ਨਵੀਂ ਦਿੱਲੀ, 19 ਦਸੰਬਰ : ਵਿਰੋਧੀ ਗਠਜੋੜ ‘ਇੰਡੀਆ’ ਦੀ ਬੈਠਕ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐੱਮ ਚਿਹਰੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਦੇ ਨਾਂ ਦਾ ਪ੍ਰਸਤਾਵ ਰੱਖਿਆ। ਇਸ ਪ੍ਰਸਤਾਵ ਦਾ ਸਮਰਥਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਤ੍ਰਿਣਮੂਲ ਕਾਂਗਰਸ ਦੀ ਚੀਫ ਮਮਤਾ ਬੈਨਰਜੀ ਦੇ ਪ੍ਰਸਤਾਵ ‘ਤੇ ਖੜਗੇ ਨੇ ਕਿਹਾ ਕਿ ਸਾਨੂੰ ਚੋਣਾਂ ਜਿੱਤਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ ਪੀਐੱਮ ਫੇਸ ਦੇ ਸਵਾਲ ‘ਤੇ ਯੂਪੀ ਦੇ ਸਾਬਕਾ ਸੀਐੱਮ ਅਖਿਲੇਸ਼ ਯਾਦਵ ਨੇ ਚੁੱਪੀ ਸਾਧ ਲਈ। ਬੈਠਕ ਵਿਚ ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਾਰਟੀ ਪ੍ਰਧਾਨ ਮੱਲਿਕਾਰੁਜਨ ਖੜਗੇ, ਸਪਾ ਨੇਤਾ ਅਖਿਲੇਸ਼ ਯਾਦਵ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼, ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਤੇ ਆਰਐੱਲਡੀ ਤੋਂ ਜਯੰਤੀ ਚੌਧਰੀ ਵੀ ਮੌਜੂਦ ਰਹੇ। ਬੈਠਕ ਵਿਚ ਇਨ੍ਹਾਂ 5 ਮੁੱਦਿਆਂ ‘ਤੇ ਚਰਚਾ ਹੋਈ-ਬੈਠਕ ਵਿਚ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟ ਸ਼ੇਅਰਿੰਗ ਦਾ ਮੁੱਦਾ ਚਰਚਾ ਦਾ ਕੇਂਦਰ ਰਿਹਾ। ਭਾਜਪਾ ਖਿਲਾਫ 400 ਸੀਟਾਂ ‘ਤੇ ਕਾਮਨ ਉਮੀਦਵਾਰ ਉਤਾਰਨ ਦੇ ਟਾਰਗੈੱਟ ‘ਤੇ ਗੱਲ ਹੋਈ। ਦੂਜੇ ਪਾਸੇ ਕਾਂਗਰਸ ਦੀ ਕੋਸ਼ਿਸ਼ ਹੈ ਕਿ ਉਹ 275 ਤੋਂ 300 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ। ਪਾਰਟੀ ਹੋਰਨਾਂ ਨੂੰ ਸਿਰਫ 200-250 ਸੀਟਾਂ ਦੇਣ ਦੇ ਪੱਖ ਵਿਚ ਹੈ। ਮੀਟਿੰਗ ਵਿਚ ਗਠਜੋੜ ਦੇ ਕੋਆਰਡੀਨੇਟਰ ਦੇ ਨਾਂ ‘ਤੇ ਚਰਚਾ ਹੋਈ। ਇਸ ਲਈ ਊਧਵ ਠਾਕਰੇ, ਮਮਤਾ ਬੈਨਰਜੀ, ਨਿਤੀਸ਼ ਕੁਮਾਰ ਦੇ ਨਾਵਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਬੈਠਕ ਵਿਚ ਰਣਨੀਤੀ ਬਣਾਈ ਗਈ ਕਿ ਭਾਜਪਾ ਦੇ ਸਨਾਤਨ ਤੇ ਭਗਵਾ ਵਰਗੇ ਮੁੱਦੇ ਦੇ ਜਵਾਬ ਵਿਚ ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਜਨਤਾ ਦੇ ਵਿਚ ਜਾਣ। ਮੋਦੀ ਤੇ ਭਾਜਪਾ ਵਿਰੋਧ ਤੋਂ ਹਟ ਕੇ ਇੰਡੀਆ ਕੋਲ ਦੇਸ਼ ਲਈ ਕੀ ਪਲਾਨ ਹੈ, ਇਸ ‘ਤੇ ਗੱਲ ਹੋਈ। ਗਠਜੋੜ ਦੇ ਨੇਤਾਵਾਂ ਨੇ ਚਰਚਾ ਕੀਤੀ ਕਿ ਉਮੀਦਵਾਰ ਫਾਈਨਲ ਹੋਣ ਦੇ ਬਾਅਦ ਲੋਕ ਸਭਾ ਚੋਣਾਂ ਲਈ ਟੋਨ ਕਿਵੇਂ ਸੈੱਟ ਕੀਤਾ ਜਾਵੇ। ਕਿਥੇ ਕਿੰਨੀਆਂ ਰੈਲੀਆਂ ਹੋਣਗੀਆਂ ਤੇ ਸਟਾਰ ਕੈਂਪੇਨਰ ਕੌਣ ਹੋਣਗੇ। ਚੋਣ ਮੁਹਿੰਮ ਦੀ ਬ੍ਰਾਂਡਿੰਗ ਕਿਵੇਂ ਹੋਵੇਗੀ, ਇਸ ਲਈ ਕਿਹੜੀਆਂ ਏਜੰਸੀਆਂ ਦੀ ਮਦਦ ਲਈ ਜਾ ਸਕਦੀ ਹੈ। ਬੈਠਕ ਵਿਚ ਲੋਕ ਸਭਾ ਤੇ ਰਾਜ ਸਭਾ ਤੋਂ 141 ਸਾਂਸਦਾਂ ਦੇ ਮੁਅੱਤਲੀ ‘ਤੇ ਚਰਚਾ ਹੋਈ। ਵਿਰੋਧੀ ਪਾਰਟੀਆਂ ਨੇ ਸਾਂਸਦਾਂ ਦੀ ਮੁਅੱਤਲੀ ਦੀ ਨਿੰਦਾ ਕੀਤੀ।