਚ ਕੇ ਪੂਜਾ ਅਰਚਨਾ ਕੀਤੀ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਸੁਖ-ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਪੀਐਮ ਮੋਦੀ ਜੈਨ ਤੀਰਥ ਸਥਾਨ ਚੰਦਰਗਿਰੀ ਪਹੁੰਚੇ। ਉੱਥੇ ਉਨ੍ਹਾਂ ਨੇ ਜੈਨ ਆਚਾਰੀਆ ਵਿਦਿਆਸਾਗਰ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਆਸ਼ੀਰਵਾਦ ਲਿਆ। ਇਸ ਦੌਰਾਨ ਮੋਦੀ ਨੇ ਸੰਤ ਵਿਦਿਆਸਾਗਰ ਮਹਾਰਾਜ ਨਾਲ ਕਰੀਬ 20 ਮਿੰਟ ਤੱਕ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਵੀ ਕੀਤੀ। ਇਸ ਦੌਰਾਨ ਰਾਜਨੰਦਗਾਓਂ ਦੇ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਡਾਕਟਰ ਰਮਨ ਸਿੰਘ ਵੀ ਉਨ੍ਹਾਂ ਦੇ ਨਾਲ ਸਨ।